ਰੇਲਵੇ ਟ੍ਰੈਕ ਧਮਾਕਾ: ਚਾਰੇ ਦੋਸ਼ੀ 7 ਦਿਨਾਂ ਦੇ ਰਿਮਾਂਡ ਤੇ!
Babushahi Network
ਪਟਿਆਲਾ 29 ਅਪ੍ਰੈਲ 2026: ਸ਼ੰਭੂ ਨੇੜੇ ਰੇਲਵੇ ਟ੍ਰੈਕ 'ਤੇ ਮਾਲ ਗੱਡੀ ਨੂੰ ਉਡਾਉਣ ਦੀ ਸਾਜ਼ਿਸ਼ ਅਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਪਟਿਆਲਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਅਦਾਲਤ ਨੇ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ (ਪਰਦੀਪ ਸਿੰਘ ਖ਼ਾਲਸਾ, ਕੁਲਵਿੰਦਰ ਸਿੰਘ ਬੱਗਾ, ਸਤਨਾਮ ਸਿੰਘ ਸੱਤਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ) ਨੂੰ ਪੁੱਛਗਿੱਛ ਲਈ ਸੱਤ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਪਟਿਆਲਾ ਪੁਲਿਸ ਵੱਲੋਂ ਅੱਜ ਚਾਰਾਂ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਤੋਂ ਦਲੀਲ ਦਿੱਤੀ ਕਿ ਇਸ ਸਾਜ਼ਿਸ਼ ਦੀਆਂ ਤਾਰਾਂ ਕਿੱਥੇ ਜੁੜੀਆਂ ਹਨ ਅਤੇ ਇਸ ਪਿੱਛੇ ਹੋਰ ਕੌਣ ਲੋਕ ਸ਼ਾਮਲ ਹਨ, ਇਸ ਦਾ ਪਤਾ ਲਗਾਉਣ ਲਈ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨੀ ਲਾਜ਼ਮੀ ਹੈ। ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁਲਜ਼ਮਾਂ ਦਾ 7 ਦਿਨਾਂ ਦਾ ਰਿਮਾਂਡ ਮਨਜ਼ੂਰ ਕਰ ਲਿਆ।
ਜ਼ਿਕਰਯੋਗ ਹੈ ਕਿ ਸ਼ੰਭੂ ਇਲਾਕੇ ਵਿੱਚ ਰੇਲਵੇ ਟ੍ਰੈਕ 'ਤੇ ਇੱਕ ਭਿਆਨਕ ਧਮਾਕਾ ਹੋਇਆ ਸੀ। ਮੁਲਜ਼ਮਾਂ ਵੱਲੋਂ ਮਾਲ ਗੱਡੀ ਨੂੰ ਨਿਸ਼ਾਨਾ ਬਣਾ ਕੇ ਵੱਡੀ ਤਬਾਹੀ ਮਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਹੁਣ ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਮੁਲਜ਼ਮਾਂ ਤੋਂ ਇਹ ਪਤਾ ਲਗਾਇਆ ਜਾਵੇਗਾ ਕਿ ਉਨ੍ਹਾਂ ਕੋਲ ਵਿਸਫੋਟਕ ਸਮੱਗਰੀ ਕਿੱਥੋਂ ਆਈ ਅਤੇ ਕੀ ਇਹ ਕਿਸੇ ਅੱਤਵਾਦੀ ਸੰਗਠਨ ਜਾਂ ਦੇਸ਼ ਵਿਰੋਧੀ ਤਾਕਤਾਂ ਦੇ ਇਸ਼ਾਰੇ 'ਤੇ ਕੀਤਾ ਗਿਆ ਕਾਰਾ ਸੀ।
Click to Follow Babushahi Facebook Page →