ਮਹਿਲਾ ਕਰਮਚਾਰੀ ਨੂੰ ਤੰਗ ਪ੍ਰੇਸ਼ਾਨ ਕਰਨ ਖਿਲਾਫ ਸੰਘਰਸ਼ ਵਿੱਢਣ ਦੀ ਚਿਤਾਵਨੀ
ਅਸ਼ੋਕ ਵਰਮਾ
ਬਠਿੰਡਾ, 12 ਅਪ੍ਰੈਲ 2026 : ਸਰਕਾਰੀ ਹਸਪਤਾਲ ਬਠਿੰਡਾ ਦੀ ਮਹਿਲਾ ਕਰਮਚਾਰੀ ਨੂੰ ਮੰਦਭਾਵਨਾ ਤਹਿਤ ਤੰਗ ਪ੍ਰੇਸ਼ਾਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਖਿਲਾਫ ਪੀੜਤਾ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਜ਼ਿਲ੍ਹਾ ਬਠਿੰਡਾ ਦੇ ਆਗੂ ਗਗਨਦੀਪ ਸਿੰਘ ਭੁੱਲਰ, ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਹਰਵੀਰ ਕੌਰ ਗੰਧੜ, ਪ੍ਰੈਸ ਦੀ ਆਜ਼ਾਦੀ ਬਹਾਲ ਕਰੋ ਕਮੇਟੀ ਦੇ ਕਨਵੀਨਰ ਬਖਤੌਰ ਸਿੰਘ ਢਿੱਲੋਂ , ਜਮਹੂਰੀ ਕਿਸਾਨ ਸਭਾ ਦੇ ਆਗੂ ਮਲਕੀਤ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਆਦਿ ਆਗੂ ਹਾਜ਼ਰ ਸਨ।
ਇਹਨਾਂ ਜਥੇਬੰਦੀਆਂ ਦਾ ਇੱਕ ਵਫ਼ਦ ਬਠਿੰਡਾ ਵਿਖੇ ਕੈਨਾਲ ਕਲੋਨੀ ਥਾਣੇ ਦੇ ਮੁਖੀ ਨੂੰ ਵੀ ਮਿਲਣ ਲਈ ਪਹੁੰਚਿਆ ਪ੍ਰੰਤੂ ਥਾਣਾ ਮੁਖੀ ਦੀ ਗੈਰ ਮੌਜੂਦਗੀ ਵਫ਼ਦ ਥਾਣੇਦਾਰ ਬੂਟਾ ਸਿੰਘ ਤੇ ਥਾਣੇ ਦੇ ਮੁੱਖ ਮੁਨਸ਼ੀ ਨੂੰ ਮਿਲਿਆ ਗਿਆ। ਜਥੇਬੰਦੀਆਂ ਨੇ ਪੁਲਿਸ ਅਧਿਕਾਰੀਆਂ ਕੋਲ ਸਖ਼ਤ ਰੋਸ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਵਿਧਵਾ ਮਹਿਲਾ ਕਰਮਚਾਰੀ ਨੂੰ ਮੰਦਭਾਵਨਾ ਤਹਿਤ ਤੰਗ ਪ੍ਰੇਸ਼ਾਨ ਕਰਨ ਵਾਲੇ ਵਿਅਕਤੀ ਖਿਲਾਫ ਸਿਆਸੀ ਦਬਾਅ ਕਾਰਨ ਹੀ ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੋਂ ਇੱਕ ਮਹੀਨੇ ਬਾਅਦ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੋਸ਼ ਲਾਇਆ ਕਿ ਘੁੱਦਾ ਵਾਸੀ ਆਪ ਆਗੂ ਦਾ ਔਰਤਾਂ ਨੂੰ ਮੰਦਭਾਵਨਾ ਤਹਿਤ ਤੰਗ ਪ੍ਰੇਸ਼ਾਨ ਦਾ ਟਰੈਕ ਰਿਕਾਰਡ ਹੈ ਅਤੇ ਉਹ ਪਹਿਲਾਂ ਵੀ ਅਜਿਹੇ ਮਾਮਲੇ 'ਚ ਲਿਖਤੀ ਮੁਆਫੀ ਮੰਗ ਚੁੱਕਾ ਹੈ। ਉਹਨਾਂ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸਤਾ 'ਚ ਆਈ ਆਪ ਪਾਰਟੀ ਦੇ ਆਹਲਾ ਲੀਡਰਾਂ ਦੇ ਵੱਲੋਂ ਅਜਿਹੇ ਗਲਤ ਅਨਸਰ ਨੂੰ ਅਹੁਦੇ ਤੇ ਸ਼ਹਿ ਦੇਣਾ ਆਪ ਪਾਰਟੀ ਦੀ ਔਰਤ ਵਿਰੋਧੀ ਮਾਨਸਿਕਤਾ ਦਾ ਇਜ਼ਹਾਰ ਹੈ।
ਉਹਨਾਂ ਆਖਿਆ ਕਿ ਇਹ ਵਿਅਕਤੀ ਆਪਣੇ ਮੋਬਾਇਲ ਫੋਨ ਤੇ ਸਿਹਤ ਮੰਤਰੀ ਨਾਲ਼ ਆਪਣੀ ਫੋਟੋ ਵਾਲੀ ਡੀ ਪੀ ਲਾ ਕੇ ਰੱਖਦਾ ਹੈ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਧੌਂਸ ਜਮਾਉਣ ਤੋਂ ਇਲਾਵਾ ਮਹਿਲਾ ਕਰਮਚਾਰੀਆਂ ਨੂੰ ਮੰਦਭਾਵਨਾ ਤਹਿਤ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਉਹਨਾਂ ਆਖਿਆ ਕਿ ਸਿਵਲ ਹਸਪਤਾਲ ਬਠਿੰਡਾ ਦੀ ਪੀੜਤ ਮਹਿਲਾ ਕਰਮਚਾਰੀ ਵੱਲੋਂ ਪੁਲਿਸ ਥਾਣਾ ਕੈਨਾਲ ਕਲੋਨੀ ਕੋਲ ਦਿੱਤੀ ਸ਼ਿਕਾਇਤ ਦੀ ਕਾਪੀ ਸਿਹਤ ਮੰਤਰੀ ਤੱਕ ਪਹੁੰਚਣ ਦੇ ਬਾਵਜੂਦ ਦੋਸ਼ੀ ਖਿਲਾਫ ਕਾਰਵਾਈ ਨਾ ਹੋਣਾ ਵੱਡੇ ਸਵਾਲ ਖੜ੍ਹੇ ਕਰਦੀ ਹੈ। ਜਥੇਬੰਦੀਆਂ ਨੇ ਆਖਿਆ ਬੀਤੇ ਦਿਨੀਂ ਸਿਵਲ ਸਰਜਨ ਬਠਿੰਡਾ ਵੱਲੋਂ ਪੀੜਤ ਮਹਿਲਾ ਕਰਮਚਾਰੀ ਦੀ ਸ਼ਿਕਾਇਤ 'ਤੇ ਯੋਗ ਕਾਰਵਾਈ ਲਈ ਐਸ ਐਸ ਪੀ ਬਠਿੰਡਾ ਨੂੰ ਪੱਤਰ ਭੇਜਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਐਲਾਨ ਕੀਤਾ ਕਿ ਜੇਕਰ ਦੋਸ਼ੀ ਖਿਲਾਫ ਢੁਕਵੀਂ ਕਾਨੂੰਨੀ ਕਾਰਵਾਈ ਅਮਲ 'ਚ ਨਾ ਲਿਆਂਦੀ ਗਈ ਤਾਂ ਜਥੇਬੰਦੀਆਂ ਵੱਲੋਂ ਆਪ ਸਰਕਾਰ ਦੇ ਬਠਿੰਡਾ ਸਥਿਤ ਨੁੰਮਾਇਦਿਆਂ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।
Click to Follow Babushahi Facebook Page →