ਪਿਕਸ ਸੋਸਾਇਟੀ ਨੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਲਈ ‘ਔਪਟੀਮਾ ਲਿਵਿੰਗ’ ਨੂੰ ਮੈਨੇਜਮੈਂਟ ਪਾਰਟਨਰ ਨਿਯੁਕਤ ਕੀਤਾ
ਹਰਦਮ ਮਾਨ
ਸਰੀ, 12 ਫਰਵਰੀ 2026- ਸਰੀ ਦੀ ਨਾਮਵਰ ਗੈਰ-ਲਾਭਕਾਰੀ ਸੰਸਥਾ ‘ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼’ (ਪਿਕਸ) ਸੋਸਾਇਟੀ ਨੇ ਆਪਣੇ ਆਉਣ ਵਾਲੇ 125 ਬਿਸਤਰਿਆਂ ਵਾਲੇ ਲੌਂਗ-ਟਰਮ ਕੇਅਰ ਫੈਸਿਲਿਟੀ, ਗੁਰੂ ਨਾਨਕ ਡਾਇਵਰਸਿਟੀ ਵਿਲੇਜ ਦੇ ਸੰਚਾਲਨ ਲਈ ‘ਔਪਟੀਮਾ ਲਿਵਿੰਗ’ ਨੂੰ ਅਧਿਕਾਰਤ ਮੈਨੇਜਮੈਂਟ ਪਾਰਟਨਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਪ੍ਰੋਜੈਕਟ ਖਾਸ ਤੌਰ 'ਤੇ ਦੱਖਣੀ ਏਸ਼ੀਆਈ ਬਜ਼ੁਰਗਾਂ ਦੀਆਂ ਸੱਭਿਆਚਾਰਕ ਅਤੇ ਸਮਾਜਿਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
1987 ਤੋਂ ਬੀ.ਸੀ. ਵਿੱਚ ਵੱਖ ਵੱਖ ਭਾਈਚਾਰਿਆਂ ਦੀ ਸੇਵਾ ਕਰ ਰਹੀ ਹੈ ਪਿਕਸ ਸੋਸਾਇਟੀ ਵੱਲੋਂ ਕਲੋਵਰਡੇਲ (6471 – 175ਏ ਸਟਰੀਟ, ਸਰੀ) ਵਿਖੇ ਇਸ ਵਿਸ਼ੇਸ਼ ਸਹੂਲਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਸੈਂਟਰ ਬਜ਼ੁਰਗਾਂ ਦੀ ਸੱਭਿਆਚਾਰਕ ਪਛਾਣ, ਭਾਸ਼ਾ ਅਤੇ ਪਰੰਪਰਾਵਾਂ ਦਾ ਸਤਿਕਾਰ ਕਰਦੇ ਹੋਏ ਇੱਕ ਸੁਰੱਖਿਅਤ ਅਤੇ ਸਰਬ ਸਾਂਝਾ ਮਾਹੌਲ ਪ੍ਰਦਾਨ ਕਰੇਗਾ। ਉਮੀਦ ਹੈ ਕਿ 2027 ਦੇ ਸ਼ੁਰੂ ਵਿੱਚ ਇੱਥੇ ਪਹਿਲੇ ਨਿਵਾਸੀਆਂ ਦਾ ਸੁਆਗਤ ਕੀਤਾ ਜਾਵੇਗਾ।
ਇਸ ਮੌਕੇ ਪਿਕਸ ਸੋਸਾਇਟੀ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਸਤਬੀਰ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਪੱਛਮੀ ਕੈਨੇਡਾ ਵਿੱਚ ਬਜ਼ੁਰਗਾਂ ਦੀ ਸੰਭਾਲ ਦੇ ਖੇਤਰ ਵਿੱਚ ਮੋਹਰੀ ਸੰਸਥਾ ‘ਔਪਟੀਮਾ ਲਿਵਿੰਗ’ ਨਾਲ ਭਾਈਵਾਲੀ ਕਰਕੇ ਬਹੁਤ ਖੁਸ਼ ਹਾਂ। ਉਹਨਾਂ ਦੀ ਕਦਰਾਂ-ਕੀਮਤਾਂ 'ਤੇ ਅਧਾਰਿਤ ਅਤੇ ਵਿਅਕਤੀਗਤ ਸੰਭਾਲ ਪ੍ਰਤੀ ਵਚਨਬੱਧਤਾ ਉਹਨਾਂ ਨੂੰ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲਈ ਇੱਕ ਆਦਰਸ਼ ਭਾਈਵਾਲ ਬਣਾਉਂਦੀ ਹੈ।
ਔਪਟੀਮਾ ਲਿਵਿੰਗ ਦੇ ਸਹਿ-ਸੰਸਥਾਪਕ ਅਤੇ ਪ੍ਰਿੰਸੀਪਲ ਫਰੀਦ ਦਮਜੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਬਿਹਤਰ ਦੇਖਭਾਲ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਉਹਨਾਂ ਲੋਕਾਂ ਅਤੇ ਸੱਭਿਆਚਾਰਾਂ ਨੂੰ ਸਮਝਦੇ ਹਾਂ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। ਅਸੀਂ ਪਿਕਸ ਸੋਸਾਇਟੀ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਅਤੇ ਬਜ਼ੁਰਗਾਂ ਨੂੰ ਮਾਣ, ਸਤਿਕਾਰ ਅਤੇ ਅਪਨੱਤ ਮਹਿਸੂਸ ਕਰਵਾਉਣ ਵਾਲੀ ਦੇਖਭਾਲ ਪ੍ਰਦਾਨ ਕਰਨ ਲਈ ਮਾਣ ਮਹਿਸੂਸ ਕਰਦੇ ਹਾਂ।
ਜ਼ਿਕਰਯੋਗ ਹੈ ਕਿ 2007 ਵਿੱਚ ਸਥਾਪਿਤ ਹੋਈ ‘ਔਪਟੀਮਾ ਲਿਵਿੰਗ’ ਅੱਜ ਪੱਛਮੀ ਕੈਨੇਡਾ ਦੀਆਂ ਚੋਟੀ ਦੀਆਂ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਅਲਬਰਟਾ ਅਤੇ ਬੀ.ਸੀ. ਵਿੱਚ 4300 ਤੋਂ ਵੱਧ ਬਜ਼ੁਰਗਾਂ ਨੂੰ ਸੁਤੰਤਰ ਰਹਿਣ ਸਹਿਣ ਅਤੇ ਲੌਂਗ-ਟਰਮ ਕੇਅਰ ਵਰਗੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਉਹਨਾਂ ਦਾ ਆਪਣਾ ਵਿਸ਼ੇਸ਼ ‘ਸਪਾਰਕ’ ਬ੍ਰੇਨ ਹੈਲਥ ਮਾਡਲ ਵੀ ਬਹੁਤ ਮਕਬੂਲ ਹੈ। ਇਹ ਭਾਈਵਾਲੀ ਸਰੀ ਦੇ ਬਜ਼ੁਰਗਾਂ ਲਈ ਇੱਕ ਉੱਚ-ਪੱਧਰੀ, ਸੁਰੱਖਿਅਤ ਅਤੇ ਸੱਭਿਆਚਾਰਕ ਤੌਰ 'ਤੇ ਅਨੁਕੂਲ ਨਿਵਾਸ ਸਥਾਨ ਮੁਹੱਈਆ ਕਰਵਾਉਣ ਵੱਲ ਇੱਕ ਵੱਡਾ ਕਦਮ ਹੈ।