ਸਰੀ ਦੀ ਸਿਆਸਤ ਵਿੱਚ ਵੱਡਾ ਧਮਾਕਾ: ਮੇਅਰ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉੱਤਰੇ ਹੋਨਵੀਰ ਸਿੰਘ ਰੰਧਾਵਾ ਦੇ ਸਮਰੱਥਕਾਂ ਦਾ ਰਿਕਾਰਡ ਤੋੜ ਇਕੱਠ
ਪਾਇਲ ਬਿਜ਼ਨਸ ਸੈਂਟਰ ਵਿੱਚ ਪਹਿਲੀ ਵਾਰ 'ਨੋ ਪਾਰਕਿੰਗ' ਦੇ ਹਾਲਾਤ ਬਣੇ
ਹਰਦਮ ਮਾਨ
ਸਰੀ, 31 ਮਾਰਚ 2026- ਸਰੀ ਸਿਟੀ ਦੀਆਂ ਆਗਾਮੀ ਚੋਣਾਂ ਲਈ ਕੰਸਰਵੇਟਿਵ ਪਾਰਟੀ ਆਫ਼ ਸਰੀ ਵੱਲੋਂ ਬੀਤੇ ਦਿਨ ਇੰਪ੍ਰੈਸ ਬੈਂਕੁਇਟ ਹਾਲ ਵਿੱਚ ਕਰਵਾਏ ਗਏ ਸ਼ਾਨਦਾਰ ਸਮਾਗਮ ਨੇ ਸ਼ਹਿਰ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਇਸ ਮੌਕੇ ਹੋਨਵੀਰ ਸਿੰਘ ਰੰਧਾਵਾ ਨੂੰ ਅਧਿਕਾਰਤ ਤੌਰ 'ਤੇ ਮੇਅਰ ਦੇ ਉਮੀਦਵਾਰ ਵਜੋਂ ਐਲਾਨਿਆ ਗਿਆ। ਇਸ ਸਮਾਗਮ ਵਿੱਚ ਪਹੁੰਚੇ ਸਮਰਥਕਾਂ ਅਤੇ ਸਹਿਯੋਗੀਆਂ ਦੇ ਲਾਮਿਸਾਲ ਇਕੱਠ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ, ਜਿਸ ਨਾਲ ਵਿਰੋਧੀ ਖੇਮਿਆਂ ਵਿੱਚ ਵੀ ਹਲਚਲ ਮੱਚ ਗਈ ਹੈ। ਸਮਾਗਮ ਦੌਰਾਨ ਹਾਲ ਵਿੱਚ ਮੌਜੂਦ ਲਗਭਗ 1500 ਤੋਂ ਵੱਧ ਹਮਾਇਤੀਆਂ ਦਾ ਜੋਸ਼ ਵੇਖਣਯੋਗ ਸੀ। ਜਿਵੇਂ ਹੀ ਹੋਨਵੀਰ ਰੰਧਾਵਾ ਦੇ ਨਾਮ ਦਾ ਐਲਾਨ ਹੋਇਆ, ਪੂਰਾ ਹਾਲ ਦੇਰ ਤੱਕ ਤਾੜੀਆਂ ਅਤੇ ਨਾਅਰਿਆਂ ਨਾਲ ਗੂੰਜਦਾ ਰਿਹਾ। ਲੋਕਾਂ ਦਾ ਇਹ ਉਤਸ਼ਾਹ ਸਾਫ਼ ਦੱਸ ਰਿਹਾ ਸੀ ਕਿ ਸਰੀ ਦੇ ਨਿਵਾਸੀ ਹੁਣ ਸ਼ਹਿਰ ਵਿੱਚ ਇੱਕ ਨਵੀਂ ਅਤੇ ਦੂਰਅੰਦੇਸ਼ੀ ਲੀਡਰਸ਼ਿਪ ਦੀ ਉਡੀਕ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਹੋਨਵੀਰ ਸਿੰਘ ਰੰਧਾਵਾ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਬੁਲੰਦ ਸ਼ਖ਼ਸੀਅਤ ਅਤੇ ਮਜ਼ਬੂਤ ਸਿਆਸੀ ਪਕੜ ਦਾ ਲੋਹਾ ਮਨਵਾਇਆ। ਸਰੀ ਗਿਲਫਰਡ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਦਿਆਂ ਉਨ੍ਹਾਂ ਨੇ ਐਨਡੀਪੀ (NDP) ਦੇ ਦਿੱਗਜ ਆਗੂ ਅਤੇ ਸਾਬਕਾ ਮੰਤਰੀ ਗੈਰੀ ਬੈਗ ਨੂੰ ਅਜਿਹੀ ਜ਼ੋਰਦਾਰ ਟੱਕਰ ਦਿੱਤੀ ਕਿ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚ ਗਈ। ਚੋਣਾਂ ਪਹਿਲੇ ਨਤੀਜਿਆਂ ਅਨੁਸਾਰ ਹੋਨਵੀਰ ਰੰਧਾਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਬੜ੍ਹਤ ਹਾਸਲ ਕੀਤੀ, ਜੋ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਪ੍ਰਤੱਖ ਪ੍ਰਮਾਣ ਸੀ। ਹਾਲਾਂਕਿ ਅੰਤਿਮ ਨਤੀਜਿਆਂ ਵਿੱਚ ਕਿਸਮਤ ਨੇ ਮਾਮੂਲੀ ਕਰਵਟ ਲਈ। ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਉਹ ਸਿਰਫ਼ 22 ਵੋਟਾਂ ਦੇ ਬੇਹੱਦ ਮਾਮੂਲੀ ਫਰਕ ਨਾਲ ਪਛੜ ਗਏ। ਭਾਵੇਂ ਅੰਕੜਿਆਂ ਦੀ ਖੇਡ ਵਿੱਚ ਫਰਕ ਮਾਮੂਲੀ ਰਿਹਾ ਪਰ ਇੱਕ ਤਜ਼ਰਬੇਕਾਰ ਮੰਤਰੀ ਦੇ ਸਾਹਮਣੇ ਅਜਿਹੀ ਚਟਾਨ ਵਰਗੀ ਚੁਣੌਤੀ ਖੜ੍ਹੀ ਕਰਨਾ ਹੋਨਵੀਰ ਰੰਧਾਵਾ ਦੀ ਵੱਡੀ ਨੈਤਿਕ ਜਿੱਤ ਮੰਨੀ ਜਾਂਦੀ ਹੈ।
ਸਰੀ ਦੇ ਮਸ਼ਹੂਰ ਪਾਇਲ ਬਿਜ਼ਨਸ ਸੈਂਟਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਸਿਆਸੀ ਇਕੱਠ ਕਾਰਨ ਪਾਰਕਿੰਗ ਦੀ ਏਨੀ ਵੱਡੀ ਕਿੱਲਤ ਦੇਖਣ ਨੂੰ ਮਿਲੀ। ਸਮਰਥਕਾਂ ਦੀ ਗਿਣਤੀ ਏਨੀ ਜ਼ਿਆਦਾ ਸੀ ਕਿ ਬੈਂਕੁਇਟ ਹਾਲ ਦੀ ਪਾਰਕਿੰਗ ਮਿੰਟਾਂ ਵਿੱਚ ਹੀ ਭਰ ਗਈ ਅਤੇ ਸੈਂਕੜੇ ਲੋਕਾਂ ਨੂੰ ਆਪਣੀਆਂ ਗੱਡੀਆਂ ਲਾਗਲੇ ਪਲਾਜ਼ਿਆਂ ਅਤੇ ਦੂਰ-ਦੁਰਾਡੇ ਪਾਰਕ ਕਰਨੀਆਂ ਪਈਆਂ। ਪਾਰਕਿੰਗ ਨਾ ਮਿਲਣ ਕਾਰਨ ਲਗਭਗ 100 ਤੋਂ ਵੱਧ ਅਜਿਹੇ ਲੋਕ ਸਨ ਜੋ ਚਾਹੁੰਦੇ ਹੋਏ ਵੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ, ਜੋ ਆਪਣੇ ਆਪ ਵਿੱਚ ਰੰਧਾਵਾ ਦੀ ਵਧਦੀ ਲੋਕਪ੍ਰਿਯਤਾ ਦਾ ਸਬੂਤ ਹੈ।
ਆਪਣੇ ਸੰਬੋਧਨ ਵਿੱਚ ਹੋਨਵੀਰ ਸਿੰਘ ਰੰਧਾਵਾ ਨੇ ਇਸ ਪਿਆਰ ਅਤੇ ਸਤਿਕਾਰ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕੱਠ ਸਿਰਫ਼ ਭੀੜ ਨਹੀਂ ਸਗੋਂ ਸਰੀ ਵਿੱਚ ਆਮ ਸਮਝ ਵਾਲੀ ਰਾਜਨੀਤੀ ਲਿਆਉਣ ਦਾ ਇੱਕ ਅਹਿਦ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸਰੀ ਨੂੰ ਸੁਰੱਖਿਅਤ, ਜਵਾਬਦੇਹ ਅਤੇ ਪਰਿਵਾਰਾਂ ਲਈ ਰਹਿਣ ਯੋਗ ਸ਼ਹਿਰ ਬਣਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਏਨੀ ਵੱਡੀ ਗਿਣਤੀ ਵਿੱਚ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਸਰੀ ਦੇ ਵਸਨੀਕ ਮੌਜੂਦਾ ਪ੍ਰਸ਼ਾਸਨ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਬਦਲਾਅ ਲਈ ਤਿਆਰ ਹਨ।
ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਮੌਜੂਦਾ ਅਤੇ ਪਿਛਲੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਸਰੀ ਦੇ ਵਸਨੀਕਾਂ ਲਈ 'ਕੰਸਰਵੇਟਿਵ ਆਮ ਸਮਝ' ਵਾਲਾ ਮਾਡਲ ਪੇਸ਼ ਕੀਤਾ। ਆਪਣੇ ਭਾਸ਼ਣ ਵਿੱਚ ਸ੍ਰੀ ਰੰਧਾਵਾ ਨੇ ਕਿਹਾ ਕਿ ਸਰੀ ਨੇ ਪਿਛਲੇ 11 ਸਾਲਾਂ ਵਿੱਚ ਕਈ ਉਤਾਰ-ਚੜ੍ਹਾਅ ਦੇਖੇ ਹਨ। ਉਨ੍ਹਾਂ ਡੱਗ ਮੈਕਲਮ ਦੇ ਕਾਰਜਕਾਲ ਨੂੰ ਅਸਥਿਰਤਾ ਅਤੇ ਵੰਡ ਵਾਲਾ ਦੱਸਿਆ ਜਦਕਿ ਮੌਜੂਦਾ ਲੀਡਰਸ਼ਿਪ 'ਤੇ ਸਿਰਫ਼ ਪੁਲਿਸਿੰਗ ਵਿਵਾਦ (ਆਰਸੀਐਮਪੀ ਬਨਾਮ ਸਰੀ ਪੁਲਿਸ) ਵਿੱਚ ਉਲਝੇ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਲੋਕ ਵਧਦੀ ਮਹਿੰਗਾਈ ਅਤੇ ਅਸੁਰੱਖਿਆ ਨਾਲ ਜੂਝ ਰਹੇ ਸਨ ਤਾਂ ਸਿਟੀ ਹਾਲ ਇੱਕ ਸਿਆਸੀ ਲੜਾਈ ਵਿੱਚ ਟੈਕਸਦਾਤਿਆਂ ਦੇ ਲੱਖਾਂ ਡਾਲਰ ਬਰਬਾਦ ਕਰ ਰਿਹਾ ਸੀ।
ਸ਼ਹਿਰ ਵਿੱਚ ਵਧ ਰਹੀ ਗੈਂਗ ਹਿੰਸਾ ਅਤੇ ਜਬਰੀ ਵਸੂਲੀ 'ਤੇ ਚਿੰਤਾ ਪ੍ਰਗਟ ਕਰਦਿਆਂ ਕੰਸਰਵੇਟਿਵ ਉਮੀਦਵਾਰ ਨੇ ਐਲਾਨ ਕੀਤਾ ਕਿ ਉਹ ਸ਼ਹਿਰੀਆਂ ਦੀ ਸੁਰੱਖਿਆ ਨੂੰ ਮੁੱਖ ਰਖਦਿਆਂ ਫਰੰਟਲਾਈਨ ਪੁਲਿਸਿੰਗ ਨੂੰ ਵਧੇਰੇ ਫੰਡ ਦੇਣ ਨੂੰ ਪਹਿਲ ਦੇਣਗੇ। ਉਨ੍ਹਾਂ ਵਾਅਦਾ ਕੀਤਾ ਕਿ ਜਨਤਕ ਥਾਵਾਂ ਅਤੇ ਪਾਰਕਾਂ ਨੂੰ ਸੂਈਆਂ ਅਤੇ ਨਸ਼ਿਆਂ ਤੋਂ ਮੁਕਤ ਕੀਤਾ ਜਾਵੇਗਾ। ਨੌਜਵਾਨਾਂ ਨੂੰ ਨਸ਼ਿਆਂ ਅਤੇ ਗੈਂਗਾਂ ਤੋਂ ਬਚਾਉਣ ਲਈ ਕਿਫਾਇਤੀ ਮਨੋਰੰਜਨ ਕੇਂਦਰਾਂ ਅਤੇ ਪ੍ਰੋਗਰਾਮਾਂ ਵਿੱਚ ਨਿਵੇਸ਼ ਕੀਤਾ ਜਾਵੇਗਾ।
ਘਰ ਦੇ ਮਾਲਕਾਂ ਲਈ 'ਸਰੀ ਹੋਮ ਪ੍ਰੋਟੈਕਸ਼ਨ ਫੰਡ' ਕਾਇਮ ਕਰਨ ਦਾ ਵਾਅਦਾ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਅਕਸਰ ਮਾੜੇ ਕਿਰਾਏਦਾਰਾਂ ਕਾਰਨ ਘਰ ਦੇ ਮਾਲਕਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਕੋਈ ਕਿਰਾਏਦਾਰ ਨੂੰ RTB ਦੇ ਫੈਸਲੇ ਦੇ ਬਾਵਜੂਦ ਨੁਕਸਾਨ ਦੀ ਪੂਰੀ ਭਰਪਾਈ ਨਹੀਂ ਹੁੰਦੀ ਤਾਂ ਸਿਟੀ ਪ੍ਰਸ਼ਾਸਨ ਅਜਿਹੇ ਮਾਲਕਾਂ ਨੂੰ ਮੁਆਵਜ਼ਾ ਦੇਵੇਗਾ।
ਸੋਗੀ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਕੀ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਇੱਕ 'ਮਾਪੇ-ਨਾਗਰਿਕ ਸਲਾਹਕਾਰ ਕਮੇਟੀ' ਬਣਾਉਣ ਦਾ ਪ੍ਰਸਤਾਵ ਦਿੱਤਾ ਤਾਂ ਜੋ ਸਿੱਖਿਆ ਸਮੱਗਰੀ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕੇ।
ਸਿਟੀ ਹਾਲ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਬਿਲਡਿੰਗ ਪਰਮਿਟਾਂ ਲਈ 6-6 ਮਹੀਨਿਆਂ ਦੀ ਉਡੀਕ ਪ੍ਰਵਾਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕੁਸ਼ਲ ਸਰਕਾਰ ਅਤੇ ਘੱਟ ਟੈਕਸ ਦਾ ਨਾਅਰਾ ਦਿੰਦਿਆਂ ਸਿਟੀ ਸੇਵਾਵਾਂ ਨੂੰ ਤੇਜ਼ ਕਰਨ ਦਾ ਭਰੋਸਾ ਦਿੱਤਾ। ਅਖੀਰ ਵਿੱਚ ਉਨ੍ਹਾਂ ਸਰੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਚੋਣ ਸਿਰਫ਼ ਇੱਕ ਮੇਅਰ ਚੁਣਨ ਤੱਕ ਹੀ ਸੀਮਤ ਨਹੀਂ ਸਗੋਂ ਸ਼ਹਿਰ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਲਈ ਅਹਿਮ ਮੌਕਾ ਹੈ। ਉਨ੍ਹਾਂ ਕਿਹਾ ਕਿ ਸਰੀ ਨੂੰ ਹੁਣ ਹਫੜਾ-ਦਫੜੀ ਦੀ ਨਹੀਂ ਸਗੋਂ ਜਵਾਬਦੇਹ ਅਤੇ ਨਤੀਜੇ-ਅਧਾਰਿਤ ਲੀਡਰਸ਼ਿਪ ਦੀ ਲੋੜ ਹੈ। ਇਸ ਮੌਕੇ ਪਾਰਟੀ ਵੱਲੋਂ ਸਰੀ ਸਿਟੀ ਕੌਂਸਲਰ ਦੀ ਚੋਣ ਲਈ ਐਲਾਨੇ ਗਏ ਉਮੀਦਵਾਰ ਕੌਂਸਲਰ ਉਮੀਦਵਾਰ ਰਿੱਕੀ ਬਾਜਵਾ, ਰਸਿੰਦਰ ਕੌਰ, ਲੀਟਾ ਕਬਾਲ, ਸੈਨੀ ਕਲੌਕ, ਹੌਲੀ ਵਰਚਰੀ ਅਤੇ ਜੇਮਜ਼ ਯੂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜਰ ਸਨ।
Click to Follow Babushahi Facebook Page →