Babushahi Special ਇਸ ਤਰਾਂ ਉੱਜੜ ਜਾਣਗੇ ਰੀਝਾਂ ਨਾਲ ਲਾਏ ਬਾਗ ਸਾਡੇ ਧਾਹਾਂ ਮਾਰ ਕੇ ਸੀਰੀ ਨੇ ਪੁੱਛਿਆ ਜੱਟ ਨੂੰ
ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ 2026 : ਬਠਿੰਡਾ ਪੱਟੀ ਦੇ ਵੱਖ ਵੱਖ ਇਲਾਕਿਆਂ ਵਿੱਚ ਹੋਈ ਗੜੇਮਾਰੀ ਅਤੇ ਭਾਰੀ ਬਾਰਿਸ਼ ਕਾਰਨ ਹੋਈ ਕਣਕ ਦੀ ਤਬਾਹੀ ਨੇ ਇੱਕ ਵਾਰ ਫਿਰ ਤੋਂ ਕਿਸਾਨੀ ਆਰਥਿਕਤਾ ਨੂੰ ਝੰਬਕੇ ਰੱਖ ਦਿੱਤਾ ਹੈ। ਕੋਈ ਸਮਾਂ ਸੀ ਜਦੋਂ ਜੱਟ ਸੀਰੀ ਦੇ ਗਲ ਲੱਗ ਰੋਦਾ ਸੀ ਤਾਂ ਅੱਗਿਓਂ ਧਰਵਾਸ ਮਿਲਦਾ ਸੀ। ਵਕਤ ਨੇ ਅਜਿਹੀ ਮਾਰ ਮਾਰੀ ਕਿ ਦੋਵੇਂ ਕਿਸੇ ਨੂੰ ਵੀ ਹੌਂਸਲਾ ਦੇਣ ਜੋਗੇ ਨਹੀਂ ਰਹੇ ਹਨ। ਕਿਸਾਨ ਆਖਦੇ ਹਨ ਕਿ ਉਹ ਕੀਹਦੇ ਕੋਲ ਦੁੱਖ ਰੋਣ ਕਿਉਂਕਿ ਰੱਬ ਵੀ ਸੁਣਨੋ ਹਟ ਗਿਆ ਹੈ ਅਤੇ ਸਰਕਾਰਾਂ ਵੀ। ਬੀਤੀ ਰਾਤ ਹੋਈ ਗੜੇਮਾਰੀ ਕਾਰਨ ਲੰਬੀ ਹਲਕੇ ਤੋਂ ਇਲਾਵਾ ਮਾਨਸਾ ਅਤੇ ਬਠਿੰਡਾ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਤਬਾਹ ਹੋਈਆਂ ਫਸਲਾਂ ਕਾਰਨ ਕਿਸਾਨਾਂ ਦੇ ਸਿਰ ਇੱਕ ਵਾਰ ਫਿਰ ਤੋਂ ਹੌਕਿਆਂ ਅਤੇ ਹਾਵਿਆਂ ਦੀ ਪੰਡ ਟਿਕ ਗਈ ਹੈ। ਇਸ ਵਾਰ ਅਗੇਤੀ ਅਤੇ ਪਿਛੇਤੀ ਕਣਕ ਦੋਵਾਂ ਨੂੰ ਹੀ ਕੁਦਰਤ ਦੀ ਮਾਰ ਪਈ ਹੈ।
ਹਾਲਾਂਕਿ ਖੇਤੀ ਵਿਭਾਗ ਦੇ ਅਧਿਕਾਰੀ ਗੜਿਆਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਦੀ ਅਸਲ ਸਥਿਤੀ ਤਾਂ ਜਾਇਜਾ ਲੈਣ ਤੋਂ ਬਾਅਦ ਹੀ ਪਤਾ ਲੱਗਣ ਦੀ ਗੱਲ ਕਹਿ ਰਹੇ ਹਨ ਪਰ ਮੁਢਲੀਆਂ ਰਿਪੋਰਟਾਂ ਮੁਤਾਬਕ ਜਿਆਦਾਤਰ ਇਲਾਕਿਆਂ ਵਿੱਚ ਫਸਲਾਂ ਵੱਡੀ ਪੱਧਰ ਤੇ ਨੁਕਸਾਨੀਆਂ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਕਣਕਾਂ ਨੂੰ ਹਾਲ ਹੀ ਵਿਚ ਪਾਣੀ ਲਾਇਆ ਗਿਆ ਸੀ ਉਹ ਧਰਤੀ ’ਤੇ ਡਿੱਗ ਪਈਆਂ ਹਨ ਜਿਸ ਦਾ ਕਾਰਨ ਜੜਾਂ ਪੋਲੀਆਂ ਹੋਣਾ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਹਫਤੇ ਤੱਕ ਮੌਸਮ ਦਾ ਮਿਜਾਜ ਵਿਗੜਿਆ ਹੋਇਆ ਰਹਿ ਸਕਦਾ ਹੈ। ਖੇਤੀ ਮਾਹਿਰ ਆਖਦੇ ਹਨ ਕਿ ਬਾਰਸ਼ ਕਾਰਨ ਡਿੱਗੀਆਂ ਫਸਲਾਂ ਦਾ ਝਾੜ ਘਟਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਖੇਤਰੀ ਕੇਂਦਰ ਦੇ ਸੇਵਾਮੁਕਤ ਵਿਗਿਆਨੀ ਜੀਐਸ ਰੋਮਾਣਾ ਨੇ ਕਿਸਾਨਾਂ ਨੂੰ ਅਗਲਾ ਪੂਰਾ ਹਫਤਾ ਕਣਕ ਦੀ ਫਸਲ ਨੂੰ ਪਾਣੀ ਲਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।
ਜਾਣਕਾਰੀ ਮੁਤਾਬਕ ਗੜੇਮਾਰੀ ਦੇ ਪ੍ਰਭਾਵ ਵਾਲੇ ਰਕਬੇ ਵਿੱਚ ਫਸਲ ਦਾ ਝਾੜ ਵਧੀਆ ਹੋਣ ਦੇ ਅਨੁਮਾਨ ਲਾਏ ਜਾ ਰਹੇ ਸਨ ਪਰ ਗੜੇਮਾਰੀ ਤੋਂ ਮਗਰੋਂ ਹੁਣ ਸਥਿਤੀ ਇਕਦਮ ਬਦਲਦੀ ਦਿਖਾਈ ਦੇ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਨੁਕਸਾਨ ਦਾ ਸਹੀ ਅੰਦਾਜ਼ਾ ਕੁਝ ਸਮੇਂ ਬਾਅਦ ਹੀ ਪਤਾ ਲਾਇਆ ਜਾ ਸਕੇਗਾ ਜਦੋਂ ਪ੍ਰਭਾਵਿਤ ਪੌਦੇ ਅਤੇ ਉਨ੍ਹਾਂ ਤੇ ਲੱਗੀਆਂ ਬੱਲੀਆਂ ਪੂਰੀ ਤਰ੍ਹਾਂ ਸੁੱਕ ਜਾਣਗੀਆਂ। ਕਿਸਾਨ ਧਿਰਾਂ ਕੋਲੋਂ ਹਾਸਲ ਜਾਣਕਾਰੀ ਮੁਤਾਬਿਕ ਕਈ ਥਾਈਂ ਤਾਂ ਕਣਕ ਦੀ 70 ਤੋਂ 80 ਫੀਸਦੀ ਫਸਲ ਨਸ਼ਟ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ਨੂੰ ਬੇਹੱਦ ਚਿੰਤਾਜਨਕ ਦੱਸਿਆ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਕਈ ਥਾਵਾਂ ’ਤੇ ਕਣਕ ਦੀ ਫਸਲ ਦੀਆਂ ਬੱਲੀਆਂ ਦੀ ਪੂਰੀ ਤਰਾਂ ਭੱਜ ਟੁੱਟ ਹੋ ਗਈ ਜਿਸ ਕਰਕੇ ਉਨ੍ਹਾਂ ਵਿੱਚ ਕਣਕ ਦਾ ਦਾਣਾ ਵੀ ਸਹੀ ਮਾਤਰਾ ਵਿੱਚ ਬਣ ਨਹੀਂ ਸਕੇਗਾ ਜਿਸ ਦਾ ਸਿੱਧਾ ਅਸਰ ਫਸਲ ਦੇ ਝਾੜ ’ਤੇ ਪੈਣਾ ਤੈਅ ਹੈ ।
ਅੱਜ ਜਦੋਂ ਕਿਸਾਨਾਂ ਨੇ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ ਤਾਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਤਬਾਹੀ ਦੇਖ ਕੇ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਇਕੱਲੀ ਕਣਕ ਦੀ ਫਸਲ ਹੀ ਨਹੀਂ ਮਾਨਸਾ ਜਿਲ੍ਹੇ ’ਚ ਕਈ ਕਿਸਾਨਾਂ ਵੱਲੋਂ ਫਸਲੀ ਵਿਭਿੰਨਤਾ ’ਤੇ ਪਹਿਰਾ ਦਿੰਦਿਆਂ ਕੱਦੂ, ਸ਼ਿਮਲਾ ਮਿਰਚ , ਕਰੇਲੇ , ਟਿੰਡੋ ਅਤੇ ਹੋਰ ਕਈ ਪ੍ਰਕਾਰ ਦੀਆਂ ਸਬਜੀਆਂ ਬੀਜੀਆਂ ਸਨ ਜਿੰਨ੍ਹਾਂ ’ਤੇ ਹੋਈ ਗੜੇਮਾਰੀ ਨੇ ਕਿਸਾਨਾਂ ਦੀ ਮਿਹਨਤ ਨੂੰ ਨਿੱਸਲ ਕਰਕੇ ਰੱਖ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਚਿੰਤਾ ਦੀ ਗੱਲ ਇਹ ਹੈ ਕਿ ਗੜਿਆਂ ਅਤੇ ਬਾਰਸ਼ ਕਾਰਨ ਬੁਰੀ ਤਰਾਂ ਝੰਬੀਆਂ ਸਬਜੀਆਂ ਦੇ ਮੁੜ ਤੋਂ ਉੱਠਣ ਦੀ ਸੰਭਾਵਨਾ ਨਾਂ ਦੇ ਬਰਾਬਰ ਹੈ। ਪਿੰਡ ਬਹਾਦਰਗੜ੍ਹ ਜੰਡੀਆਂ 2 ਸੌ ਏਕੜ , ਲੂਲਬਾਈ ਛੇ ਸੌ ਏਕੜ , ਰਾਏਕੇ ਕਲਾਂ 2 ਸੌ ਏਕੜ , ਜੈ ਸਿੰਘ ਵਾਲਾ ਤੇ ਸੈਣੇ ਵਾਲਾ 4-4 ਸੌ ਏਕੜ ਸਮੇਤ ਕਈ ਥਾਈ ਤਬਾਹੀ ਮਚਾਉਣ ਵਾਲੀ ਲੰਬ ਕੱਢ ਦਿੱਤੀ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਇਸ ਖੇਤਰ ਵਿੱਚ ਪਹਿਲਾਂ ਵੀ ਕਈ ਵਾਰੀ ਫਸਲਾਂ ਤਬਾਹ ਹੋਈਆਂ ਹਨ ਜਿਸ ਕਰਕੇ ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਬਹਤੇ ਪਿੰਡਾਂ ’ਚ 70 ਤੋਂ 80 ਫੀਸਦੀ ਤੱਕ ਫਸਲ ਨੁਕਸਾਨੀ ਗਈ ਹੈ ਜਦੋਂਕਿ ਸਬਜੀਆਂ ਅਤੇ ਹਰੇ ਚਾਰੇ ਦਾ ਨੁਕਸਾਨ ਇਸ ਤੋਂ ਵੱਖਰਾ ਹੈ। ਕਿਸਾਨ ਆਖਦੇ ਹਨ ਕਿ ਉਨਾਂ ਨੂੰ ਉਮੀਦ ਸੀ ਕਿ ਇਸ ਸਾਲ ਕਣਕ ਦੀ ਫਸਲ ਨਾਲ ਪਿਛਲੇ ਰੋਣੇ ਧੋਣੇ ਧੋਤੇ ਜਾਣਗੇ ਪਰ ਬੀਤੀ ਰਾਤ ਹੋਈ ਗੜੇਮਾਰੀ ਅਤੇ ਬਾਰਿਸ਼ ਨੇ ਕਿਸਾਨਾਂ ਦੇ ਸੁਫਨੇ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਸਹਾਇਤਾ ਲਈ ਤੁਰੰਤ ਅੱਗੇ ਆਉਣਾ ਚਾਹੀਦਾ ਹੈ। ਗੌਰਤਲਬ ਹੈ ਕਿ ਇੰਨ੍ਹਾਂ ਇਲਾਕਿਆਂ ’ਚ 2024 ਦੌਰਾਨ ਵੀ ਗੜੇਮਾਰੀ ਨੇ ਭਾਰੀ ਤਬਾਹੀ ਮਚਾਈ ਸੀ ਜਿਸ ਦਾ ਖਮਿਆਜਾ ਕਿਸਾਨ ਹੁਣ ਤੱਕ ਭੁਗਤ ਰਹੇ ਹਨ।
ਮੁਆਵਜਾ ਦੇਵੇ ਸਰਕਾਰ: ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਕਾਰ ਨੂੰ ਗਿਰਦਾਵਰੀ ਕਰਵਾਕੇ ਤਬਾਹ ਹੋਈਆਂ ਫਸਲਾਂ ਦਾ ਤੁਰੰਤ ਮੁਆਵਜਾ ਦੇਣਾ ਚਾਹੀਦਾ ਹੈ। ਕਿਸਾਨ ਆਗੂ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਇਸ ਦਿਸ਼ਾ ’ਚ ਠੋਸ ਕਦਮ ਨਾਂ ਚੁੱਕੇ ਤਾਂ ਜੱਥੇਬੰਦੀ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ।
Click to Follow Babushahi Facebook Page →