ਬਰਨਾਲਾ 'ਚ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ: ਵਧਦੀ ਲਾਗਤ ਤੇ ਮਹਿੰਗੀ ਮਜ਼ਦੂਰੀ ਦੇ ਚੱਕਰਵਿਊ 'ਚ ਫਸਿਆ ਪੰਜਾਬ ਦਾ ਕਿਸਾਨ, ਪ੍ਰਵਾਸੀ ਮਜ਼ਦੂਰਾਂ ਨੇ ਵੀ ਦੱਸੀ ਆਪਣੀ ਮਜਬੂਰੀ
ਜ਼ਮੀਨਾਂ ਦੇ ਠੇਕੇ 80-85 ਹਜ਼ਾਰ ਰੁਪਏ ਤੱਕ ਪਹੁੰਚੇ; ਡੀਜ਼ਲ, ਪੈਟਰੋਲ ਅਤੇ ਖਾਦ-ਦਵਾਈਆਂ ਦੀਆਂ ਕੀਮਤਾਂ ਅਸਮਾਨੀਂ
ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਮਹਿੰਗੇ ਰੇਟਾਂ 'ਤੇ ਝੋਨਾ ਲਵਾਉਣ ਲਈ ਮਜਬੂਰ; ਮਜ਼ਦੂਰਾਂ ਨੇ ਮਹਿੰਗਾਈ ਨੂੰ ਦੱਸਿਆ ਵਜ੍ਹਾ
ਕਿਸਾਨਾਂ ਦੀ ਸਰਕਾਰ ਤੋਂ ਮੰਗ- "ਕਣਕ-ਝੋਨੇ ਵਾਂਗ ਦੂਜੀਆਂ ਫ਼ਸਲਾਂ 'ਤੇ ਵੀ ਮਿਲੇ ਪੱਕੀ MSP, ਤਾਂ ਹੀ ਨਿਕਲਾਂਗੇ ਇਸ ਚੱਕਰਵਿਊ 'ਚੋਂ"
ਕਮਲਜੀਤ ਸਿੰਘ ਸੰਧੂ
ਬਰਨਾਲਾ, 25 ਜੂਨ 2026-
ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜ਼ੋਰਾਂ 'ਤੇ ਹੈ, ਪਰ ਇਸ ਵਾਰ ਖੇਤਾਂ ਵਿੱਚ ਫ਼ਸਲ ਦੇ ਨਾਲ-ਨਾਲ ਵਧਦੇ ਖਰਚਿਆਂ ਅਤੇ ਮਜ਼ਦੂਰੀ ਨੂੰ ਲੈ ਕੇ ਚਰਚਾ ਕਾਫੀ ਗਰਮ ਹੈ। ਇੱਕ ਪਾਸੇ ਕਿਸਾਨ ਵਧ ਰਹੀ ਲਾਗਤ ਤੋਂ ਪ੍ਰੇਸ਼ਾਨ ਹਨ, ਤਾਂ ਦੂਜੇ ਪਾਸੇ ਵੱਖ-ਵੱਖ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰ ਵੀ ਆਪਣੀਆਂ ਆਰਥਿਕ ਮਜਬੂਰੀਆਂ ਸਾਹਮਣੇ ਰੱਖ ਰਹੇ ਹਨ। ਦੋਵਾਂ ਪੱਖਾਂ ਦਾ ਕਹਿਣਾ ਹੈ ਕਿ ਮਹਿੰਗਾਈ ਨੇ ਉਨ੍ਹਾਂ ਦੀ ਸਥਿਤੀ ਬੇਹੱਦ ਮੁਸ਼ਕਿਲ ਬਣਾ ਦਿੱਤੀ ਹੈ। ਅਜਿਹੇ ਵਿੱਚ ਮਜਬੂਰ ਕਿਸਾਨ ਮਹਿੰਗੀ ਮਜ਼ਦੂਰੀ ਦੇ ਕੇ ਝੋਨੇ ਦੀ ਲਵਾਈ ਕਰਵਾ ਰਹੇ ਹਨ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਝੋਨੇ ਦੀ ਬਿਜਾਈ ਹੁਣ ਉਨ੍ਹਾਂ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹਿੰਗੀ ਸਾਬਤ ਹੋ ਰਹੀ ਹੈ। ਜ਼ਮੀਨ ਦਾ ਠੇਕਾ 80 ਤੋਂ 85 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਪਹੁੰਚ ਚੁੱਕਾ ਹੈ। ਇਸ ਤੋਂ ਇਲਾਵਾ ਡੀਜ਼ਲ, ਪੈਟਰੋਲ, ਦਵਾਈਆਂ ਅਤੇ ਸਪ੍ਰੇਅ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਪ੍ਰਵਾਸੀ ਮਜ਼ਦੂਰ ਵੀ ਘੱਟ ਗਿਣਤੀ ਵਿੱਚ ਪਹੁੰਚੇ ਹਨ, ਜਿਸ ਕਾਰਨ ਮਜ਼ਦੂਰੀ ਦੇ ਰੇਟ ਬਹੁਤ ਵਧ ਗਏ ਹਨ। ਇਸ ਕਾਰਨ ਖੇਤੀ ਵਿੱਚ ਲਾਭ ਘੱਟ ਅਤੇ ਖਰਚਾ ਜ਼ਿਆਦਾ ਮਹਿਸੂਸ ਹੋ ਰਿਹਾ ਹੈ।
ਦੂਜੇ ਪਾਸੇ ਖੇਤਾਂ ਵਿੱਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਪਿੱਛੇ ਉਨ੍ਹਾਂ ਦੇ ਰਾਜਾਂ ਵਿੱਚ ਵੀ ਮਹਿੰਗਾਈ ਬਹੁਤ ਵਧ ਚੁੱਕੀ ਹੈ। ਘਰਾਂ ਦੇ ਗੁਜ਼ਾਰੇ ਅਤੇ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਚੁੱਕਣ ਲਈ ਉਨ੍ਹਾਂ ਨੂੰ ਜ਼ਿਆਦਾ ਮਜ਼ਦੂਰੀ ਮੰਗਣੀ ਪੈਂਦੀ ਹੈ, ਕਿਉਂਕਿ ਆਉਣ-ਜਾਣ ਦਾ ਕਿਰਾਇਆ ਅਤੇ ਇੱਥੇ ਰਹਿਣ ਦਾ ਖਰਚਾ ਵੀ ਪਹਿਲਾਂ ਨਾਲੋਂ ਵੱਧ ਗਿਆ ਹੈ।
ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਕਿਸਾਨੀ ਨੂੰ ਬਚਾਉਣਾ ਹੈ ਤਾਂ ਕਣਕ ਅਤੇ ਝੋਨੇ ਤੋਂ ਇਲਾਵਾ ਹੋਰਨਾਂ ਬਦਲਵੀਆਂ ਫ਼ਸਲਾਂ 'ਤੇ ਵੀ ਪੱਕੀ ਐਮ.ਐਸ.ਪੀ. (MSP) ਤੈਅ ਕੀਤੀ ਜਾਵੇ। ਇਸ ਦੇ ਨਾਲ ਹੀ ਖੇਤੀ ਨਾਲ ਜੁੜੇ ਖਰਚਿਆਂ ਅਤੇ ਲਾਗਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੂੰ ਤੁਰੰਤ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
- Download Babushahi App
-
-