ਸਾਧੂ ਸਿੰਘ ਬਰਾੜ ਇੰਟਰਨੈਸ਼ਨਲ ਕਬੱਡੀ ਕੋਚ ਦਾ ਫਰਿਜਨੋ ਵਿਖੇ ਸਨਮਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ) :
ਉੱਘੇ ਇੰਟਰਨੈਸ਼ਨਲ ਕਬੱਡੀ ਕੋਚ ਸਾਧੂ ਸਿੰਘ ਬਰਾੜ (ਪੱਤੋ) ਅੱਜਕੱਲ੍ਹ ਆਪਣੀ ਅਮਰੀਕਾ ਫੇਰੀ ਤੇ ਹਨ। ਉਹਨਾਂ ਦੇ ਚਹੁਣ ਵਾਲਿਆਂ ਵਿੱਚੋ ਉਹਨਾਂ ਦੇ ਸ਼ਗਿਰਦ ਰਾਜੂ ਪੱਤੋ ਨੇ ਉਹਨਾਂ ਦੇ ਸਨਮਾਨ ਹਿੱਤ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਆਪਣੇ ਗ੍ਰਹਿ ਵਿਖੇ ਰੱਖਿਆ। ਜਿੱਥੇ ਸਮੂੰਹ ਸੱਜਣਾ ਨੇ ਉਹਨਾਂ ਦਾ ਗੋਲਡ ਮੈਡਲ ਅਤੇ ਸ਼ੀਲਡ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਦੀ ਧਰਮ ਪਤਨੀ ਵੀ ਉਹਨਾਂ ਨਾਲ ਮਜੂਦ ਰਹੇ। ਇਸ ਸਮੇਂ ਬੋਲਦਿਆਂ ਸਾਧੂ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਲੰਮਾ ਸਮਾਂ ਪੱਤੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ ਖੋ-ਖੋ ਅਤੇ ਕਬੱਡੀ ਦੇ ਦਾਅ ਪੇਚ ਸਿੱਖਾਏ। ਇਸੇ ਧਰਤੀ ਤੋਂ ਉਹਨਾਂ ਹਰਜੀਤ ਬਾਜਾ ਖਾਨਾ, ਗਾਗੋ, ਕਾਲਾ ਗਾਜੀਆਣਾ ਵਰਗੇ ਅਨੇਕਾਂ ਪਲੇਅਰਾਂ ਨੂੰ ਸਟਾਰ ਬਣਾਇਆ। ਅੱਜ ਕੱਲ ਉਹ ਰਿਟਾਇਰਮੈਂਟ ਦਾ ਅਨੰਦ ਮਾਣਦੇ, ਪੁਰਾਣੇ ਪਲੇਅਰਾਂ ਨਾਲ ਮੇਲ ਮਿਲਾਪ ਕਰ ਰਹੇ ਹਨ। ਇਸ ਸਮੇਂ ਉਹਨਾਂ ਪੁਰਾਣੇ ਸਮੇਂ ਦੀ ਕਬੱਡੀ ਅਤੇ ਅੱਜਕੱਲ੍ਹ ਦੀ ਕਬੱਡੀ ਦੇ ਦਿਲਚਸਪ ਕਿੱਸੇ ਵੀ ਸੁਣਾਏ। ਉਹਨਾਂ ਕਿਹਾ ਕਿ ਬਹੁਤ ਸਾਰੇ ਖਿਡਾਰੀਆਂ ਨੂੰ ਉਹਨਾਂ ਪੁੱਤਾਂ ਵਾਂਗ ਸਕੂਲ ਤੇ ਘਰ ਵਿੱਚ ਰੱਖਕੇ ਟਰੇਨਿੰਗ ਦਿੱਤੀ। ਇਸ ਸਾਰੇ ਸਫ਼ਰ ਦੌਰਾਨ ਉਹਨਾਂ ਦੀ ਸਤਿਕਾਰਯੋਗ ਧਰਮ ਪਤਨੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਹਨਾਂ ਕਿਹਾ ਕਿ ਦੁਨੀਆਂ ਦੇ ਹਰ ਹਿੱਸੇ ਵਿੱਚ ਮੇਰੇ ਸ਼ਗਿਰਦ ਵੱਸਦੇ ਹਨ, ਤੇ ਮੈਨੂੰ ਬਹੁਤ ਸਾਰਾ ਪਿਆਰ ਸਤਿਕਾਰ ਮੇਰੇ ਬੱਚਿਆਂ ਕੋਲੋ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਕਈ ਵਰਲਡ ਕਬੱਡੀ ਕੱਪਾਂ ਦੌਰਾਨ ਭਾਰਤੀ ਕਬੱਡੀ ਟੀਮ ਦੀ ਕੋਚਿੰਗ ਕੀਤੀ ਤੇ ਬੱਚਿਆਂ ਨੇ ਮੁਸ਼ਕਲ ਹਲਾਤਾਂ ਦੌਰਾਨ ਵੀ ਚੰਗੀ ਖੇਡ ਵਿਖਾਈ। ਉਹਨਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਨਸ਼ੇ ਤਿਆਗਕੇ ਗਰਾਊਂਡਾਂ ਵਿੱਚ ਜਾਕੇ ਕਸਰਤ ਕਰਕੇ ਚੰਗੇ ਜੁੱਸੇ ਤਿਆਰ ਕਰਨੇ ਚਾਹੀਦੇ ਹਨ, ਤਾਂ ਜੋ ਪੰਜਾਬ ਦੀ ਧਰਤੀ ਨਸ਼ੇ ਦੇ ਕੋਹੜ ਨੂੰ ਵੱਢਕੇ ਚੋਟੀ ਦੇ ਕਬੱਡੀ ਖਿਡਾਰੀ ਪੈਦਾ ਕਰ ਸਕੇ। ਉਹਨਾਂ ਸਮੂਹ ਸੱਜਣਾਂ ਦਾ ਮਾਣ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਮਜੂਦ ਸੱਜਣਾ ਵਿੱਚ ਰਾਜੂ ਪੱਤੋ ਕਬੱਡੀ ਖਿਡਾਰੀ ,ਗੁਰਭੇਜ ਵਾਂਦਰ, ਗਾਜ਼ੀ ਮਾਣੂੰਕੇ , ਸੰਦੀਪ ਬੱਸੀਆਂ , ਸੱਬੀ ਕੁੱਸਾ ਕਬੱਡੀ ਖਿਡਾਰੀ, ਕਪਤਾਨ ਕਲਿਆਣ ਕਬੱਡੀ ਖਿਡਾਰੀ, ਹਰਦੀਪ ਪੰਡੌਰੀ ਖਿਡਾਰੀ ਖਿਡਾਰੀ,ਗੋਰੀ ਪੱਤੋ, ਗੋਲਡੀ ਪੱਤੋ , ਲਵ ਥਿੰਦ,ਜਸਵੀਰ ਗਿੱਲ ,ਚਰਨਾ ਮਾਣੂੰਕੇ,ਜਤਿੰਦਰ ਸਿੰਘ ,ਧਰਮਪ੍ਰੀਤ , ਹੇਮਪਾਲ,ਗੁਰਦੀਪ, ਅਮਰਜੀਤ ਦੌਧਰ, ਬਹਾਦਰ ਸਿੱਧੂ, ਰੰਮੀ ਧਾਲੀਵਾਲ, ਜੈਲਾ ਧੂੜਕੋਟ ਆਦਿ ਦੇ ਨਾਮ ਜਿਕਰਯੋਗ ਹਨ।