ਆਦਿੱਤਿਆ ਉੱਪਲ ਨੇ DC ਗੁਰਦਾਸਪੁਰ ਦਾ ਸੰਭਾਲਿਆ ਆਹੁਦਾ
ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ-ਪਰਾਲੀ ਪ੍ਰਬੰਧਨ, ਝੋਨੇ ਦੀ ਖਰੀਦ ਪ੍ਰਕਿਰਿਆ ਅਤੇ ਜ਼ਿਲ੍ਹੇ ਵਿਚ ਚਲ ਰਹੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ
ਰੋਹਿਤ ਗੁਪਤਾ
ਗੁਰਦਾਸਪੁਰ, 25 ਅਕਤੂਬਰ 2015 ਬੈਚ ਦੇ ਆਈ. ਏ. ਐੱਸ. ਅਧਿਕਾਰੀ ਸ੍ਰੀ ਆਦਿੱਤਿਆ ਉੱਪਲ ਨੇ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਜੋਂ ਆਪਣਾ ਆਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ
ਆਦਿੱਤਿਆ ਉੱਪਲ, ਇਸ ਤੋਂ ਪਹਿਲਾਂ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਵਜੋ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਸ੍ਰੀ ਆਦਿੱਤਿਆ ਉੱਪਲ ਨੇ ਕਿਹਾ ਕਿ ਉਹ ਖੁਸ਼ਕਿਸ਼ਮਤ ਹਨ ਕਿ ਉਨਾਂ ਨੂੰ ਗੁਰਦਾਸਪੁਰ ਦੀ ਇਤਿਹਾਸਕ ਅਤੇ ਧਾਰਮਿਕ ਧਰਤੀ ‘ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਜਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ਼ ਕਰਨ ਨੂੰ ਯਕੀਨੀ ਬਣਾਉਣਗੇ।
ਅਹੁਦਾ ਸੰਭਾਲਣ ਉਪਰੰਤ ਡਿਪਟੀ ਕਮਿਸ਼ਨਰ ਨੇ ਜ਼ਿਲਾ ਅਧਿਕਾਰੀਆਂ ਨਾਲ ਪਰਾਲੀ ਪ੍ਰਬੰਧਨ, ਝੋਨੇ ਦੀ ਖਰੀਦ ਪ੍ਰਕਿਰਿਆ ਅਤੇ ਜ਼ਿਲ੍ਹੇ ਵਿਚ ਚਲ ਰਹੇ ਵਿਕਾਸ ਕਾਰਜਾਂ ਆਦਿ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਸ਼੍ਰੀ ਆਦਿੱਤਿਆ ਐੱਸ.ਐੱਸ.ਪੀ. ਗੁਰਦਾਸਪੁਰ, ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ, (ਪੇਂਡੂ ਵਿਕਾਸ) ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਨੂੰ ਲੈ ਕੇ ਕਿਸਾਨਾਂ ਨੂੰ ਵੱਧ ਤੋਂ ਜਾਗਰੂਕ ਕੀਤਾ ਜਾਵੇ। ਨੋਡਲ ਅਤੇ ਕਲੱਸਟਰ ਅਫਸਰ ਫੀਲਡ ਵਿੱਚ ਰਹਿ ਕੇ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਲਈ ਪੇਰ੍ਰਿਤ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਇੰਨ ਸੀਟੂ ਤੇ ਐਕਸ ਸੀਟੂ ਦੋਵਾਂ ਤਕਨੀਕਾਂ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਪੂਰਾ ਸਹਿਯੋਗ ਦੇਵੇਗਾ ਅਤੇ ਕਿਸਾਨਾਂ ਨੂੰ ਸਮੇ ਸਿਰ ਲੋੜੀਦੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰ 'ਤੇ ਕੰਟਰੋਲ ਰੂਮ ਨੰਬਰ 1800-180-1852 ਸਥਾਪਤ ਕੀਤਾ ਗਿਆ ਹੈ। ਜਿਸ ਵੀ ਕਿਸਾਨ ਵੀਰ ਨੂੰ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਲੋੜ ਹੈ, ਉਹ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹਨ ਅਤੇ ਖੇਤੀਬਾੜੀ ਵਿਭਾਗ ਵਲੋਂ ਜਲਦ ਤੋਂ ਜਲਦ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ, ਹੜ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀ ਜਾ ਰਹੀ ਰਾਹਤ ਰਾਸ਼ੀ, ਨਸ਼ਾ ਮੁਕਤੀ ਯਾਤਰਾ ਅਤੇ ਜ਼ਿਲ੍ਹੇ ਵਿੱਚ ਚਲ ਰਹੇ ਵਿਕਾਸ ਕਾਰਜਾਂ ਆਦਿ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਇਸ ਤੋਂ ਪਹਿਲਾ ਗੁਰਦਾਸਪੁਰ ਵਿਖੇ ਪਹੁੰਚਣ 'ਤੇ ਪੁਲਿਸ ਦੇ ਜਵਾਨਾਂ ਵਲੋਂ ਸਲਾਮੀ ਦੇ ਕੇ ਅਤੇ ਅਧਿਕਾਰੀਆਂ ਵਲੋਂ ਜੀ ਆਇਆਂ ਕਿਹਾ ਗਿਆ।
ਇਸ ਮੌਕੇ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ), ਜਸਪਿੰਦਰ ਸਿੰਘ, ਐੱਸ.ਡੀ.ਐੱਮ. ਦੀਨਾਨਗਰ, ਮਨਜੀਤ ਸਿੰਘ ਰਾਜਲਾ, ਐੱਸ.ਡੀ.ਐੱਮ, ਗੁਰਦਾਸਪੁਰ, ਵਿਕਰਮਜੀਤ ਸਿੰਘ ਪਾਂਥੇ ਐੱਸ.ਡੀ.ਐੱਮ, ਬਟਾਲਾ, ਸ੍ਰੀਮਤੀ ਜਯੋਤਸਨਾ ਸਿੰਘ, ਐੱਸ.ਡੀ.ਐੱਮ, ਕਲਾਨੌਰ, ਆਦਿੱਤਿਆ ਸ਼ਰਮਾ, ਐੱਸ.ਡੀ.ਐੱਮ, ਡੇਰਾ ਬਾਬਾ ਨਾਨਕ, ਗੁਰਮੰਦਿਰ ਸਿੰਘ, ਐੱਸ.ਡੀ.ਐੱਮ, ਫਤਿਹਗੜ੍ਹ ਚੂੜੀਆਂ, ਆਦਿੱਤਿਆ ਗੁਪਤਾ ਸਹਾਇਕ ਕਮਿਸ਼ਨਰ (ਜ), ਰੁਪਿੰਦਰਪਾਲ ਸਿੰਘ ਪੀ.ਸੀ.ਐੱਸ.ਅੰਡਰ ਟ੍ਰੈਨਿੰਗ , ਜਸਕਰਨ ਸਿੰਘ ਜਿਲਾ ਮਾਲ ਅਫਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।