Political Special ਵਿਧਾਨ ਸਭਾ ਚੋਣਾਂ : ਤੇਰੀ ਮੋਹ ਭਰੀ ਤੱਕਣੀ ’ਤੇ ਬਠਿੰਡਿਆ ਪਿਆਰ ਨਾਲ ਜਿੰਦਾਬਾਦ ਲਿਖਣਾ
ਅਸ਼ੋਕ ਵਰਮਾ
ਬਠਿੰਡਾ, 12 ਜੂਨ 2026: ਕੀ ਆਮ ਆਦਮੀ ਪਾਰਟੀ ਨਗਰ ਨਿਗਮ ਬਠਿੰਡਾ ਦੇ ਬਿਨਾਂ ਮੁਕਾਬਲਾ ਜਿੱਤਕੇ ਮੁੜ ਤੋਂ ਮੇਅਰ ਬਣੇ ਪਦਮਜੀਤ ਮਹਿਤਾ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ਼ਹਿਰ ਦੀ ਸਰਦਾਰੀ ਦੇਣ ਦੀ ਤਿਆਰੀ ਕਰ ਰਹੀ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਮੌਕੇ ਕੀਤੇ ਇਸ਼ਾਰੇ ਅਤੇ ਰੋਡ ਸ਼ੋਅ ਦੌਰਾਨ ਵਿਧਾਇਕ ਦੀ ਗੈਰਹਾਜ਼ਰੀ ਨੇਂ ਸ਼ਹਿਰ ਦੇ ਸਿਆਸੀ ਅਤੇ ਪ੍ਰਸ਼ਾਸ਼ਨਿਕ ਹਲਕਿਆਂ ’ਚ ਇਸ ਸਬੰਧੀ ਚਰਚਾ ਛੇੜ ਦਿੱਤੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਇੱਕ ਮੇਅਰ ਦੀ ਤਾਜਪੋਸ਼ੀ ਲਈ ਮੁੱਖ ਮੰਤਰੀ ਭਗਵੰਤ ਮਾਨ , ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ , ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪ੍ਰਧਾਨ ਅਮਨ ਅਰੋੜਾ ਆਦਿ ਪੁੱਜੇ ਹੋਣ। ਇਹ ਮਾਹਿਰ ਆਖਦੇ ਹਨ ਕਿ ਬਠਿੰਡਾ ’ਚ ਅੱਜ ਕੱਢਿਆ ਰੋਡ ਸ਼ੋਅ ਕੋਈ ਸਹਿਜ ਸਰਗਰਮੀ ਨਹੀਂ ਬਲਕਿ ਇਸ ਪਿੱਛੇ ਕੋਈ ਵੱਡੀ ਸਿਆਸੀ ਰਣਨੀਤੀ ਕੰਮ ਕਰਦੀ ਦਿਖਾਈ ਦਿੰਦੀ ਹੈ।
ਭਾਵੇਂ ਇਹ ਵਕਤੋਂ ਪਹਿਲਾਂ ਦੀ ਗੱਲ ਹੈ ਪਰ ਅਹਿਮ ਸੂਤਰ ਦੱਸਦੇ ਹਨ ਕਿ ‘ਆਪ’ ਹਾਈਕਮਾਂਡ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੂੰ ਇਸ ਸਬੰਧੀ ਇਸ਼ਾਰਾ ਕਰ ਦਿੱਤਾ ਹੈ। ਹਾਲਾਂਕਿ ਸ੍ਰੀ ਮਹਿਤਾ ਸਿੱਧੇ ਤੌਰ ’ਤੇ ਫਿਲਹਾਲ ਕੁੱਝ ਕਹਿਣ ਤੋਂ ਗੁਰੇਜ਼ ਕਰ ਰਹੇ ਹਨ ਪਰ ਸੂਤਰਾਂ ਮੁਤਾਬਕ ਉਹ ਆਪਣੇ ਪੁੱਤਰ ਨੂੰ ‘2027’ ’ਚ ਹਲਕਾ ਬਠਿੰਡਾ ਦੇ ਚੋਣ ਮੈਦਾਨ ਵਿੱਚ ਉਤਾਰਨ ਦਾ ਮਨ ਬਣਾਈ ਬੈਠੇ ਹਨ। ਅਮਰਜੀਤ ਮਹਿਤਾ ਦੇ ਪ੍ਰੀਵਾਰਕ ਸੂਤਰਾਂ ਨੇ ਵੀ ਮੰਨਿਆ ਹੈ ਕਿ ਪਦਮਜੀਤ ਮਹਿਤਾ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਬਠਿੰਡਾ ਤੋਂ ਚੋਣ ਲੜਨ ਦੀ ਤਿਆਰੀ ਖਿੱਚ ਲਈ ਹੈ, ਬਸ਼ਰਤੇ ਕੋਈ ਵੱਡਾ ਅੜਿੱਕਾ ਨਾ ਖੜ੍ਹਾ ਹੋਵੇ। ਇਹੋ ਜਾਣਕਾਰੀ ਇੱਕ ਅਜਿਹੇ ਸੂਤਰਾਂ ਨੇ ਦਿੱਤੀ ਹੈ ਜਿਨ੍ਹਾਂ ਨੇ ਵਾਰਡ ਨੰਬਰ 48 ਦੀ ਜਿਮਨੀ ਚੋਣ ਤੋਂ ਪਹਿਲਾਂ ਇਸ ਪੱਤਰਕਾਰ ਕੋਲ ਪੇਸ਼ੀਨਗੋਈ ਕੀਤੀ ਸੀ ਕਿ ਇਹ ਚੋਣ ਜਿਤਕੇ ਪਦਮਜੀਤ ਮਹਿਤਾ ਮੇਅਰ ਬਣਨ ਜਾ ਰਿਹਾ ਹੈ।
‘ਆਪ’ ਹਾਈਕਮਾਂਡ ਦਾ ਫੈਸਲਾ ਵਿਧਾਇਕ ਸਮੇਤ ਕਈ ਆਗੂਆਂ ਲਈ ਘਬਰਾਹਟ ਵਾਲਾ ਹੋ ਸਕਦਾ ਹੈ ਪਰ ਜਿੱਦਾਂ ਦੀ ਸਿਆਸੀ ਸਥਿਤੀ ਪੰਜਾਬ ’ਚ ਬਣ ਰਹੀ ਹੈ ਉਸ ਨੂੰ ਦੇਖਦਿਆਂ ਪਾਰਟੀ ਵੀ ਬਠਿੰਡਾ ਤੋਂ ਮਜਬੂਤ ਉਮੀਦਵਾਰ ਉਤਾਰਨ ਦੇ ਰੌਂਅ ’ਚ ਨਜ਼ਰ ਆਉਂਦੀ ਹੈ। ਦੇਖਿਆ ਜਾਏ ਤਾਂ ਹਾਲੀਆ ਨਗਰ ਨਿਗਮ ਚੋਣਾਂ ਦੌਰਾਨ ਅਮਰਜੀਤ ਮਹਿਤਾ ਅਤੇ ਪਦਮਜੀਤ ਮਹਿਤਾ ਵੱਲੋਂ ਚੋਣ ਪ੍ਰਚਾਰ ਦੌਰਾਨ ਚਲਾਈਆਂ ਸਰਗਰਮੀਆਂ ਤੋਂ ਵੀ ਇਹੋ ਸਪਸ਼ਟ ਹੁੰਦਾ ਹੈ ਕਿ ਮਹਿਤਾ ਪ੍ਰੀਵਾਰ ਨੇ ਜ਼ਮੀਨੀ ਪੱਧਰ ’ਤੇ ਤਿਆਰੀਆਂ ਵਿੱਢ ਦਿੱਤੀਆਂ ਹਨ ਅਤੇ ਉਹ ਬਠਿੰਡਾ ਹਲਕੇ ਤੋਂ ਸਿਆਸੀ ਦਾਅ ਖੇਡਣ ਦੇ ਇੱਛੁਕ ਹਨ। ਚੋਣ ਪ੍ਰਚਾਰ ਦੌਰਾਨ ਪਿਤਾ ਪੁੱਤਰ ਨਾਲ ਸਾਏ ਦੀ ਤਰਾਂ ਰਹਿਣ ਵਾਲੇ ਇੱਕ ਆਗੂ ਨੇ ਦੱਸਿਆ ਕਿ ਪਦਮਜੀਤ ਮਹਿਤਾ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਤੱਕ ਸ਼ਹਿਰ ’ਚ ਵੱਡੀ ਪੱਧਰ ’ਤੇ ਸਰਗਰਮੀਆਂ ਸ਼ੁਰੂ ਕਰ ਰਹੇ ਹਨ ਜਿਸ ਦੌਰਾਨ ਜਨਤਕ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੀ ਯੋਜਨਾ ਹੈ।
ਸੂਤਰ ਆਖਦੇ ਹਨ ਕਿ ਨਿਗਮ ਅਧਿਕਾਰੀਆਂ ਅਤੇ ਬਠਿੰਡਾ ਪ੍ਰਸ਼ਾਸ਼ਨ ਨੂੰ ਉੱਪਰੋਂ ਜੁਬਾਨੀ ਹੁਕਮ ਆ ਗਏ ਹਨ ਕਿ ਨਵੇਂ ਮੇਅਰ ਦੇ ਹੁਕਮਾਂ ’ਤੇ ਫੁੱਲ ਚੜ੍ਹਾਏ ਜਾਣ। ਸ਼ਹਿਰ ਦੇ ਪਤਵੰਤਿਆਂ ਦਾ ਵੀ ਮੰਨਣਾ ਹੈ ਕਿ 2027 ’ਚ ਪਦਮਜੀਤ ਮਹਿਤਾ ਨੂੰ ਝਾੜੂ ਫੜਾਇਆ ਜਾ ਸਕਦਾ ਹੈ। ਲੋਕ ਆਖਦੇ ਹਨ ਕਿ ਪਦਮਜੀਤ ਤੋਂ ਪਹਿਲਾਂ ਤਿੰਨ ਮੇਅਰ ਬਣੇ ਸਨ ਪਰ ਉਨ੍ਹਾਂ ਕਿਸੇ ਨੂੰ ਲੋਕਾਂ ਵਿੱਚ ਐਨਾ ਵਿਚਰਦਾ ਨਹੀਂ ਦੇਖਿਆ ਹੈ। ਬਠਿੰਡਾ ਦੇ ਲੋਕ ਕੰਮ ਕਰਨ ਵਾਲਿਆਂ ਦੇ ਹੱਕ ’ਚ ਭਗਤਣ ਵਾਲਾ ਸੁਭਾਅ ਰੱਖਦੇ ਹਨ ਜਿਸ ਦਾ ਫ਼ਾਇਦਾ ਮਹਿਤਾ ਪ੍ਰੀਵਾਰ ਹੁਣ ਅਗਾਮੀ ਚੋਣਾਂ ਵਿੱਚ ਲੈਣਾ ਚਾਹੁੰਦਾ ਹੈ। ਸੂਤਰਾਂ ਅਨੁਸਾਰ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੇ ਚੁੱਪ ਚੁਪੀਤੇ ਬਠਿੰਡਾ ਚੋਂ ਸਿਆਸੀ ਸੂਹ ਲੈਣੀ ਸ਼ੁਰੂ ਕੀਤੀ ਹੋਈ ਹੈ। ਇੱਕ ਆਪ ਆਗੂ ਨੇ ਨਿੱਜੀ ਰਾਇ ਦਿੰਦਿਆਂ ਕਿਹਾ ਕਿ ਮਿਸ਼ਨ 2027 ਮੌਕੇ ਪਦਮਜੀਤ ਮਹਿਤਾ ਵਰਗਾ ਸਰਗਰਮ ਨੌਜਵਾਨ ਹੀ ਵਿਰੋਧੀ ਧਿਰਾਂ ਨੂੰ ਸਖ਼ਤ ਟੱਕਰ ਦੇ ਸਕਦਾ ਹੈ।
ਇਸ ਆਗੂ ਦਾ ਪ੍ਰਤੀਕਰਮ ਸੀ ਕਿ ਬਾਕੀ ਦਾਣੇ ਪਾਣੀ ਦੀ ਗੱਲ ਹੈ , ਜਿੱਥੋਂ ਦਾ ਤੇ ਜਿਹੋ ਜਿਹਾ ਲਿਖਿਆ, ਉੱਥੇ ਜਾਣਾ ਪੈਂਦਾ ਹੈ। ਲਾਈਨੋਪਾਰ ਦੇ ਇੱਕ ਵਿਰੋਧੀ ਨੇਤਾ ਦਾ ਪ੍ਰਤੀਕਰਮ ਸੀ ਕਿ ਇਹ ਗੱਲ ਜੱਗ ਜਾਹਰ ਹੈ ਕਿ ਪੁੱਤਰ ਨੂੰ ਸਿਆਸੀ ਤੌਰ ’ਤੇ ਅਗਾਂਹ ਵਧਾਉਣ ਲਈ ਮਹਿਤਾ ਪ੍ਰੀਵਾਰ ਨੇ ਜਨਤਕ ਮੁਹਿੰਮ ਵਿੱਢੀ ਹੈ। ਯਾਦ ਰਹੇ ਕਿ ਬਠਿੰਡਾ ਤੋਂ ਵਿਧਾਇਕ ਜਗਰੂਪ ਗਿੱਲ ਹਨ ਜੋ 2021 ’ਚ ਵਾਰਡ ਨੰਬਰ 48 ਤੋਂ ਕੌਂਸਲਰ ਬਣੇ ਸਨ । ਇਸੇ ਵਾਰਡ ਦੀ ਜਿਮਨੀ ਚੋਣ ਦੌਰਾਨ ਗਿੱਲ ਨਾਲੋਂ ਵੱਡੀ ਜਿੱਤ ਨਾਲ ਮੇਅਰ ਬਣਕੇ ਪਦਮਜੀਤ ਮਹਿਤਾ ਨੇ ਸਿਆਸੀ ਧੁੰਨਤਰਾਂ ਨੂੰ ਉਂਗਲਾਂ ਟੁੱਕਣ ਲਾ ਦਿੱਤਾ ਸੀ। ਇਸੇ ਕਾਰਨ ਗਿੱਲ ਅਤੇ ਮਹਿਤਾ ਵਿਚਕਾਰ ਨਰਾਜ਼ਗੀ ਣੀ ਹੋਈ ਹੈ। ਨਗਰ ਨਿਗਮ ਚੋਣਾਂ ਦੌਰਾਨ ਟਿਕਟਾਂ ਅਮਰਜੀਤ ਮਹਿਤਾ ਦੀ ਸਿਫਾਰਸ਼ ’ਤੇ ਦਿੱਤੀਆਂ ਗਈਆਂ ਸਨ। ਇਹ ਵੱਖਰੀ ਗੱਲ ਹੈ ਕਿ ਵਿਧਾਇਕ ਨੇ ਆਪਣੇ ਭਾਣਜੇ ਨੂੰ ਚੋਣ ਲੜਨ ਨਹੀਂ ਦਿੱਤੀ ਸੀ।
ਲੋਕਤੰਤਰ ’ਚ ਸਭ ਦਾ ਹੱਕ
ਮਹਿਤਾ ਪ੍ਰੀਵਾਰ ਦੇ ਨਜ਼ਦੀਕੀ ਹਲਕਿਆਂ ਦਾ ਕਹਿਣਾ ਕਿ ਲੋਕਤੰਤਰ ’ਚ ਹਰ ਕਿਸੇ ਨੂੰ ਚੋਣ ਲੜਨ ਅਤੇ ਖਾਹਿਸ਼ ਰੱਖਣ ਦਾ ਹੱਕ ਹੈ ਇਸ ਲਈ ਪਦਮਜੀਤ ਮਹਿਤਾ ਦੇ ਮਾਮਲੇ ’ਚ ਕੁੱਝ ਵੀ ਗਲ੍ਹਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਰਕਾਲ ਦੌਰਾਨ ਪਦਮਜੀਤ ਮਹਿਤਾ ਦੀ ਜਿਹੋ ਜਿਹੀ ਕਾਰਜਸ਼ੈਲੀ ਰਹੀ ਉਸ ਨੂੰ ਦੇਖਦਿਆਂ ਸ਼ਹਿਰ ਨੂੰ ਅਜਿਹੇ ਨੌਜਵਾਨ ਦੀ ਜਰੂਰਤ ਵੀ ਹੈ।
- Download Babushahi App
-
-