ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੇ ਵਿਦਿਆਰਥੀਆਂ ਨੇ ਇੰਟਰ-ਅਕੈਡਮੀ ਖੇਡ ਟੂਰਨਾਮੈਂਟ ਵਿੱਚ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ
ਹਰਜਿੰਦਰ ਸਿੰਘ ਭੱਟੀ
ਭਾਈ ਦੇਸਾ, 30 ਅਪ੍ਰੈਲ 2025: ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀਆਂ ਅਕਾਲ ਅਕੈਡਮੀਆਂ ਵੱਲੋਂ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਇੰਟਰ-ਅਕੈਡਮੀ ਖੇਡ ਟੂਰਨਾਮੈਂਟ ਅਕਾਲ ਅਕੈਡਮੀ ਭਾਈ ਦੇਸਾ ਵਿਖੇ ਆਯੋਜਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਅਕਾਲ ਅਕੈਡਮੀ ਭਾਈ ਦੇਸਾ, ਬੇਨੜਾ, ਫਫੜੇ ਭਾਈਕੇ, ਚੀਮਾ (ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ) ਅਤੇ ਉੱਡਤ ਸੈਦੇਵਾਲਾ ਦੇ ਲੜਕੇ ਅਤੇ ਲੜਕੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ|ਮੁਕਾਬਲਿਆਂ ਵਿੱਚ ਹਾਕੀ, ਫੁੱਟਬਾਲ ਅਤੇ ਬਾਸਕਟਬਾਲ ਵਰਗੀਆਂ ਖੇਡਾਂ ਸ਼ਾਮਿਲ ਸਨ। ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੇ ਵਿਦਿਆਰਥੀਆਂ ਨੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਲੜਕੀਆਂ ਦੀਆਂ ਖੇਡਾਂ ਵਿੱਚ ਹਾਕੀ ਟੀਮ ਦੇ ਕਪਤਾਨ ਹਰਨੂਰਜੋਤ ਕੌਰ ਗਿੱਲ ਦੀ ਅਗਵਾਈ ਹੇਠ, ਪਹਿਲਾ ਸਥਾਨ ਹਾਸਿਲ ਕੀਤਾ।
ਫੁੱਟਬਾਲ ਟੀਮ ਦੇ ਕਪਤਾਨ ਸੁਖਮਨਜੋਤ ਕੌਰ ਦੀ ਅਗਵਾਈ ਹੇਠ, ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਟੀਮ ਦੇ ਕਪਤਾਨ ਮਨਦੀਪ ਕੌਰ ਦੀ ਅਗਵਾਈ ਹੇਠ, ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀਆਂ ਖੇਡਾਂ ਵਿੱਚ ਫੁੱਟਬਾਲ ਟੀਮ ਨੇ ਪਹਿਲਾ ਸਥਾਨ ਤੇ ਹਾਕੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਟੂਰਨਾਮੈਂਟ ਦੌਰਾਨ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੇ ਵਿਦਿਆਰਥੀ ਅਰਸ਼ਦੀਪ ਸਿੰਘ (ਕਲਾਸ 12ਵੀ) ਨੂੰ “ਬੈਸਟ ਪਲੇਅਰ ਆਫ ਟੂਰਨਾਮੈਂਟ” ਘੋਸ਼ਿਤ ਕੀਤਾ ਗਿਆ, ਜਿਸ ਨੇ ਆਪਣੀ ਖੇਡ ਕਲਾਵਤਾਵਾਂ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ। ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ, ਟੀਮਾਂ ਅਤੇ ਕੋਚ ਸ. ਬਲਵਿੰਦਰ ਸਿੰਘ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਖੇਡਾਂ ਰਾਹੀਂ ਆਪਣੇ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਿਤ ਕੀਤਾ। ਇਹ ਟੂਰਨਾਮੈਂਟ ਨਾ ਸਿਰਫ ਖੇਡਾਂ ਦੀ ਮੁਕਾਬਲੇਬਾਜੀ ਸੀ, ਸਗੋਂ ਇਹ ਵਿਦਿਆਰਥੀਆਂ ਵਿੱਚ ਸਹਿਯੋਗ, ਆਤਮ ਵਿਸ਼ਵਾਸ ਦੇ ਗੁਣ ਵਿਕਸਤ ਕਰਨ ਵਾਲਾ ਉੱਤਮ ਮੰਚ ਸੀ।