ਬਲਾਚੌਰ ਹਲਕੇ ਦੀਆਂ ਜਲ ਸਰੋਤ ਸਮੱਸਿਆਵਾਂ ਦੇ ਹੱਲ ਲਈ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਪ੍ਰਿੰਸੀਪਲ ਸਕੱਤਰ ਨਾਲ ਮੁਲਾਕਾਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 04 ਅਪ੍ਰੈਲ, 2026- ਬਲਾਚੌਰ ਹਲਕੇ ਵਿੱਚ ਜਲ ਸਰੋਤ ਵਿਭਾਗ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਲਈ ਬ੍ਰਿਗੇਡੀਅਰ ਰਾਜ ਕੁਮਾਰ (ਰਿਟਾਇਰਡ), ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ, ਨੇ ਇਲਾਕੇ ਦੇ ਸਰਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਸਮੇਤ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਉਨ੍ਹਾਂ ਦੇ ਚੰਡੀਗੜ੍ਹ ਦਫ਼ਤਰ ਵਿੱਚ ਮੁਲਾਕਾਤ ਕੀਤੀ।
ਚਰਚਾ ਦੌਰਾਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਪੁੱਛਿਆ ਕਿ ਕੰਢੀ ਨਹਿਰ ਦਾ ਮੁੱਖ ਉਦੇਸ਼ ਸ਼ਿਵਾਲਿਕ ਪਹਾੜੀਆਂ ਨਾਲ ਲੱਗਦੇ ਬੰਜਰ ਇਲਾਕਿਆਂ ਨੂੰ ਆਬਾਦ ਕਰਨਾ ਸੀ, ਪਰ ਇਸ ਦਾ ਵੱਧਤਰ ਲਾਭ ਪਲੇਨ ਇਲਾਕਿਆਂ ਨੂੰ ਮਿਲ ਰਿਹਾ ਹੈ, ਜਿੱਥੇ ਪਹਿਲਾਂ ਹੀ ਟਿਊਬਵੈਲ ਮੌਜੂਦ ਹਨ। ਇਸ ‘ਤੇ ਪ੍ਰਿੰਸੀਪਲ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਪੋਜੇਵਾਲ ਤੋਂ ਲੈ ਕੇ ਸ਼ੂਸ਼ੇਵਾਲ ਤੱਕ, ਰੌੜੀ, ਟੋਰੋਵਾਲ ਆਦਿ ਪਿੰਡਾਂ ਦੀ ਸਿੰਚਾਈ ਲਈ ਵੱਖਰਾ ਪ੍ਰੋਜੈਕਟ ਅੰਤਿਮ ਪੜਾਅ ‘ਤੇ ਹੈ, ਜਿਸ ਨਾਲ ਲਗਭਗ 3–4 ਮਹੀਨਿਆਂ ਵਿੱਚ ਖੇਤਾਂ ਤੱਕ ਪਾਣੀ ਪਹੁੰਚਣ ਦੀ ਸੰਭਾਵਨਾ ਹੈ।
ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਕਰੀਬਨ 60 ਸਾਲਾਂ ਤੋਂ ਬੰਜਰ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੀ ਅਹਿਮ ਮੰਗ ਨੂੰ ਪੂਰਾ ਕਰਨ ਵੱਲ ਵਧ ਰਹੀ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡੀ ਉਪਲਬਧੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਪਿਛਲੀਆਂ ਸਰਕਾਰਾਂ ਨੇ ਜ਼ਮੀਨਦਾਰਾਂ ਦੀ ਚਿੰਤਾ ਕੀਤੀ ਹੁੰਦੀ, ਤਾਂ ਉਸ ਸਮੇਂ ਨਹਿਰ ਲਈ ਆਏ ਫੰਡਾਂ ਦਾ ਦੁਰਪਯੋਗ ਨਾ ਹੁੰਦਾ ਅਤੇ ਨਾ ਹੀ ਅਧਿਕਾਰੀਆਂ ਨੂੰ ਸਜ਼ਾਵਾਂ ਭੁਗਤਣੀਆਂ ਪੈਂਦੀਆਂ।
ਇਸ ਤੋਂ ਇਲਾਵਾ, ਬ੍ਰਿਗੇਡੀਅਰ ਨੇ ਕਿਹਾ ਪਿੰਡਾਂ ਵਿੱਚ ਧੂੜ ਅਤੇ ਸ਼ੋਰ ਪ੍ਰਦੂਸ਼ਣ ਵਧਣ ਕਾਰਨ ਲੋਕਾਂ ਦੀ ਸਿਹਤ ‘ਤੇ ਗੰਭੀਰ ਅਸਰ ਪੈ ਰਿਹਾ ਹੈ। ਕਈ ਥਾਵਾਂ ‘ਤੇ ਟਿੱਪਰ ਸਕੂਲਾਂ ਅਤੇ ਆਬਾਦੀ ਦੇ ਬਿਲਕੁਲ ਨੇੜੇ ਤੋਂ ਲੰਘਦੇ ਹਨ, ਜਿਸ ਨਾਲ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਦਮੇ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ।
ਪ੍ਰਿੰਸੀਪਲ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਵਿਭਾਗ ਵੱਲੋਂ ਬਣਦੀ ਕਾਰਵਾਈ ਕਰਨਗੇ ਅਤੇ ਮਾਈਨਿੰਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਵੀ ਬ੍ਰਿਗੇਡੀਅਰ ਵੱਲੋਂ ਦਿੱਤੀ ਗਈ ਅਰਜ਼ੀ ਭੇਜਣਗੇ।
Click to Follow Babushahi Facebook Page →