ਨਿਊਜ਼ੀਲੈਂਡ ਇੰਟਰਨੈਸ਼ਨਲ ਫਿਟਨੈਸ- ਬੌਡੀਬਿਲਡਰ ਗੁਰਨੇਕ ਸਿੰਘ ਅਗਲੇ ਸਫ਼ਰ ਵੱਲ ਵਧਦਿਆਂ ਨੈਸ਼ਨਲ ਮੁਕਾਬਲੇ ਵਿਚ ਉਪਜੇਤੂ ਬਣਿਆ
-ਅੱਜ ਨਿਊਜ਼ੀਲੈਂਡ ਨੈਸ਼ਨਲ ਪ੍ਰੋ ਕੁਆਲੀਫਾਇਰ ਦੇ ਚਾਰ ਵੱਖ-ਵੱਖ ਮੁਕਾਬਲਿਆਂ ਵਿਚ ਲਿਆ ਭਾਗ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 25 ਅਕਤੂਬਰ 2025-ਕਿਸੇ ਵਿਦਵਾਨ ਨੇ ਕਿਹਾ ਹੈ ਕਿ ਜਿੱਤਾਂ-ਹਾਰਾਂ ਦੀ ਪ੍ਰਵਾਹ ਕੀਤੇ ਬਿਨਾਂ ਅੱਗੇ ਵੇਖਣਾ ਅਤੇ ਤਿਆਰੀ ਕਰਨਾ ਬਿਹਤਰ ਹੁੰਦਾ ਹੈ ਬਜਾਏ ਇਸਦੇ ਕਿ ਬੀਤੇ ਸਮੇਂ ਕਿਹੋ ਜਿਹਾ ਤਜ਼ਰਬਾ ਰਿਹਾ। ਬੀਤੇ ਦਿਨੀਂ ‘ਵਾਇਕਾਟੋ ਨੈਚੁਰਲ ਐਂਡ ਰੀਜ਼ਨਲ ਚੈਂਪੀਅਨਸ਼ਿੱਪ’ ਦੇ ਵਿਚ ਸ. ਗੁਰਨੇਕ ਸਿੰਘ ਸਪੁੱਤਰ ਸ. ਕੁਲਦੀਪ ਸਿੰਘ ਰਾਜਾ ਨੇ ‘ਨਿਊਜ਼ੀਲੈਂਡ ਇੰਟਰਨੈਸ਼ਨਲ ਫੈਡਰੇਸ਼ਨ ਆਫ ਬੌਡੀਬਿਲਡਿੰਗ ਐਂਡ ਫਿੱਟਨੈਸ’ ਦੇ ਮਰਦਾਂ ਦੇ ਮੁਕਾਬਲੇ ‘ਨੈਚੁਰਲ ਨੌਵਿਸ ਬਾਡੀਬਿਲਡਿੰਗ ਵੈਲਟਰਵੇਟ ਡਿਵੀਜ਼ਨ’ 70-75 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਅਤੇ ਮਰਦਾਂ ਦੀ ‘ਨੈਚੁਰਲ ਜੂਨੀਅਰ ਕਲਾਸਿਕ’ (ਉਮਰ 18-23 ਸਾਲ) ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
ਆਪਣੇ ਇਸ ਸਫ਼ਰ ਨੂੰ ਰਾਸ਼ਟਰ ਪੱਧਰ ਤੱਕ ਕਰਦਿਆਂ ਅੱਜ ਇਸਨੇ ਨਿਊਜ਼ੀਲੈਂਡ ਨੈਸ਼ਨਲ ਪ੍ਰੋ ਕੁਆਲੀਫਾਇਰ ਦੇ ਚਾਰ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ। ਏ-ਕਲਾਸ ਕਲਾਸਿਕ ਫਿਜੀਕ (ਪ੍ਰੰਪਰਾਗਤ ਸਰੀਰਕ ਬਣਤਰ), ਕੱਦ 1.7 ਮੀਟਰ ਵਰਗ ਵਿਚ ਭਾਗ ਲਿਆ ਅਤੇ ਉਪ ਜੇਤੂ ਬਣ ਕੇ ਆਪਣਾ ਅਗਲਾ ਰਾਹ ਪੱਧਰਾ ਕੀਤਾ। ਇਸ ਤੋਂ ਇਲਾਵਾ ਇਸਨੇ ਵੈਲਟਰਵੇਟ ਓਪਨ ਬੌਡੀ ਬਿਲਡਿੰਗ, ਜੂਨੀਅਰ ਬੌਡੀ ਬਿਲਡਿੰਗ ਅਤੇ ਜੂਨੀਅਰ ਕਲਾਸਿਕ ਫਿਜ਼ੀਕ ਦੇ ਵਿਚ ਭਾਗ ਲਿਆ ਅਤੇ ਦੂਸਰੇ ਉਪਜੇਤੂ ਰਹੇ।
ਵਰਨਣਯੋਗ ਹੈ ਕਿ ਇਹ ਨੌਜਵਾਨ 2 ਸਾਲ ਤੋਂ ਵੱਧ ਸਮੇਂ ਤੋਂ ਮਿਹਨਤ ਕਰ ਰਿਹਾ ਸੀ ਅਤੇ ਪਿਛਲੇ ਦਿਨੀਂ ਪਹਿਲੀ ਵਾਰ ਚੈਂਪੀਅਨਸ਼ਿਪ ਦੇ ਵਿਚ ਭਾਗ ਲਿਆ ਸੀ ਅਤੇ ਹੁਣ ਪਹਿਲੀ ਵਾਰ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਦੇ ਵਿਯ ਯੋਗਤਾ ਬਨਾਉਣ ਲਈ ਮੁੁਕਾਬਲੇ ਕੀਤੇ ਸਨ। ਸ. ਗੁਰਨੇਕ ਸਿੰਘ ਅਤੇ ਪਰਿਵਾਰ ਨੂੰ ਮੀਡੀਆ ਕਰਮੀਆਂ ਅਤੇ ਕਮਿਊਨਿਟੀ ਵੱਲੋਂ ਬਹੁਤ-ਬਹੁਤ ਵਧਾਈ।