Babushahi Big News ਸੋਸ਼ਲ ਮੀਡੀਆ ਸਟਾਰ ਕਮਲ ਕੌਰ ਭਾਬੀ ਦੇ ਸਨਸਨੀਖੇਜ਼ ਕਤਲ ਸਬੰਧੀ ਕਾਨੂੰਨੀ ਸ਼ਿਕੰਜਾ ਕਸਣਾ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ,24 ਅਕਤੂਬਰ 2025: ਪੰਜਾਬ ’ਚ ਤਹਿਲਕਾ ਮਚਾਉਣ ਵਾਲੇ ਕਰੀਬ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਕੰਚਨ ਕੁਮਾਰੀ ਨੂੰ ਕਤਲ ਕਰਨ ਦੇ ਮਾਮਲੇ ’ਚ ਮੁਲਜਮਾਂ ਖਿਲਾਫ ਕਾਨੂੰਨ ਦਾ ਸ਼ਿਕੰਜਾ ਕਸਣਾ ਸ਼ੁਰੂ ਹੋ ਗਿਆ ਹੈ। ਬਠਿੰਡਾ ਪੁਲਿਸ ਵੱਲੋਂ ਕਾਫੀ ਲੰਬੀ ਜਾਂਚ ਤੋਂ ਬਾਅਦ ਸਥਾਨਕ ਜਿਲ੍ਹਾ ਅਦਾਲਤ ਅੱਗੇ ਪੇਸ਼ ਕੀਤੇ ਚਲਾਨ ਦੇ ਅਧਾਰ ਤੇ ਇਸ ਮਾਮਲੇ ਵਿੱਚ ਕਤਲ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਦੋ ਨਿਹੰਗ ਸਿੰਘਾਂ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਹਨ। ਐਡੀਸ਼ਨਲ ਜਿਲ੍ਹਾ ਤੇ ਸੈਸ਼ਨਜ਼ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਇਸ ਕਤਲ ਮਾਮਲੇ ਦੀ ਵੀਰਵਾਰ ਨੂੰ ਪਹਿਲੀ ਸੁਣਵਾਈ ਕੀਤੀ ਅਤੇ ਦੋਵਾਂ ਨਿਹੰਗਾਂ ਜਸਪ੍ਰੀਤ ਸਿੰਘ ਅਤੇ ਨਿਮਰਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ । ਜਿਲ੍ਹਾ ਅਦਾਲਤ ਦੇ ਇਸ ਫੈਸਲੇ ਨਾਲ ਹੀ ਦੋਨਾਂ ਮੁਲਜਮਾਂ ਖਿਲਾਫ਼ ਮੁਕੱਦਮਾ ਚਲਾਉਣ ਦੀ ਪ੍ਰਕਿਰਿਆ ਰਸਮੀ ਤੌਰ ’ਤੇ ਸ਼ੁਰੂ ਹੋ ਗਈ ਹੈ।
ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ ਨੂੰ ਤੈਅ ਕੀਤੀ ਹੈ । ਮੰਨਿਆ ਜਾ ਰਿਹਾ ਹੈ ਕਿ ਇਸ ਦਿਨ ਗਵਾਹ ਪੇਸ਼ ਕਰਨ ਦਾ ਅਮਲ ਸ਼ੁਰੂ ਕੀਤਾ ਜਾਏਗਾ। ਲੁਧਿਆਣਾ ਦੀ ਵਸਨੀਕ ਕਮਲ ਕੌਰ ਉਰਫ਼ ਕੰਚਨ ਦੀ ਲਾਸ਼ 11 ਜੂਨ 2025 ਨੂੰ ਦੇਰ ਰਾਤ ਆਦੇਸ਼ ਹਸਪਤਾਲ ਭੁੱਚੋ ਮੰਡੀ ਦੇ ਨਜ਼ਦੀਕ ਪਾਰਕ ਕੀਤੀ ਹੋਈ ਕਾਰ ਚੋਂ ਮਿਲੀ ਸੀ। ਇਸ ਕਤਲ ਦੇ ਸਬੰਧ ਵਿੱਚ ਬਠਿੰਡਾ ਪੁਲਿਸ ਨੇ ਕਤਲ ਤੋਂ ਦੋ ਦਿਨ ਬਾਅਦ 13 ਜੂਨ 2025 ਨੂੰ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਹਿਰੋਂ ਜਿਲ੍ਹਾ ਮੋਗਾ ਅਤੇ ਨਿਮਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਹਰੀ ਕੇ ਪੱਤਣ ਜਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਸੀ। ਇਸ ਕਤਲ ਦੇ ਮਾਸਟਰਮਾਈਡ ਅੰਮ੍ਰਿਤਪਾਲ ਸਿੰਘ ਮਹਿਰੋਂ ਪੁੱਤਰ ਬਲਜਿੰਦਰ ਸਿੰਘ ਵਾਸੀ ਮਹਿਰੋਂ ਜਿਲ੍ਹਾ ਮੋਗਾ ਅਤੇ ਰਣਜੀਤ ਸਿੰਘ ਵਾਸੀ ਸੋਹਲ ਥਾਣਾ ਝਬਾਲ ਤੋਂ ਇਲਾਵਾ ਇੱਕ ਅਣਪਛਾਤੇ ਨੂੰ ਗ੍ਰਿਫਤਾਰ ਕਰਨਾ ਫਿਲਹਾਲ ਬਾਕੀ ਹੈ।
ਪੁਲਿਸ ਅਨੁਸਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਸਾਥੀ ਦੇ ਸਹਿਯੋਗ ਨਾਲ ਵਾਇਆ ਅੰਮ੍ਰਿਤਸਰ ਦੁਬਈ ਫਰਾਰ ਹੋ ਗਿਆ ਸੀ। ਬਠਿੰਡਾ ਪੁਲਿਸ ਨੇ 29 ਜੂਨ ਨੂੰ ਦੁਬਈ ਦੀ ਸਰਕਾਰ ਤੋਂ ਹਵਾਲਗੀ ਹਾਸਲ ਕਰਨ ਲਈ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਬਲਿਊ ਕਾਰਨਰ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਤਾਂ ਜੋ ਉਸ ਨੂੰ ਕਮਲ ਕੌਰ ਕਤਲ ਮਾਮਲੇ ’ਚ ਅਦਾਲਤ ਅੱਗੇ ਪੇਸ਼ ਕੀਤਾ ਜਾ ਸਕੇ। ਬਠਿੰਡਾ ਪੁਲਿਸ ਅਨੁਸਾਰ ਤਫਤੀਸ਼ ਦੌਰਾਨ ਨਿਹੰਗ ਜਸਪ੍ਰੀਤ ਸਿੰਘ ਅਤੇ ਨਿਮਰਜੀਤ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਮੁਲਜਮਾਂ ਨੇ ਪੁਲਿਸ ਨੂੰ ਦੱਸਿਆ ਕਿ ਕਮਲ ਕੌਰ ਭਾਬੀ ਸੋਸ਼ਲ ਮੀਡੀਆ ਤੇ ਕੌਮ ਦੀਆਂ ਭਾਵਨਾਵਾਂ ਭੜਕਾਉਣ ਵਾਲੇ ਅਸ਼ਲੀਲ ਅਤੇ ਬੇਹੂਦਾ ਵੀਡੀਓ ਆਦਿ ਪਾਉਂਦੀ ਸੀ ਜਿਸ ਕਰਕੇ ਉਸ ਨੂੰ ਕਤਲ ਕਰਨਾ ਪਿਆ ਹੈ। ਅਦਾਲਤ ਨੇ ਮੁਲਜਮਾਂ ਵੱਲੋਂ ਲਾਈ ਜਮਾਨਤ ਅਰਜੀ 19 ਸਤੰਬਰ ਨੂੰ ਰੱਦ ਕਰ ਦਿੱਤੀ ਸੀ।
ਪੁਲਿਸ ਕੇਸ ਅਨੁਸਾਰ ਅੰਮ੍ਰਿਤਪਾਲ ਮਹਿਰੋਂ ਨੇ ਕੰਚਨ ਕੁਮਾਰੀ ਨੂੰ ਬਠਿੰਡਾ ਵਿਖੇ ਗੱਡੀਆਂ ਦੀ ਪ੍ਰਮੋਸ਼ਨ ਲਈ ਜਾਣ ਬਾਰੇ ਕਿਹਾ ਤਾਂ ਕੰਚਨ 9 ਜੂਨ ਨੂੰ ਜਸਪ੍ਰੀਤ ਅਤੇ ਨਿਮਰਜੀਤ ਨਾਲ ਤਕਰੀਬਨ ਸਾਢੇ ਤਿੰਨ ਵਜੇ ਘਰੋਂ ਬਠਿੰਡਾ ਚਲੀ ਗਈ ਸੀ। ਇਸ ਤੋਂ ਕੁੱਝ ਘੰਟੇ ਬਾਅਦ ਕੰਚਨ ਕੁਮਾਰੀ ਦੀ ਲਾਸ਼ ਬਰਾਮਦ ਹੋ ਗਈ ਸੀ। ਇਸ ਦੌਰਾਨ ਮਹਿਰੋਂ ਨੇ ਵੀਡੀਓ ਜਾਰੀ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਸੀ ਉਹ ਸਿੱਖ ਨਾਮ ਵਰਤਕੇ ਸੋਸ਼ਲ ਮੀਡੀਆ ਤੇ ਇਤਰਾਜਯੋਗ ਸਮੱਗਰੀ ਪਰੋਸ ਰਹੀ ਹੈ। ਮਹਿਰੋਂ ਨੇ ਹੋਰ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਅਸ਼ਲੀਲ ਸਮੱਗਰੀ ਵਿਰੁੱਧ ਚੇਤਾਵਨੀ ਵੀ ਦਿੱਤੀ ਸੀ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਪੁਲਿਸ ਮਹਿਰੋਂ ਦੇ ਦੁਬਈ ’ਚ ਹੋਣ ਦੀ ਪੁਸ਼ਟੀ ਲਈ ਇਟਰਪੋਲ ਦੇ ਜਵਾਬ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਮਹਿਰੋਂ ਅਤੇ ਰਣਜੀਤ ਸਿੰਘ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ।
ਰਣਜੀਤ ਸਿੰਘ ਦੀ ਅਰਜੀ ਰੱਦ
ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਕਤਲ ਮਾਮਲੇ ’ਚ ਪੁਲਿਸ ਵੱਲੋਂ ਦੋਸ਼ੀ ਵਜੋਂ ਨਾਮਜਦ ਰਣਜੀਤ ਸਿੰਘ ਨੇ 13 ਅਕਤੂਬਰ ਨੂੰ ਐਡੀਸ਼ਨਲ ਜਿਲ੍ਹਾ ਤੇ ਸੈਸ਼ਨਜ਼ ਜੱਜ ਰਾਜੀਵ ਕਾਲੜਾ ਦੀ ਅਦਾਲਤ ’ਚ ਅਗਾੳਂ ਜਮਾਨਤ ਲਈ ਅਰਜੀ ਦਿੱਤੀ ਸੀ। ਅਰਜੀ ਦਾ ਵਿਰੋਧ ਕਰਦਿਆਂ ਸਰਕਾਰੀ ਪੱਖ ਨੇ ਅਦਾਲਤ ਨੂੰ ਦੱਸਿਆ ਸੀ ਕਿ ਰਣਜੀਤ ਸਿੰਘ ਇਸ ਹੱਤਿਆ ਦੀ ਸਾਜਿਸ਼ ਵਿੱਚ ਸ਼ਾਮਲ ਸੀ ਜਿਸ ਸਬੰਧੀ ਪੁਲਿਸ ਕੋਲ ਕਈ ਤਰਾਂ ਦੇ ਸਬੂਤ ਮੌਜੂਦ ਹਨ। ਅਦਾਲਤ ਨੇ ਲੰਘੀ 17 ਅਕਤੂਬਰ ਨੂੰ ਰਣਜੀਤ ਸਿੰਘ ਦੀ ਅਗਾਊਂ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਸੀ।
ਸੁਰਖੀਆਂ ’ਚ ਰਹੀ ਕਮਲ ਕੌਰ
ਸੋਸ਼ਲ ਮੀਡੀਆ ’ਤੇ ਲੱਚਰਤਾ ਭਰਪੂਰ ਤੇ ਭੱਦੀ ਸ਼ਬਦਾਵਲੀ ਵਾਲਾ ਮਸਾਲਾ ਪਾਉਣ ਕਰਕੇ ਕਮਲ ਕੌਰ ਸੁਰਖੀਆਂ ਵਿੱਚ ਰਹੀ ਸੀ। ਕਤਲ ਦੇ ਦੋ ਦਿਨਾਂ ਦੌਰਾਨ ਉਸਦੇ ਇੰਸਟਾਗ੍ਰਾਮ ਅਕਾਊਂਟ ਤੇ ਪ੍ਰਸ਼ੰਸਕਾਂ ਦੀ ਗਿਣਤੀ 3.83 ਲੱਖ ਤੋਂ ਵੱਧ ਕੇ 4.22 ਲੱਖ ਹੋ ਗਈ ਜੋ ਹੁਣ 4.81 ਲੱਖ ਤੱਕ ਜਾ ਪੁੱਜੀ ਹੈ। ਕੰਚਨ ਕੁਮਾਰੀ ਦੇ ਵੈਰੀਫਾਈਡ ਫੇਸਬੁੱਕ ਅਕਾਊਂਟ ਅਤੇ ਯੂਟਿਊਬ ਚੈਨਲ ਤੇ ਵੀ ਪ੍ਰਸੰਸਕ ਵਧੇ ਹਨ। ਭਾਬੀ ਕਮਲ ਕੌਰ ਦੇ ਇੰਸਟਗਰਾਮ ਅਕਾਊਂਟ ਤੇ ਪਈਆਂ ਵੀਡੀਓ ਤੇ ਕੰਚਨ ਕੁਮਾਰੀ ਦੇ ਫੇਸਬੱਕ ਅਕਾਊਂਟ ਤੇ ਪਾਈਆਂ ਫੋਟੋਆਂ ਵੀ ਉਸ ਦੇ ਰੰਗੀਨ ਮਿਜਾਜ ਹੋਣ ਦੀ ਗਵਾਹੀ ਭਰਦੀਆਂ ਹਨ। ਕੋਮਲ ਕੌਰ ਦੀ ਲਾਸ਼ ਨੂੰ ਪ੍ਰੀਵਾਰ ਦਾ ਮੋਢਾ ਵੀ ਨਸੀਬ ਨਹੀਂ ਹੋਇਆ ਤੇ ਉਸ ਦਾ ਅੰਤਿਮ ਸਸਕਾਰ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਨੇ ਕੀਤਾ ਸੀ।