ਮੈਕਉਰਾ 2024 ਵਿੱਚ ਚੈਂਪੀਅਨਸ਼ਿਪ 'ਚ ਛਾਈਆਂ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ, ਜਿੱਤਿਆ 1-1 ਲੱਖ ਰੁਪਏ ਦਾ ਨਕਦ ਇਨਾਮ
ਹਰਜਿੰਦਰ ਸਿੰਘ ਭੱਟੀ
- ਸੀਯੂ ਦੀ ਅਕਾਂਕਸ਼ਾ ਤੇ ਈਸ਼ਾ ਨੇ ਮੈਕਉਰਾ 2024 'ਚ ਕੀਤੀ ਜਿੱਤ ਹਾਸਲ
ਮੋਹਾਲੀ, 13 ਜੂਨ 2024 - ਭਾਰਤ 'ਚ ਮਹਿਲਾ ਇੰਜੀਨੀਅਰਿੰਗ ਸਿੱਖਿਆ ਦਾ ਸਮਰਥਨ ਕਰਨ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਪ੍ਰੈਟ ਐਂਡ ਵਿਟਨੀ ਪੀਟੀ-6 ਦੇ ਸਹਿਯੋਗ ਨਾਲ ਕੋਲਿਨਜ਼ ਏਅਰੋਸਪੇਸ ਵੱਲੋਂ ਕਰਵਾਏ ਗਏ ਮੈਕਉਰਾ 2024 ਮੁਕਾਬਲੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੀਆਂ ਦੋ ਵਿਦਿਆਰਥਣਾਂ ਨੇ ਜਿੱਤ ਹਾਸਲ ਕਰਕੇ ਸੀਯੂ ਦਾ ਮਾਣ ਵਧਾਇਆ ਹੈ।
ਜੇਤੂ ਵਿਦਿਆਰਥਣਾਂ 'ਚ ਅਕਾਂਕਸ਼ਾ ਉਤਖੇਡਕਰ ਅਤੇ ਈਸ਼ਾ ਕੁਮਾਰੀ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਅਤੇ ਇੰਜੀਨੀਅਰਿੰਗ ਇਨੋਵੇਸ਼ਨ ਦਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ 1-1 ਲੱਖ ਰੁਪਏ ਦਾ ਇਨਾਮ ਜਿੱਤਿਆ। ਇਸ ਤੋਂ ਇਲਾਵਾ, ਦੋਵਾਂ ਲੜਕੀਆ ਨੂੰ ਪ੍ਰੈਟ ਐਂਡ ਵਿਟਨੀ ਬੰਗਲੌਰ ਵਿੱਚ ਇੰਟਰਨਸ਼ਿਪ ਦੇ ਮੌਕੇ ਵੀ ਮਿਲੇ।
ਮੈਕਉਰਾ 2024 ਵਿੱਚ ਭਾਰਤ ਭਰ ਦੀਆਂ ਤੀਜੀ ਸਾਲ ਦੀਆਂ ਮਹਿਲਾ ਮਕੈਨੀਕਲ ਇੰਜੀਨੀਅਰਿੰਗ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਸਖ਼ਤ ਆਨਲਾਈਨ ਪ੍ਰੀਖਿਆਵਾਂ ਅਤੇ ਇੰਟਰਵਿਊ ਰਾਹੀਂ ਆਪਣੀਆਂ ਤਕਨੀਕੀ ਯੋਗਤਾਵਾਂ ਅਤੇ ਤਰਕਸ਼ੀਲ ਸੋਚ ਨੂੰ ਪ੍ਰੀਖਿਆ ਵਿੱਚ ਪਾਇਆ। ਇਹ ਮੁਕਾਬਲਾ ਵਿਦਿਆਰਥੀਆਂ ਨੂੰ ਵਿਹਾਰਕ ਇੰਜੀਨੀਅਰਿੰਗ ਹੱਲ ਅਤੇ ਵਿਚਾਰ ਪੇਸ਼ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ।
ਜੇਤੂਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਮਜ਼ਬੂਤ ਸਮਰਥਨ ਤੇ ਸਰੋਤਾਂ ਲਈ ਧੰਨਵਾਦ ਕੀਤਾ ਅਤੇ ਕਿਹਾ, "ਯੂਨੀਵਰਸਿਟੀ ਨਾ ਸਿਰਫ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦੀ ਹੈ ਬਲਕਿ ਵਿਦਿਆਰਥੀਆਂ ਨੂੰ ਟੈਕਨੋਲੋਜੀ ਦੇ ਖੇਤਰ ਵਿੱਚ ਆਪਣੀਆਂ ਸੀਮਾਵਾਂ ਦੀ ਪੜਚੋਲ ਕਰਨ ਅਤੇ ਅੱਗੇ ਵਧਾਉਣ ਲਈ ਵੀ ਉਤਸ਼ਾਹਿਤ ਕਰਦੀ ਹੈ, ਜਿਸ ਨੇ ਸਾਨੂੰ ਇਹ ਸਫ਼ਲਤਾ ਮਿਲੀ ਹੈ।"
ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ, "ਇਹ ਪ੍ਰਾਪਤੀ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ ਅਤੇ ਇਹ ਇਨ੍ਹਾਂ ਪ੍ਰਤਿਭਾਵਾਨ ਲੜਕੀਆਂ ਦੀ ਯੋਗਤਾ, ਸਮਰਪਣ ਅਤੇ ਅਸਾਧਾਰਣ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ। ਇਸ ਤੋਂ ਇਲਾਵਾ, ਇਹ ਪ੍ਰਤੀਯੋਗਿਤਾ ਨੌਜਵਾਨ ਲੜਕੀਆਂ ਨੂੰ ਇੰਜੀਨੀਅਰਿੰਗ 'ਚ ਭਵਿੱਖ ਬਣਾਉਣ ਅਤੇ ਇਸ ਖੇਤਰ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗਾ।"
ਅੱਗੇ ਉਨ੍ਹਾਂ ਕਿਹਾ, "ਸਾਡੇ ਵਿਦਿਆਰਥੀ ਐੱਸਟੀਈਐੱਮ ਵਿੱਚ ਆਪਣਾ ਨਾਮ ਬਣਾ ਰਹੇ ਹਨ, ਅਤੇ ਉਨ੍ਹਾਂ ਦੇ ਵਿਚਾਰਾਂ ਦਾ ਵਿਸ਼ਵ ਵਿਗਿਆਨਕ ਭਾਈਚਾਰੇ ਉੱਤੇ ਮਹੱਤਵਪੂਰਨ ਪ੍ਰਭਾਵ ਪਵੇਗਾ। ਜਦੋਂ ਕਿ ਭਾਰਤ ਵਿੱਚ ਐੱਸਟੀਈਐੱਮ ਖੇਤਰਾਂ ਵਿੱਚ ਲੜਕੀਆਂ ਦਾ ਦਾਖਲਾ 40 ਫ਼ੀਸਦ ਹੈ, ਉਹ ਭਾਰਤ ਵਿੱਚ ਐੱਸਟੀਈਐੱਮ ਕਾਰਜਬਲ ਦਾ ਸਿਰਫ 27 ਫ਼ੀਸਦ ਅਤੇ ਵਿਸ਼ਵ ਪੱਧਰ 'ਤੇ 29.2 ਫ਼ੀਸਦ ਹੈ।"
ਚੰਡੀਗੜ੍ਹ ਯੂਨੀਵਰਸਿਟੀ ਦੀ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਤੀ ਵਚਨਬੱਧਤਾ 'ਤੇ ਚਾਨਣਾ ਪਾਉਂਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਸ਼ਾਨਦਾਰ ਵਿਦਿਅਕ ਤਜ਼ਰਬਾ ਪ੍ਰਦਾਨ ਕਰਨ ਲਈ ਸਮਰਪਿਤ ਹੈ। ਸਾਡਾ ਉਦੇਸ਼ ਗਿਆਨਵਾਨ, ਕੁਸ਼ਲ ਅਤੇ ਨਵੀਨਤਾਕਾਰੀ ਇੰਜੀਨੀਅਰ ਤਿਆਰ ਕਰਨਾ ਹੈ ਜੋ ਆਪਣੇ ਖੇਤਰਾਂ ਅਤੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਆਧੁਨਿਕ ਸਹੂਲਤਾਂ ਅਤੇ ਤਜ਼ਰਬੇਕਾਰ ਅਧਿਆਪਕਾਂ ਦੇ ਨਾਲ, ਅਸੀਂ ਵਿਦਿਆਰਥੀਆਂ ਨੂੰ ਵਿਹਾਰਕ ਅਤੇ ਸਿਧਾਂਤਕ ਗਿਆਨ ਪ੍ਰਦਾਨ ਕਰਦੇ ਹਾਂ। ਅਸੀਂ ਨਿਯਮਤ ਅਧਾਰ 'ਤੇ ਵੱਖ-ਵੱਖ ਮੁਕਾਬਲੇ ਅਤੇ ਪ੍ਰੋਗਰਾਮ ਵੀ ਆਯੋਜਿਤ ਕਰਦੇ ਹਾਂ ਤਾਂ ਜੋ ਵਿਦਿਆਰਥੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ ਅਤੇ ਆਪਣੀ ਵਿਦਿਅਕ ਯਾਤਰਾ ਨੂੰ ਜਾਰੀ ਰੱਖ ਸਕਣ।"
"ਚੰਡੀਗੜ੍ਹ ਯੂਨੀਵਰਸਿਟੀ ਦੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਭਵਿੱਖ ਦੇ ਨੇਤਾਵਾਂ ਨੂੰ ਤਿਆਰ ਕਰਨ ਪ੍ਰਤੀ ਵਚਨਬੱਧਤਾ ਨੇ ਇਸ ਦੇ ਮਕੈਨੀਕਲ ਇੰਜੀਨੀਅਰਿੰਗ ਕੋਰਸ ਨੂੰ ਉੱਚ ਦਰਜਾਬੰਦੀ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ। ਇਹ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਚੌਥੇ, ਸਾਰੇ ਭਾਰਤੀ ਸੰਸਥਾਨਾਂ ਵਿੱਚ 14ਵੇਂ, ਏਸ਼ੀਆ ਵਿੱਚ 115ਵੇਂ ਅਤੇ ਵਿਸ਼ਿਆਂ ਦੁਆਰਾ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ 2024 ਵਿੱਚ ਦੁਨੀਆ ਦੀਆਂ ਚੋਟੀ ਦੀਆਂ 400 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੈ।"