ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਲਾਈਨਮੈਨਾਂ ਦੀ ਪੁਲਿਸ ਕੁੱਟਮਾਰ ਦਾ ਨੋਟਿਸ
ਅਸ਼ੋਕ ਵਰਮਾ
ਬਠਿੰਡਾ,5 ਜੂਨ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਪਟਿਆਲਾ ਵਿਖੇ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਨੌਕਰੀਆਂ ਦੀ ਮੰਗ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਸ਼ੂਆਂ ਵਾਂਗੂੰ ਕੁੱਟਣ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਸਰਕਾਰ ਦਾ ਸਾਰਾ ਜ਼ੋਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਉਹਨਾਂ ਨੂੰ ਕੁੱਟ ਕੇ ਚੁੱਪ ਕਰਵਾਉਣ ਵੱਲ ਲੱਗਿਆ ਹੋਇਆ ਹੈ। ਚੱਲ ਰਹੇ ਕਾਇਦੇ ਕਾਨੂੰਨ ਅਨੁਸਾਰ ਹਜ਼ਾਰਾਂ ਨੌਜਵਾਨ ਪਾਵਰਕੌਮ ਵਿੱਚ ਲਾਈਨਮੈਨ ਦੀ ਸਿਖਲਾਈ ਲੈ ਰਹੇ ਹਨ।
ਉਹਨਾਂ ਕਿਹਾ ਕਿ ਇਹ ਨੌਜਵਾਨ ਆਈਟੀਆਈ ਪਾਸ ਹਨ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਹ ਲਾਈਨਮੈਨ ਦੀ ਪੋਸਟ ਦੇ ਯੋਗ ਹੋ ਜਾਂਦੇ ਹਨ। ਪਹਿਲਾਂ ਇਸ ਸਿਖਲਾਈ ਨੂੰ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਸਿੱਧਾ ਰੈਗੂਲਰ ਲਾਈਨਮੈਨ ਭਰਤੀ ਕੀਤਾ ਜਾਂਦਾ ਸੀ ਪਰ ਹੁਣ ਉਹਨਾਂ ਨੂੰ ਸਹਾਇਕ ਲਾਈਨਮੈਨ ਭਰਤੀ ਕੀਤਾ ਜਾਂਦਾ ਹੈ। ਸਰਕਾਰ ਇੱਕ ਪਾਸੇ ਤਾਂ ਇਹਨਾਂ ਨੂੰ ਸਿਖਲਾਈ ਦੇ ਰਹੀ ਹੈ, ਦੂਜੇ ਪਾਸੇ ਇਸ਼ਤਿਹਾਰ ਕੱਢ ਦਿੱਤਾ ਕਿ ਬਿਨਾਂ ਸਿਖਲਾਈ ਤੋਂ ਹੀ ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਜਾਵੇਗੀ। ਇਸ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜਾ ਕੀਤਾ ਹੈ।
ਅਪਰੈਂਟਿਸਿਪ ਕਰਨ ਵਾਲੇ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਵਿਖੇ ਧਰਨਾ ਲਗਾ ਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਤਿੰਨ ਜੂਨ ਨੂੰ ਵੀ ਉਹਨਾਂ ਨਾਲ ਪੁਲਿਸ ਨੇ ਧੱਕਾ ਮੁੱਕੀ ਕਰਕੇ ਜਬਰੀ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਜ ਫਿਰ ਉਹਨਾਂ ਨੂੰ ਬੁਰੀ ਤਰ੍ਹਾਂ ਡਾਂਗਾਂ ਨਾਲ ਕੁੱਟਿਆ ਗਿਆ ਹੈ। ਨੌਜਵਾਨ ਸ਼ਾਂਤਮਈ ਬੈਠੇ ਪੁਲਿਸ ਦੀਆਂ ਡਾਂਗਾਂ ਦੀ ਮਾਰ ਝੱਲਦੇ ਰਹੇ। ਇੰਨੀ ਬੇਦਰਦੀ ਨਾਲ ਉਹਨਾਂ ਨੂੰ ਕੁੱਟਿਆ ਗਿਆ ਕਿ ਮੀਰ ਮੰਨੂ ਨੂੰ ਵੀ ਸ਼ਰਮ ਆ ਜਾਵੇ।
ਸੂਬਾ ਕਮੇਟੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਮੰਨਣ ਦੇ ਫੋਕੇ ਦਿਲਾਸੇ ਦੇ ਰਹੀ ਹੈ ਦੂਜੇ ਪਾਸੇ ਰੁਜਗਾਰ ਦੀ ਮੰਗ ਕਰ ਰਹੇ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਹੈ। ਸਰਕਾਰ ਦੇ ਇਸ ਜਬਰ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਥੋੜੀ ਹੈ।
ਸੂਬਾ ਕਮੇਟੀ ਨੇ ਮੰਗ ਕੀਤੀ ਕਿ ਸਿਖਲਾਈ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਰੈਗੂਲਰ ਲਾਈਨਮੈਨ ਭਰਤੀ ਕੀਤਾ ਜਾਵੇ ਅਤੇ ਬਿਨਾਂ ਸਿਖਲਾਈ ਵਾਲਿਆਂ ਨੂੰ ਸਰਕਾਰੀ ਇਸ਼ਤਿਹਾਰ ਅਨੁਸਾਰ ਸਹਾਇਕ ਲਾਈਨਮੈਨ ਭਰਤੀ ਕਰਕੇ ਮਸਲੇ ਦਾ ਹੱਲ ਕੀਤਾ ਜਾਵੇ।
- Download Babushahi App
-
-