'ਮੁੱਖ ਮੰਤਰੀ ਦੀ ਸਕੀਮ-30 ਦਿਨਾਂ 'ਚ ਤਕਸੀਮ'! CM ਮਾਨ ਨੇ ਕੀਤਾ ਵੱਡਾ ਐਲਾਨ, ਇਸ ਤਰੀਕ ਤੋਂ ਹੋਵੇਗੀ ਸ਼ੁਰੂ
ਮੋਗਾ- 4 ਅਪ੍ਰੈਲ 2026 :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਦੀ ਅਨਾਜ ਮੰਡੀ ਵਿਖੇ ਇੱਕ ਰੈਲੀ ਦੌਰਾਨ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਲਈ ਜ਼ਮੀਨ ਦੀ ਵੰਡ (ਤਕਸੀਮ) ਸਬੰਧੀ ਇੱਕ ਵੱਡਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਜ਼ਮੀਨਾਂ ਦੀ ਵੰਡ (ਤਕਸੀਮ) ਇੱਕ ਵੱਡੀ ਸਮੱਸਿਆ ਹੈ, ਜਿਸ ਕਾਰਨ ਲੋਕਾਂ ਨੂੰ ਪਟਵਾਰੀਆਂ ਅਤੇ ਤਹਿਸੀਲਦਾਰਾਂ ਕੋਲ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਭਾਰੀ ਰਿਸ਼ਵਤ ਦੇਣੀ ਪੈਂਦੀ ਹੈ। ਇਸ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਨਵੀਂ ਸਕੀਮ ਦਾ ਐਲਾਨ ਕੀਤਾ ਹੈ।
ਮਾਨ ਨੇ ਐਲਾਨ ਕੀਤਾ ਕਿ, ਇਹ ਸਕੀਮ ਵਿਸਾਖੀ ਵਾਲੇ ਦਿਨ, ਯਾਨੀ 13 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਜਿਨ੍ਹਾਂ ਕੇਸਾਂ ਵਿੱਚ ਆਪਸੀ ਸਹਿਮਤੀ ਹੋਵੇਗੀ, ਉਨ੍ਹਾਂ ਦੀ ਤਕਸੀਮ ਦਾ ਕੰਮ 30 ਦਿਨਾਂ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ। ਜੇਕਰ ਪਰਿਵਾਰ ਵਿੱਚ ਭੈਣਾਂ, ਭਰਾਵਾਂ ਅਤੇ ਭੂਆ ਸਮੇਤ ਸਾਰੇ ਮੈਂਬਰਾਂ ਦੀ ਆਪਸੀ ਸਹਿਮਤੀ ਹੈ, ਤਾਂ ਉਹ ਤਹਿਸੀਲ ਵਿੱਚ ਜਾਂ ਪਟਵਾਰੀ ਨੂੰ ਦਰਖਾਸਤ ਦੇ ਕੇ ਆਪਣੀ ਜ਼ਮੀਨ ਦੀ ਵੰਡ ਕਰਵਾ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀ ਅਤੇ ਤਹਿਸੀਲਦਾਰ ਖੁਦ ਪਿੰਡਾਂ ਵਿੱਚ ਆ ਕੇ ਸਾਰੇ ਪਰਿਵਾਰਕ ਮੈਂਬਰਾਂ ਦੇ ਦਸਤਖਤ ਕਰਵਾ ਕੇ ਤਕਸੀਮ ਦੀ ਪ੍ਰਕਿਰਿਆ ਪੂਰੀ ਕਰਨਗੇ। ਜਿਨ੍ਹਾਂ ਲੋਕਾਂ ਦੇ ਜ਼ਮੀਨੀ ਝਗੜੇ ਚੱਲ ਰਹੇ ਹਨ, ਉਨ੍ਹਾਂ ਨੂੰ ਅਦਾਲਤ ਤੋਂ ਆਰਡਰ ਲੈ ਕੇ ਆਉਣ ਲਈ ਕਿਹਾ ਗਿਆ ਹੈ, ਜਿਸ ਦੇ ਆਧਾਰ 'ਤੇ ਵੰਡ ਕੀਤੀ ਜਾਵੇਗੀ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਕੀਲਾਂ 'ਤੇ ਬੇਲੋੜਾ ਖਰਚਾ ਕਰਨ ਦੀ ਬਜਾਏ ਆਪਸੀ ਸਹਿਮਤੀ ਨਾਲ ਝਗੜੇ ਨਿਬੇੜ ਕੇ ਇਸ ਸਕੀਮ ਦਾ ਲਾਭ ਲੈਣ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਝੋਨੇ ਦੇ ਸੀਜ਼ਨ ਤੱਕ ਅਤੇ ਅਗਲੀ ਫਸਲ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਸਾਰੇ ਪੰਜਾਬ ਵਿੱਚ ਤਕਸੀਮਾਂ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਰਿਸ਼ਵਤਖੋਰੀ ਖਤਮ ਹੋਵੇਗੀ ਅਤੇ ਲੋਕਾਂ ਦੀ ਖੱਜਲ-ਖੁਆਰੀ ਬੰਦ ਹੋਵੇਗੀ।
Click to Follow Babushahi Facebook Page →