ਰੂਪਨਗਰ: ਪਲੇਸਮੈਂਟ ਕੈਂਪ 'ਚ 93 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
ਰੂਪਨਗਰ, 21 ਜੂਨ 2024: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਿਆਂ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਿਤ ਕੀਤੇ ਗਏ ਹਨ। ਰੂਪਨਗਰ ਜ਼ਿਲ੍ਹੇ ਵਿੱਚ ਵੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦੇਖ ਰੇਖ ਹੇਠ ਹਫ਼ਤਾਵਰੀ 2 ਪਲੈਸਮੈਂਟ ਕੈਂਪ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ ਲਗਾਏ ਇੱਕ ਪਲੇਸਮੈਂਟ ਕੈਂਪ ਵਿੱਚ 93 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਚੈਕਮੇਟ ਸਕਿਓਰਿਟੀ ਕੰਪਨੀ ਵੱਲੋਂ ਸਕਿਓਰਿਟੀ ਸੁਪਰਵਾਈਜ਼ਰ, ਸਾਬਕਾ ਸਕਿਓਰਿਟੀ ਗਾਰਡ, ਸਕਿਓਰਿਟੀ ਗਾਰਡ, ਲੇਡੀ ਗਾਰਡ, ਹਾਊਸ ਕੀਪਰ, ਪੈਂਟਰੀ ਬੁਆਏ, ਡਰਾਈਵਰ, ਫਾਇਰਮੈਨ ਆਦਿ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 113 ਉਮੀਦਵਾਰਾਂ ਨੇ ਭਾਗ ਲਿਆ। ਇਸ ਪਲੇਸਮੈਂਟ ਕੈਂਪ ਦੌਰਾਨ ਨੌਜਵਾਨ ਬਹੁਤ ਉਤਸ਼ਾਹਤ ਵਿੱਚ ਨਜ਼ਰ ਆਏ। ਕੰਪਨੀ ਦੇ ਨੁਮਾਇੰਦਿਆਂ ਵੱਲੋਂ 93 ਉਮੀਦਵਾਰਾਂ ਦੀ ਵੱਖ-ਵੱਖ ਅਸਾਮੀਆਂ ਲਈ ਚੋਣ ਕੀਤੀ ਗਈ। ਚੁਣੇ ਗਏ ਉਮੀਦਵਾਰਾਂ ਨੂੰ ਸਕਿਓਰਿਟੀ ਸੁਪਰਵਾਈਜ਼ਰ ਦੀ ਅਸਾਮੀ ਤੇ 18,000/- ਤੋਂ 20,000/-, ਸਾਬਕਾ ਸਕਿਓਰਿਟੀ ਗਾਰਡ ਦੀ ਅਸਾਮੀ ਤੇ 17,500/- ਤੋਂ 19,500/-, ਸਕਿਓਰਿਟੀ ਗਾਰਡ ਦੀ ਅਸਾਮੀ ਤੇ ਤਨਖਾਹ 16,000/- ਤੋਂ 17,500/-, ਲੇਡੀ ਗਾਰਡ ਦੀ ਅਸਾਮੀ ਤੇ 15,500/- ਤੋਂ 16,500/-, ਹਾਊਸ ਕੀਪਰ ਦੀ ਅਸਾਮੀ ਤੇ 10,500/- ਤੋਂ 13,500/-, ਪੈਂਟਰੀ ਬੁਆਏ ਦੀ ਅਸਾਮੀ ਤੇ 13500/- ਤੋਂ 15,000/-, ਡਰਾਈਵਰ ਦੀ ਅਸਾਮੀ ਤੇ 15,500/- ਤੋਂ 17,500/- ਅਤੇ ਫਾਇਰਮੈਨ ਦੀ ਅਸਾਮੀ ਤੇ 13,500/- ਤੋਂ 15,500/- ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਸਾਰੀਆਂ ਅਸਾਮੀਆਂ ਤੇ ਪੀ.ਐਫ ਅਤੇ ਈ.ਐਸ.ਆਈ ਦਾ ਲਾਭ ਮਿਲੇਗਾ।
ਸ਼੍ਰੀਮਤੀ ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਹਫ਼ਤਾਰਵਾਰੀ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।