ਤਹਿਸੀਲਦਾਰ ਦੀ ਆਸਾਮੀ ਖਾਲੀ ਅਤੇ ਨਾਇਬ ਤਹਿਸੀਲਦਾਰ ਦੇ ਛੁੱਟੀ 'ਤੇ ਜਾਣ ਕਾਰਨ ਲੋਕ ਹੋ ਰਹੇ ਨੇ ਖੱਜਲ ਖੁਆਰ
ਜਗਰਾਓਂ, 24 ਮਾਰਚ (ਦੀਪਕ ਜੈਨ)
ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਸੂਬੇ ਭਰ ਵਿਚ ਕੀਤੇ ਗਏ ਤਹਿਸੀਲਦਾਰਾਂ ਦੇ ਤਬਾਦਲਿਆਂ ਦਾ ਅਸਰ ਜਗਰਾਓਂ ਤਹਿਸੀਲ ਦੇ ਆਮ ਲੋਕਾਂ 'ਤੇ ਭਾਰੀ ਪੈਂਦਾ ਦਿਖਾਈ ਦੇ ਰਿਹਾ ਹੈ। ਇੱਥੇ ਤਹਿਸੀਲਦਾਰ ਵਰਿੰਦਰ ਭਾਟੀਆ ਦੇ ਤਬਾਦਲੇ ਤੋਂ ਬਾਅਦ ਸਰਕਾਰ ਵਲੋਂ ਕਿਸੇ ਨਵੇਂ ਅਧਿਕਾਰੀ ਦੀ ਨਿਯੁਕਤੀ ਨਾ ਕੀਤੇ ਜਾਣ ਕਾਰਨ ਤਹਿਸੀਲ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸਰਕਾਰ ਵਲੋਂ ਹਾਲ ਹੀ ਵਿਚ ਦੋ ਵਾਰ ਤਹਿਸੀਲਦਾਰਾਂ ਦੀਆਂ ਬਦਲੀਆਂ ਦੀਆਂ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ, ਪਰ ਦੋਵੇਂ ਵਾਰ ਜਗਰਾਓਂ ਤਹਿਸੀਲ ਨੂੰ ਅਣਗੌਲਿਆ ਕਰ ਦਿੱਤਾ ਗਿਆ। ਤਹਿਸੀਲਦਾਰ ਦੀ ਕੁਰਸੀ ਲਗਾਤਾਰ ਖਾਲੀ ਰਹਿਣ ਕਾਰਨ ਦੂਰ-ਦੁਰਾਡੇ ਤੋਂ ਆਪਣੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਅਤੇ ਰਜਿਸਟਰੀਆਂ ਆਦਿ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਸਥਿਤੀ ਉਸ ਸਮੇਂ ਹੋਰ ਵੀ ਗੰਭੀਰ ਹੋ ਗਈ ਜਦੋਂ ਜਗਰਾਓਂ ਦੇ ਮੌਜੂਦਾ ਨਾਇਬ ਤਹਿਸੀਲਦਾਰ ਵੀ ਇਕ ਹਫ਼ਤੇ ਦੀ ਛੁੱਟੀ ‘ਤੇ ਚਲੇ ਗਏ। ਅਧਿਕਾਰੀਆਂ ਦੀ ਅਣਹੋਂਦ ਕਾਰਨ ਤਹਿਸੀਲ ਕੰਪਲੈਕਸ ਵਿਚ ਰੋਜ਼ਮੱਰਾ ਦੇ ਕੰਮ ਅਤੇ ਰਜਿਸਟਰੀਆਂ ਦਾ ਕੰਮ ਮੁਕੰਮਲ ਤੌਰ ‘ਤੇ ਠੱਪ ਹੋ ਗਿਆ, ਜਿਸ ਨਾਲ ਆਮ ਜਨਤਾ ਦੀ ਖੱਜਲ-ਖੁਆਰੀ ਸਿਖਰਾਂ 'ਤੇ ਪਹੁੰਚ ਗਈ।ਲੋਕਾਂ ਦੀਆਂ ਵੱਧਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਜਗਰਾਓਂ ਦੀ ਐਸ.ਡੀ.ਐਮ. ਉਪਿੰਦਰਜੀਤ ਕੌਰ ਬਰਾੜ ਨੇ ਤੁਰੰਤ ਪ੍ਰਸ਼ਾਸਨਿਕ ਕਦਮ ਚੁੱਕਿਆ। ਜਦੋਂ ਇਸ ਮਾਮਲੇ ਸਬੰਧੀ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਸਪੱਸ਼ਟ ਕੀਤਾ ਕਿ ਆਮ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਐਸ.ਡੀ.ਐਮ. ਬਰਾੜ ਨੇ ਦੱਸਿਆ ਕਿ ਜਨਤਾ ਦੀ ਸਹੂਲਤ ਅਤੇ ਰੁਕੇ ਹੋਏ ਕੰਮਾਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਿੱਧਵਾਂ ਬੇਟ ਦੇ ਨਾਇਬ ਤਹਿਸੀਲਦਾਰ ਦੀ ਵਿਸ਼ੇਸ਼ ਡਿਊਟੀ ਜਗਰਾਓਂ ਤਹਿਸੀਲ ਕੰਪਲੈਕਸ ਵਿਖੇ ਲਗਾ ਦਿੱਤੀ ਗਈ ਹੈ। ਉਹਨਾਂ ਭਰੋਸਾ ਦਿਵਾਇਆ ਕਿ ਹੁਣ ਆਪਣੇ ਰੋਜ਼ਮੱਰਾ ਦੇ ਕੰਮਾਂ ਲਈ ਜਗਰਾਓਂ ਤਹਿਸੀਲ ਵਿਖੇ ਪਹੁੰਚਣ ਵਾਲੇ ਲੋਕਾਂ ਦੇ ਕੰਮ ਬਿਨਾਂ ਕਿਸੇ ਦੇਰੀ ਦੇ ਨੇਪਰੇ ਚਾੜ੍ਹੇ ਜਾਣਗੇ ਤਾਂ ਜੋ ਉਹਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਜਿੱਥੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਉੱਥੇ ਹੀ ਸਰਕਾਰ ਤੋਂ ਇਹ ਮੰਗ ਵੀ ਉੱਠ ਰਹੀ ਹੈ ਕਿ ਜਗਰਾਓਂ ਵਰਗੀ ਅਹਿਮ ਤਹਿਸੀਲ ਵਿਚ ਜਲਦ ਤੋਂ ਜਲਦ ਪੱਕੇ ਤਹਿਸੀਲਦਾਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਸਮੱਸਿਆ ਮੁੜ ਪੈਦਾ ਨਾ ਹੋਵੇ।
Click to Follow Babushahi Facebook Page →