ਸਰੀ ਨੌਰਥ ਦੇ ਐਮਐਲਏ ਮਨਦੀਪ ਧਾਲੀਵਾਲ ਨੇ ਵਿਧਾਨ ਸਭਾ ਵਿੱਚ ਚੁੱਕਿਆ ਹਿੰਸਾ ਦਾ ਮੁੱਦਾ; ਸਰਕਾਰ ਨੂੰ ਪੁੱਛੇ ਤਿੱਖੇ ਸਵਾਲ
ਹਰਦਮ ਮਾਨ
ਵਿਕਟੋਰੀਆ, 9 ਮਈ 2026 ਸਰੀ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਅਤੇ ਫਿਰੌਤੀ ਦੀਆਂ ਧਮਕੀਆਂ ਨੂੰ ਲੈ ਕੇ ਸਰੀ ਨੌਰਥ ਦੇ ਵਿਧਾਇਕ ਮਨਦੀਪ ਧਾਲੀਵਾਲ ਨੇ ਬੀਸੀ ਵਿਧਾਨ ਸਭਾ ਵਿੱਚ ਬੀਸੀ ਐਨਡੀਪੀ ਸਰਕਾਰ ਨੂੰ ਕਰੜੇ ਹੱਥੀਂ ਲਿਆ। ਧਾਲੀਵਾਲ ਨੇ ਸਰਕਾਰ ਦੇ ਉਨ੍ਹਾਂ ਦਾਅਵਿਆਂ ਨੂੰ ਵੰਗਾਰਿਆ ਹੈ ਜਿਨ੍ਹਾਂ ਵਿੱਚ ਸਥਿਤੀ ਵਿੱਚ ਸੁਧਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਵਿਧਾਨ ਸਭਾ ਵਿੱਚ ਬੋਲਦਿਆਂ ਮਨਦੀਪ ਧਾਲੀਵਾਲ ਨੇ ਕਿਹਾ ਕਿ ਜਿੱਥੇ ਸਰਕਾਰੀ ਅਧਿਕਾਰੀ ਫਿਰੌਤੀ ਅਤੇ ਹਿੰਸਾ ਵਿੱਚ "ਸਥਿਰ ਗਿਰਾਵਟ" ਦੀ ਗੱਲ ਕਰ ਰਹੇ ਹਨ, ਉੱਥੇ ਹੀ ਸਰੀ ਦੇ ਕਾਰੋਬਾਰੀ ਅਤੇ ਪਰਿਵਾਰ ਰੋਜ਼ਾਨਾ ਖੌਫ਼ ਦੇ ਸਾਏ ਹੇਠ ਜੀ ਰਹੇ ਹਨ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਸਰਕਾਰ ਅਸਲੀਅਤ ਤੋਂ ਇੰਨੀ ਦੂਰ ਕਿਵੇਂ ਹੋ ਸਕਦੀ ਹੈ। ਧਾਲੀਵਾਲ ਨੇ ਸਦਨ ਵਿੱਚ ਅਸਲੀ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਸਰੀ ਵਿੱਚ ਪਿਛਲੇ ਚਾਰ ਮਹੀਨਿਆਂ ਵਿੱਚ 96 ਫਿਰੌਤੀ ਦੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਦਿਨ-ਦਿਹਾੜੇ 16 ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਟਾਰਗੇਟਿਡ ਕਿਲਿੰਗਜ਼ ਨੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਪਬਲਿਕ ਸੇਫਟੀ ਮਿਨਿਸਟਰ ਨੂੰ ਸਿੱਧਾ ਸਵਾਲ ਕਰਦਿਆਂ ਮਨਦੀਪ ਧਾਲੀਵਾਲ ਨੇ ਪੁੱਛਿਆ, "ਕੀ ਪ੍ਰੀਮੀਅਰ ਸਰੀ ਦੇ ਵਸਨੀਕਾਂ ਦੀ ਸੁਰੱਖਿਆ ਯਕੀਨੀ ਬਣਾਉਣਗੇ ਜਾਂ ਫਿਰ ਲੋਕਾਂ ਕੋਲ ਸਰੀ ਅਤੇ ਇਸ ਖੂਬਸੂਰਤ ਸੂਬੇ ਨੂੰ ਛੱਡ ਕੇ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ?" ਉਨ੍ਹਾਂ ਅੱਗੇ ਕਿਹਾ ਕਿ ਜਦੋਂ ਹਿੰਸਾ ਰੋਜ਼ ਦੀ ਗੱਲ ਬਣ ਜਾਵੇ ਅਤੇ ਸਰਕਾਰ ਦੇ ਜਵਾਬ ਸਿਰਫ ਲਿਖੇ-ਲਿਖਾਏ ਭਾਸ਼ਣਾਂ ਤੱਕ ਸੀਮਤ ਹੋ ਜਾਣ ਤਾਂ ਲੋਕਾਂ ਦਾ ਸੁਰੱਖਿਆ ਤੋਂ ਭਰੋਸਾ ਟੁੱਟ ਜਾਂਦਾ ਹੈ।
ਮਨਦੀਪ ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਵਾਰ ਜਦੋਂ ਕਿਸੇ ਸ਼ਹਿਰ ਵਿੱਚੋਂ ਸੁਰੱਖਿਆ ਦਾ ਅਹਿਸਾਸ ਖ਼ਤਮ ਹੋ ਜਾਂਦਾ ਹੈ ਤਾਂ ਉਸ ਨੂੰ ਵਾਪਸ ਲਿਆਉਣਾ ਬਹੁਤ ਮੁਸ਼ਕਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਸਿਰਫ ਪ੍ਰੈਸ ਕਾਨਫਰੰਸਾਂ ਨਹੀਂ ਬਲਕਿ ਜ਼ਮੀਨੀ ਪੱਧਰ 'ਤੇ ਸਖ਼ਤ ਕਾਰਵਾਈ ਅਤੇ ਨਤੀਜੇ ਚਾਹੁੰਦੇ ਹਨ।