ਅੰਮ੍ਰਿਤਸਰ, 27 ਨਵੰਬਰ 2016 : ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਜਿੰਨਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਹੈ, ਨੇ ਨਾਭਾ ਜੇਲ੍ਹ ਵਿਚੋਂ ਭਗੌੜੇ ਹੋਏ ਕੈਦੀਆਂ ਦੇ ਮਾਮਲੇ ਵਿਚ ਫਰਜਾਂ ਤੋਂ ਕੁਤਾਹੀ ਨੂੰ ਵੇਖਦੇ ਹੋਏ ਡੀ. ਜੀ. ਪੀ. ਜੇਲ੍ਹ ਨੂੰ ਮੁਅੱਤਲ ਕਰ ਦਿੱਤਾ ਅਤੇ ਨਾਭਾ ਜੇਲ੍ਹ ਦੇ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੂੰ ਡਿਸਮਿਸ ਕਰਨ ਦਾ ਹੁੱਕਮ ਦੇ ਦਿੱਤੇ। ਬੀਤੀ ਰਾਤ ਨੂੰ ਅੰਮ੍ਰਿਤਸਰ ਪਹੁੰਚੇ ਸ. ਸੁਖਬੀਰ ਸਿੰਘ ਬਾਦਲ ਨੂੰ ਜਦ ਸਵੇਰੇ ਉਕਤ ਘਟਨਾ ਦਾ ਪਤਾ ਲੱਗਾ ਤਾਂ ਉਨਾਂ ਨੇ ਇਸ ਦੀ ਜਾਂਚ ਕਰਨ ਦੇ ਆਦੇਸ਼ ਹੁਕਮ ਏ. ਡੀ. ਜੀ. ਪੀ. ਨੂੰ ਦਿੰਦੇ ਹੋਏ ਤਿੰਨ ਦਿਨਾਂ ਵਿਚ ਜਾਂਚ ਮੁਕੰਮਲ ਕਰਨ ਦਾ ਹੁੱਕਮ ਦਿੱਤਾ ਅਤੇ ਆਦੇਸ਼ ਦਿੱਤਾ ਕਿ ਤਿੰਨ ਦਿਨਾਂ ਵਿਚ ਜਾਂਚ ਮੁਕੰਮਲ ਕਰਕੇ ਗ੍ਰਹਿ ਸਕੱਤਰ ਦੇ ਹਵਾਲੇ ਕਰ ਦਿੱਤੀ ਜਾਵੇ।
ਇਸ ਮੌਕੇ ਪੱਤਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਭਗੌੜੇ ਕੈਦੀਆਂ ਦਾ ਪਿੱਛਾ ਕਰ ਰਹੀ ਹੈ ਅਤੇ ਜਲਦੀ ਹੀ ਉਹ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਕਿਸੇ ਤਰਾਂ ਦੇ ਡਰ ਜਾਂ ਚਿੰਤਾ ਕਰਨ ਦੀ ਲੋੜ ਨਹੀਂ, ਪੁਲਿਸ ਪੂਰੀ ਤਰਾਂ ਚੌਕਸ ਹੈ। ਇਸ ਮੌਕੇ ਵਧੀਕ ਗ੍ਰਹਿ ਸਕੱਤਰ ਸ. ਜਗਪਾਲ ਸਿੰਘ, ਡੀ. ਜੀ. ਪੀ. ਸ੍ਰੀ ਸੁਰੇਸ਼ ਅਰੋੜਾ, ਡੀ ਜੀ ਪੀ ਹਰਦੀਪ ਢਿਲੋਂ, ਡੀ ਜੀ ਪੀ ਦਿਨਕਰ ਗੁਪਤਾ, ਆਈ ਜੀ ਨਰੇਸ਼ ਕੁਮਾਰ ਅਰੋੜਾ, ਡੀ ਆਈ ਜੀ ਅਰੁਣ ਕੁਮਾਰ ਮਿੱਤਲ, ਕਮਿਸ਼ਨਰ ਪੁਲਿਸ ਲੋਕ ਨਾਥ ਆਂਗਰਾ ਅਤੇ ਹੋਰ ਪੁਲਿਸ ਅਧਿਕਾਰੀ ਵੀ ਉਨਾਂ ਨਾਲ ਹਾਜ਼ਰ ਸਨ।