ਭਾਜਪਾ ਨੇ ਐਮਰਜੈਂਸੀ ਦੀ 51ਵੀਂ ਵਰ੍ਹੇਗੰਢ ਮੌਕੇ ਸੰਘਰਸ਼ ਕਰਨ ਵਾਲੇ ਪਰਿਵਾਰਾਂ ਦਾ ਕੀਤਾ ਸਨਮਾਨ
ਦੀਪਕ ਜੈਨ, ਜਗਰਾਉਂ
ਐਮਰਜੈਂਸੀ ਦੀ 51ਵੀਂ ਵਰ੍ਹੇਗੰਢ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਜਗਰਾਓਂ ਵਿੱਚ ਐਮਰਜੈਂਸੀ ਦੌਰਾਨ ਜੇਲ੍ਹ ਯਾਤਰਾ ਕਰਨ ਵਾਲੇ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਘਰ-ਘਰ ਜਾ ਕੇ ਸਨਮਾਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸ਼ਹੀਦ ਸਤਪਾਲ ਕਤਿਆਲ ਦੇ ਪਰਿਵਾਰ, ਵੈਦ ਚਿਰੰਜੀ ਲਾਲ ਦੇ ਪਰਿਵਾਰ, ਵੈਦ ਪ੍ਰੇਮ ਘੱਲਾਂ ਵਾਲੇ, ਦਵਿੰਦਰ ਨਾਥ ਸਿੰਘ ਦੇ ਪਰਿਵਾਰ, ਪਵਨ ਕੁਮਾਰ ਦੇ ਪਰਿਵਾਰ, ਰਵਿੰਦਰ ਸਿੰਘ ਵਰਮਾ ਅਤੇ ਰਾਮ ਆਸਰਾ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਡਾ. ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 25 ਜੂਨ 1975 ਨੂੰ ਲਾਗੂ ਕੀਤੀ ਗਈ ਐਮਰਜੈਂਸੀ ਭਾਰਤੀ ਲੋਕਤੰਤਰ ਦੇ ਇਤਿਹਾਸ ਦਾ ਕਾਲਾ ਦੌਰ ਸੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਮੌਲਿਕ ਅਧਿਕਾਰ ਮੁਅੱਤਲ ਕੀਤੇ ਗਏ, ਪ੍ਰੈੱਸ 'ਤੇ ਸੈਂਸਰਸ਼ਿਪ ਲਗਾਈ ਗਈ ਅਤੇ ਵਿਰੋਧੀ ਨੇਤਾਵਾਂ, ਪੱਤਰਕਾਰਾਂ ਅਤੇ ਹੋਰ ਲੋਕਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਗਿਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ 21 ਮਹੀਨਿਆਂ ਬਾਅਦ ਹੋਈਆਂ 1977 ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਆਪਣਾ ਫ਼ੈਸਲਾ ਸੁਣਾਇਆ ਅਤੇ ਲੋਕਤੰਤਰ ਮੁੜ ਬਹਾਲ ਹੋਇਆ। ਭਾਜਪਾ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਨੇ 25 ਜੂਨ ਨੂੰ "ਸੰਵਿਧਾਨ ਕਤਲ ਦਿਵਸ" ਵਜੋਂ ਮਨਾਉਣ ਦਾ ਫ਼ੈਸਲਾ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਹੈ। ਇਸ ਮੌਕੇ ਐੱਮਸੀ ਸਤੀਸ਼ ਪੱਪੂ, ਵਾਈਸ ਪ੍ਰਧਾਨ ਕ੍ਰਿਸ਼ਨ ਕੁਮਾਰ ਇੰਦੋਰਾ, ਅਨਿਲ ਕੁਮਾਰ ਸ਼ੈਂਟੀ ਚੋਪੜਾ, ਰਾਜ ਵਰਮਾ, ਗੌਰਵ ਗੁਪਤਾ, ਬੱਬੀ ਕਤਿਆਲ, ਅਨਮੋਲ ਕਤਿਆਲ, ਸੁਰੇਸ਼ ਗਰਗ, ਅਮਿਤ ਸ਼ਰਮਾ ਅਤੇ ਹੋਰ ਆਗੂ ਹਾਜ਼ਰ ਸਨ।
- Download Babushahi App
-
-