ਚੰਡੀਗੜ੍ਹ ਯੂਨੀਵਰਸਿਟੀ ’ਚ ਐੱਫਏਪੀ ਨੈਸ਼ਨਲ ਅਵਾਰਡ-2024 ਦੇ ਚੌਥੇ ਐਡੀਸ਼ਨ ਦਾ ਪਹਿਲਾ ਦਿਨ, ਦਿੱਤੇ ਗਏ 337 ਅਵਾਰਡ
ਹਰਜਿੰਦਰ ਸਿੰਘ ਭੱਟੀ
- ਅਕਾਦਮਿਕ, ਖੇਡਾਂ ਅਤੇ ਸੱਭਿਆਚਾਰ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ, ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਦਿੱਤਾ ਗਿਆ ਐੱਫਏਪੀ ਨੈਸ਼ਨਲ ਅਵਾਰਡ-2024
- ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਐੱਫਏਪੀ ਨੈਸ਼ਨਲ ਅਵਾਰਡ-2024 ਰਾਹੀਂ ਭਾਰਤ ਦੀ ਸਿੱਖਿਆ ਪ੍ਰਣਾਲੀ 'ਚ ਨਿੱਜੀ ਖੇਤਰ ਦੀ ਮੁੱਖ ਭੂਮਿਕਾ ਕੀਤੀ ਉਜਾਗਰ
ਮੋਹਾਲੀ/ਚੰਡੀਗੜ੍ਹ, 16 ਨਵੰਬਰ 2024 - ਚੰਡੀਗੜ੍ਹ ਯੂਨੀਵਰਸਿਟੀ 'ਚ ਆਯੋਜਿਤ ਐੱਫਏਪੀ ਨੈਸ਼ਨਲ ਅਵਾਰਡ-2024 ਦੇ ਚੌਥੇ ਐਡੀਸ਼ਨ ਦੇ ਪਹਿਲੇ ਦਿਨ ਮੌਕੇ ਦੇਸ਼ ਭਰ ’ਚ ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਨਿੱਜੀ ਸਕੂਲਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਪਹਿਲੇ ਦਿਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਐੱਫਏਪੀ) ਵੱਲੋਂ ਅਧਿਆਪਕਾਂ ਨੂੰ ਸਨਮਾਨਿਤ ਕਰਦਿਆਂ ਖੇਡਾਂ ’ਚ ਪ੍ਰਾਪਤੀ, ਅਕਾਦਮਿਕ ਉੱਤਮਤਾ ਅਤੇ ਸਰਬੋਤਮ ਅਧਿਆਪਕ ਸ਼੍ਰੇਣੀ 'ਚ 337 ਅਵਾਰਡ ਦਿੱਤੇ ਗਏ।
ਸਮਾਗਮ ਦੇ ਪਹਿਲੇ ਦਿਨ ਦੀ ਅਗੁਆਈ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੱਲੋਂ ਕੀਤੀ ਗਈ ਅਤੇ ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਯੂਨੀਵਰਸਿਟੀ (ਸੀ.ਯੂ) ਦੇ ਵਾਈਸ ਚਾਂਸਲਰ ਡਾ. ਮਨਪ੍ਰੀਤ ਸਿੰਘ ਮੰਨਾ ਅਤੇ ਐੱਫਏਪੀ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵੀ ਮੌਜੂਦ ਰਹੇ ਅਤੇ ਇਸ ਸਮਾਗਮ 'ਚ ਵਿਸ਼ੇਸ਼ ਮਹਿਮਾਨ ਵੱਜੋਂ ਪੰਜਾਬੀ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ ਸ਼ਾਮਲ ਹੋਏ।
ਐਤਵਾਰ ਨੂੰ ਸਮਾਪਤ ਹੋਣ ਵਾਲੇ ਦੋ ਰੋਜ਼ਾ ਪੁਰਸਕਾਰ ਸਮਾਗਮ ’ਚ ਅਕਾਦਮਿਕ ਤੇ ਖੇਡਾਂ ’ਚ ਉੱਤਮਤਾ ਲਈ ਵੱਖ-ਵੱਖ ਸ਼੍ਰੇਣੀਆਂ 'ਚ ਕੁੱਲ 915 ਪੁਰਸਕਾਰ ਦਿੱਤੇ ਜਾਣਗੇ। ਐੱਫਏਪੀ ਪੁਰਸਕਾਰ ਅਕਾਦਮਿਕ, ਖੇਡਾਂ, ਸੱਭਿਆਚਾਰਕ ਅਤੇ ਸਮਾਜਿਕ ਖੇਤਰਾਂ ’ਚ ਪਾਏ ਸ਼ਾਨਦਾਰ ਯੋਗਦਾਨ ਲਈ ਚਾਰ ਸ਼੍ਰੇਣੀਆਂ 'ਚ ਦਿੱਤੇ ਜਾਣਗੇ। ਇਨ੍ਹਾਂ ਸ਼੍ਰੇਣੀਆਂ 'ਚ “ਦਿ ਬੈਸਟ ਸਕੂਲ, ਦਿ ਬੈਸਟ ਪ੍ਰਿੰਸੀਪਲ, ਦਿ ਬੈਸਟ ਟੀਚਰ ਅਤੇ ਦਿ ਬੈਸਟ ਸਕੂਲ ਕੋ-ਕੋਆਰਡੀਨੇਟਰ” ਸ਼ਾਮਲ ਹਨ।
ਪਹਿਲੇ ਦਿਨ “21 ਬੈਸਟ ਟੀਚਰ ਡਾਇਰੈਕਟ ਅਵਾਰਡ”, “208 ਸਕੂਲ ਵੱਲੋਂ ਨਾਮਜ਼ਦ ਬੈਸਟ ਟੀਚਰ”, “54 ਸਪੋਰਟਸ ਅਚੀਵਮੈਂਟ ਐਵਾਰਡ (ਕੋਚ)” ਅਤੇ “54 ਸਪੋਰਟਸ ਅਚੀਵਮੈਂਟ ਐਵਾਰਡ (ਸਕੂਲ)” ਅਵਾਰਡ ਦਿੱਤੇ ਗਏ।
ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦੇਸ਼ ਦੇ ਭਵਿੱਖ ਨੂੰ ਸੰਵਾਰਨ 'ਚ ਅਧਿਆਪਕਾਂ ਦੀ ਅਹਿਮ ਭੂਮਿਕਾ ’ਤੇ ਗੱਲ ਕਰਦਿਆਂ ਗਿਆ, "ਇਸ ਸਮੇਂ ਭਾਰਤ ਦੇ ਕੁੱਲ 14.89 ਲੱਖ ਸਕੂਲਾਂ 'ਚੋਂ ਲਗਭਗ 3.35 ਲੱਖ ਪ੍ਰਾਈਵੇਟ ਸਕੂਲ ਹਨ। ਇਹ ਕੁੱਲ ਸਕੂਲਾਂ ਦਾ 22 ਪ੍ਰਤੀਸ਼ਤ ਹੈ। ਭਾਰਤ ਦੇ ਸਕੂਲਾਂ 'ਚ ਕੁੱਲ 25.57 ਕਰੋੜ ਵਿਦਿਆਰਥੀ ਦਾਖਲੇ ਵਿਚੋਂ 8.24 ਕਰੋੜ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਹਨ, ਜੋ ਕੁੱਲ ਦਾਖਲਿਆਂ ਦਾ 32 ਫੀਸਦੀ ਹੈ। ਨਿੱਜੀ ਖੇਤਰ ਦੇ ਸਕੂਲ ਭਾਰਤ 'ਚ 37 ਪ੍ਰਤੀਸ਼ਤ ਅਧਿਆਪਨ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕਰ ਰਹੇ ਹਨ, ਜਿਸ 'ਚ 35.40 ਲੱਖ ਅਧਿਆਪਕ ਹਨ। ਪਰ ਇਸ ਦੇ ਬਾਵਜੂਦ, ਸਿੱਖਿਆ ਦੇ ਖੇਤਰ 'ਚ ਭਾਰਤ ਦੀ ਤਬਦੀਲੀ 'ਚ ਪ੍ਰਾਈਵੇਟ ਸਕੂਲਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰਨ 'ਚ ਨਿਭਾਈ ਗਈ ਉਨ੍ਹਾਂ ਦੀ ਅਹਿਮ ਭੂਮਿਕਾ ਲਈ ਬਣਦਾ ਸਤਿਕਾਰ ਨਹੀਂ ਦਿੱਤਾ ਗਿਆ। ਇੱਕ ਝੂਠਾ ਬਿਰਤਾਂਤ ਵੀ ਬਣਾਇਆ ਗਿਆ ਕਿ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਘੱਟ ਯੋਗਤਾ ਵਾਲੇ ਸਨ ਪਰ ਐੱਫਏਪੀ ਨੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਬਣਦੀ ਮਾਨਤਾ ਦੇ ਕੇ ਅਤੇ ਸਮਾਜ 'ਚ ਇਸ ਨੂੰ ਉਜਾਗਰ ਕਰਕੇ ਇਸ ਝੂਠੇ ਬਿਰਤਾਂਤ ਨੂੰ ਚੁਣੌਤੀ ਦਿੱਤੀ ਹੈ।"
ਉਨ੍ਹਾਂ ਅੱਗੇ ਕਿਹਾ, “ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ, ਮੈਂ ਕਹਿ ਸਕਦਾ ਹਾਂ ਕਿ ਸਮਾਜ 'ਚ ਜੋ ਵੀ ਬਦਲਾਅ ਆਇਆ ਹੈ ਉਹ ਅਧਿਆਪਕਾਂ ਦੀ ਬਦੌਲਤ ਆਇਆ ਹੈ ਅਤੇ ਹੁਣ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਵਿਕਸ਼ਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸੁਪਨਾ ਦੇਖ ਰਹੇ ਹਾਂ, ਜਿਸ 'ਚ ਅਧਿਆਪਕ ਮੁੱਖ ਭੂਮਿਕਾ ਨਿਭਾਉਣਗੇ।"
ਪਿਛਲੇ 10 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਆਈ 'ਚ ਭਾਰਤ ਦੀ ਸਿੱਖਿਆ ਪ੍ਰਣਾਲੀ 'ਚ ਆਈ ਤਬਦੀਲੀ ਬਾਰੇ ਸਤਨਾਮ ਸਿੰਘ ਸੰਧੂ ਨੇ ਕਿਹਾ, "2022 'ਚ 27,360 ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਕੀਤੀ ਗਈ ਪੀਐਮ ਸਕੂਲਜ਼ ਫਾਰ ਰਾਈਜ਼ਿੰਗ ਇੰਡੀਆ ਸਕੀਮ ਤਹਿਤ 14,500 ਤੋਂ ਵੱਧ ਸਕੂਲਾਂ ਨੂੰ ਮਜ਼ਬੂਤ ਕੀਤਾ ਗਿਆ ਤਾਂ ਜੋ ਭਾਰਤ ਦੇ ਵਿਦਿਆਰਥੀਆਂ 'ਚ ਬੋਧਾਤਮਕ ਵਿਕਾਸ ਅਤੇ 21ਵੀਂ ਸਦੀ ਦੇ ਹੁਨਰਾਂ ਲਈ ਇੱਕ ਵਧੀਆ ਤੇ ਸਵਾਗਤਯੋਗ ਸਿੱਖਣ ਦਾ ਮਾਹੌਲ ਮਿਲ ਸਕੇ।"
ਉਨ੍ਹਾਂ ਅੱਗੇ ਕਿਹਾ “ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤੀਆਂ ਪਹਿਲਕਦਮੀਆਂ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ ਕਿਉਂਕਿ ਭਾਰਤ 'ਚ ਸਕੂਲ ਛੱਡਣ ਦੀ ਦਰ 2014 'ਚ 20.2 ਪ੍ਰਤੀਸ਼ਤ ਤੋਂ ਘੱਟ ਕੇ ਹੁਣ 5.3 ਪ੍ਰਤੀਸ਼ਤ ਹੋ ਗਈ ਹੈ। ਭਾਰਤ 'ਚ ਔਰਤਾਂ ਦੀ ਸਾਖਰਤਾ ਦਰ 2014 'ਚ 62 ਫੀਸਦੀ ਤੋਂ ਵਧ ਕੇ ਹੁਣ 77 ਫੀਸਦੀ ਹੋ ਗਈ ਹੈ। 2014 'ਚ ਸਿੱਖਿਆ ਲਈ ਕੁੱਲ ਬਜਟ ਸਿਰਫ 79,451 ਕਰੋੜ ਰੁਪਏ ਸੀ ਪਰ 2024-25 ਵਿਚ ਮੋਦੀ ਸਰਕਾਰ ਨੇ ਸਿੱਖਿਆ ਲਈ 1.25 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ ਜੋ ਕਿ ਆਜ਼ਾਦ ਭਾਰਤ ਦੇ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਵੱਧ ਹੈ।"
ਪੰਜਾਬ 'ਚ ਪ੍ਰਦੂਸ਼ਣ ਅਤੇ ਨਸ਼ਿਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਅੰਤ 'ਚ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਪਵੇਗਾ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਪਵੇਗਾ।
ਐੱਫਏਪੀ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਇਸ ਸਾਲ ਐੱਫਏਪੀ ਅਵਾਰਡਾਂ ਲਈ 17 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। “ਵੱਖ-ਵੱਖ ਸ਼੍ਰੇਣੀਆਂ ਅਧੀਨ ਪ੍ਰਾਪਤ ਹੋਈਆਂ 1243 ਤੋਂ ਵੱਧ ਨਾਮਜ਼ਦਗੀਆਂ ਵਿਚੋਂ, 915 ਨੂੰ FAP ਨੈਸ਼ਨਲ ਅਵਾਰਡ 2024 ਲਈ ਤਜਰਬੇਕਾਰ ਅਕਾਦਮੀਸ਼ੀਅਨਾਂ ਦੁਆਰਾ ਮੁਲਾਂਕਣ ਦੇ ਆਧਾਰ 'ਤੇ ਚੁਣਿਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ, "ਅੱਜ, ਜਿਵੇਂ ਕਿ ਅਸੀਂ ਇਨ੍ਹਾਂ ਉੱਤਮ ਸਿੱਖਿਅਕਾਂ ਦਾ ਸਨਮਾਨ ਕਰਦੇ ਹਾਂ, ਅਸੀਂ ਦੇਸ਼ ਦੇ ਵਿਦਿਅਕ ਲੈਂਡਸਕੇਪ 'ਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਨੂੰ ਪਛਾਣਦੇ ਹਾਂ। ਇਹ ਪੁਰਸਕਾਰ ਪ੍ਰੇਰਨਾ ਦਾ ਸਰੋਤ ਹਨ, ਜੋ ਸਾਰੇ ਸਿੱਖਿਅਕਾਂ ਨੂੰ ਆਪਣੇ ਉੱਤਮ ਪੇਸ਼ੇ 'ਚ ਉੱਤਮਤਾ ਹਾਸਲ ਕਰਨ ਲਈ ਉਤਸ਼ਾਹਿਤ ਕਰਦੇ ਹਨ। ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਪ੍ਰਾਈਵੇਟ ਸਕੂਲਾਂ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ। ਇਸ ਲਈ ਹਰ ਸਾਲ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਖ-ਵੱਖ ਮਾਪਦੰਡਾਂ 'ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਇਨਾਮ ਦੇਣ ਲਈ ਐੱਫਏਪੀ ਨੈਸ਼ਨਲ ਅਵਾਰਡ ਨਾਲ ਆਉਂਦਾ ਹੈ। ਐੱਫਏਪੀ ਨੈਸ਼ਨਲ ਅਵਾਰਡਾਂ ਦਾ ਮੁੱਖ ਉਦੇਸ਼ ਪ੍ਰਾਈਵੇਟ ਸਕੂਲਾਂ ਵਿਚ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਦੁਆਰਾ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰੇ ਭਾਰਤ 'ਚ ਪ੍ਰਾਈਵੇਟ ਸਕੂਲਾਂ ਦੁਆਰਾ ਕੀਤੇ ਗਏ ਯਤਨਾਂ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ ਜਾ ਸਕੇ।"
ਐੱਫਏਪੀ ਨੈਸ਼ਨਲ ਅਵਾਰਡ 2024 ਪੁਰਸਕਾਰ ਸਮਾਗਮ ਦਾ ਇਹ ਚੌਥਾ ਐਡੀਸ਼ਨ ਐਤਵਾਰ ਨੂੰ ਪੰਜਾਬ ਦੇ ਰਾਜਪਾਲ, ਗੁਲਾਬ ਚੰਦ ਕਟਾਰੀਆ, ਮੁੱਖ ਮਹਿਮਾਨ ਦੀ ਪ੍ਰਧਾਨਗੀ ਹੇਠ ਸਮਾਪਤ ਹੋਵੇਗਾ। ਅਕਾਦਮਿਕ ਅਚੀਵਮੈਂਟ ਅਵਾਰਡ (ਸਕੂਲ ਅਤੇ ਪ੍ਰਿੰਸੀਪਲ), ਲਾਈਫ ਟਾਈਮ ਪ੍ਰਿੰਸੀਪਲ ਅਵਾਰਡ, 102 ਸੋਸ਼ਲ ਅਚੀਵਮੈਂਟ ਅਵਾਰਡ (ਪ੍ਰਿੰਸੀਪਲ ਅਤੇ ਸਕੂਲ), ਐਮਓਸੀ ਚੈਂਪੀਅਨ ਅਤੇ ਅਧਿਕਤਮ ਭਾਗੀਦਾਰੀ ਅਵਾਰਡ, ਲਾਈਫ ਟਾਈਮ ਅਚੀਵਮੈਂਟ ਅਵਾਰਡ (ਅਧਿਆਪਕ) ਅਤੇ ਸਰਵੋਤਮ ਅਧਿਆਪਕ ਅਵਾਰਡ ਸਣੇ ਲਗਭਗ 455 ਪੁਰਸਕਾਰ ਸਮਾਪਤੀ ਵਾਲੇ ਦਿਨ ਦਿੱਤੇ ਜਾਣਗੇ।