ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਮਜ਼ਦੂਰ ਆਗੂ ਦੀ ਗ੍ਰਿਫਤਾਰੀ ਲਈ ਛਾਪਾ ਮਾਰਨ ਦੀ ਨਿਖੇਧੀ
ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਸਦਕਾ ਲੋਕਾਂ ਤੋਂ ਡਰ ਰਹੀ ਹੈ ਆਪ ਸਰਕਾਰ - ਖੇਤ ਮਜ਼ਦੂਰ ਆਗੂ
ਅਸ਼ੋਕ ਵਰਮਾ
ਬਠਿੰਡਾ, 10 ਮਈ 2026 : ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਾਹਿਬ ਚੰਦ ਵਿਖੇ ਆਮਦ ਤੋਂ ਪਹਿਲਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਰਾਜਾ ਸਿੰਘ ਖੂਨਣ ਖੁਰਦ ਨੂੰ ਗ੍ਰਿਫਤਾਰ ਕਰਨ ਲਈ ਮਾਰੇ ਛਾਪੇ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਖੇਤ ਮਜ਼ਦੂਰ ਆਗੂਆਂ ਨੇ ਆਖਿਆ ਕਿ ਆਪ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਦੀ ਇਹ ਕਾਰਵਾਈ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਹੈ ਕਿ ਆਪ ਸਰਕਾਰ ਵੱਲੋਂ ਮਜ਼ਦੂਰ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਸਦਕਾ ਇਹ ਸਰਕਾਰ ਲੋਕ ਰੋਹ ਤੋਂ ਡਰੀ ਤੇ ਘਬਰਾਈ ਹੋਈ ਹੈ।
ਉਹਨਾਂ ਆਖਿਆ ਕਿ ਪਿੰਡ ਖੂਨਣ ਖੁਰਦ ਦੇ ਲੋਕਾਂ ਵੱਲੋਂ ਮਜ਼ਦੂਰ ਆਗੂ ਦੀ ਗ੍ਰਿਫਤਾਰੀ ਦਾ ਡਟਵਾਂ ਵਿਰੋਧ ਕਰਨ ਪਿੱਛੋਂ ਪੁਲਿਸ ਨੂੰ ਖਾਲੀ ਪਰਤਣਾ ਪਿਆ ਜ਼ੋ ਲੋਕ ਤਾਕਤ ਦੀ ਜਿੱਤ ਹੈ। ਮਜ਼ਦੂਰ ਆਗੂਆਂ ਨੇ ਆਖਿਆ ਕਿ ਪਿੰਡਾਂ 'ਚੋਂ ਸਰਕਾਰ ਚਲਾਉਣ ਦੇ ਵਾਅਦੇ ਨਾਲ਼ ਸਤਾ 'ਚ ਆਈ ਸਰਕਾਰ ਹੁਣ ਪਿੰਡਾਂ ਦੇ ਕਿਰਤੀ ਲੋਕਾਂ 'ਚ ਵਿਚਰਨ ਤੋਂ ਘਬਰਾਹਟ ਮਹਿਸੂਸ ਕਰ ਰਹੀ ਹੈ। ਉਹਨਾਂ ਆਖਿਆ ਕਿ ਆਪ ਸਰਕਾਰ ਆਪਣੀਆਂ ਸਿਆਸੀ ਲੋੜਾਂ ਤਹਿਤ ਲੋਕ ਮਿਲਣੀਆਂ ਦਾ ਵਿਖਾਵਾ ਤਾਂ ਕਰ ਰਹੀ ਹੈ, ਪਰੰਤੂ ਆਮ ਲੋਕਾਂ ਅਤੇ ਲੋਕ ਆਗੂਆਂ ਦਾ ਸਾਹਮਣਾ ਕਰਨ ਤੋਂ ਕੰਨੀ ਕਤਰਾ ਰਹੀ ਹੈ। ਮਜ਼ਦੂਰ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਫੇਰੀ ਦੌਰਾਨ ਮਜ਼ਦੂਰ ਆਗੂ ਤੋਂ ਇਲਾਵਾ ਹੋਰ ਵੀ ਕਈ ਜਥੇਬੰਦੀਆਂ ਦੀਆਂ ਆਗੂਆਂ ਨੂੰ ਪੁਲਿਸ ਵੱਲੋਂ ਜਾਂ ਤਾਂ ਹਿਰਾਸਤ ਵਿੱਚ ਲੈ ਲਿਆ ਗਿਆ ਜਾਂ ਘਰਾਂ ਦੇ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਗਿਆ।
- Download Babushahi App
-
-