ਭਾਜਪਾ ਆਗੂ ਵੀਨੂ ਗੋਇਲ ਵੱਲੋਂ ਬਠਿੰਡਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਮੋਦੀ ਸਰਕਾਰ ਦਾ ਧੰਨਵਾਦ
ਅਸ਼ੋਕ ਵਰਮਾ
ਬਠਿੰਡਾ, 11 ਮਈ 2026: ਬਠਿੰਡਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਪ੍ਰਵਾਨ ਕੀਤੇ 102 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਲੈ ਕੇ ਭਾਜਪਾ ਆਗੂ ਵੀਨੂੰ ਗੋਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਫੇਸਬੁੱਕ ਉਪਰ ਇਕ ਪੋਸਟ ਰਾਹੀਂ ਕੀਤੇ ਐਲਾਨ ਤੋਂ ਬਾਅਦ ਭਾਜਪਾ ਆਗੂ ਦੀ ਇਹ ਪ੍ਰਤਿਕਿਰਿਆ ਸਾਹਮਣੇ ਆਈ ਹੈ। ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ 102 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਅਤੇ ਨਵੀਨੀਕਰਨ ਨੂੰ ਮਨਜ਼ੂਰੀ ਮਿਲਣ ਸੁਬੰਧੀ ਵੀਨੂੰ ਗੋਇਲ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਵਿਕਾਸ ਨਾਲ ਬਠਿੰਡਾ ਵਾਸੀਆਂ ਅਤੇ ਪੂਰੇ ਮਾਲਵਾ ਖੇਤਰ ਵਿੱਚ ਤਰੱਕੀ ਦੇ ਵੱਡੇ ਰਾਹ ਖੁੱਲ੍ਹਣਗੇ।
ਉਹਨਾਂ ਕਿਹਾ ਕਿ ਬੇਸ਼ੱਕ ਬਠਿੰਡਾ ਦਾ ਰੇਲਵੇ ਸਟੇਸ਼ਨ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਪਹਿਲਾਂ ਵੀ ਪ੍ਰਸਿੱਧ ਹੈ ਪਰ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਸ਼ਹਿਰ ਦੇ ਰੇਲਵੇ ਢਾਂਚੇ ਨੂੰ ਨਵੀਂ ਪਹਿਚਾਣ ਮਿਲੇਗੀ ਅਤੇ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮਿਲਣਗੀਆਂ । ਉਨ੍ਹਾਂ ਕਿਹਾ ਕਿ ਬਠਿੰਡਾ ਰੇਲਵੇ ਸਟੇਸ਼ਨ ਵਪਾਰ, ਖੇਤੀਬਾੜੀ, ਰੱਖਿਆ ਗਤੀਵਿਧੀਆਂ ਅਤੇ ਯਾਤਰੀਆਂ ਦੀ ਆਵਾਜਾਈ ਲਈ ਇਕ ਮਹੱਤਵਪੂਰਨ ਕੇਂਦਰ ਹੈ ਇਸ ਲਈ ਇਸ ਦੇ ਨਵੀਨੀਕਰਨ ਦੀ ਯੋਜਨਾ ਪ੍ਰਵਾਨ ਹੋਣ ਤੇ ਬਠਿੰਡਾ ਦੀ ਪੁਰਾਣੀ ਮੰਗ ਪੂਰੀ ਹੋਈ ਹੈ। ਉਹਨਾਂ ਇਸ ਪ੍ਰੋਜੈਕਟ ਨੂੰ ਪ੍ਰਵਾਨ ਕਰਾਉਣ ਲਈ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਬਠਿੰਡਾ ਪੁੱਜੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਇਸ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਪ੍ਰੋਜੈਕਟ ਤਹਿਤ, ਸਟੇਸ਼ਨ ਨੂੰ ਆਧੁਨਿਕ ਯਾਤਰੀ ਸਹੂਲਤਾਂ, ਬਿਹਤਰ ਬੁਨਿਆਦੀ ਢਾਂਚੇ ਅਤੇ ਵਿਸ਼ਵ ਪੱਧਰੀ ਦਿੱਖ ਨਾਲ ਅਪਗ੍ਰੇਡ ਕੀਤਾ ਜਾਵੇਗਾ, ਤਾਂ ਜੋ ਯਾਤਰੀਆਂ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਸਹੂਲਤ ਅਤੇ ਆਰਾਮਦਾਇਕ ਸਫ਼ਰ ਦਾ ਅਨੁਭਵ ਮਿਲ ਸਕੇ। ਉਨ੍ਹਾਂ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਰਾਹੀ ਭਾਰਤੀ ਰੇਲਵੇ ਦੀ ਕਾਇਆ ਕਲਪ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਇੱਕ ਵਾਰ ਫਿਰ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਪ੍ਰੋਜੈਕਟ ਲਈ ਆਪਣੇ ਸੁਝਾਅ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਰੇਲ ਵਿਭਾਗ ਨੂੰ ਭੇਜਣਗੇ।
- Download Babushahi App
-
-