ਲੁਧਿਆਣਾ ਪ੍ਰਸ਼ਾਸਨ ਦਾ ਵੱਡਾ ਫੈਸਲਾ: ਹਸਪਤਾਲਾਂ, ਸਕੂਲਾਂ ਅਤੇ ਧੀਆਂ ਦੇ ਵਿਆਹਾਂ ਲਈ ਕਮਰਸ਼ੀਅਲ ਗੈਸ ਸਿਲੰਡਰਾਂ ਨੂੰ ਮਿਲੇਗੀ ਪਹਿਲ਼
ਸੁਖਮਿੰਦਰ ਭੰਗੂ
ਲੁਧਿਆਣਾ: 18 ਮਾਰਚ, 2026
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜ਼ਿਲ੍ਹੇ ਵਿੱਚ ਕਮਰਸ਼ੀਅਲ ਐਲ.ਪੀ.ਜੀ. (LPG) ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਨਵੇਂ ਹੁਕਮਾਂ ਅਨੁਸਾਰ, ਹੁਣ ਜ਼ਰੂਰੀ ਸੇਵਾਵਾਂ ਅਤੇ ਵਿਆਹ ਸਮਾਗਮਾਂ ਲਈ ਗੈਸ ਦੀ ਸਪਲਾਈ ਪਹਿਲ ਦੇ ਆਧਾਰ 'ਤੇ ਯਕੀਨੀ ਬਣਾਈ ਜਾਵੇਗੀ।
ਕਿਹੜੀਆਂ ਸ਼੍ਰੇਣੀਆਂ ਨੂੰ ਮਿਲੇਗੀ ਪਹਿਲ?
ਸਰਕਾਰ ਵੱਲੋਂ ਜਾਰੀ ਪੱਤਰ ਨੰਬਰ 1089025/47 ਅਨੁਸਾਰ, ਕਮਰਸ਼ੀਅਲ ਗੈਸ ਦੀ ਸਪਲਾਈ ਲਈ ਹੇਠ ਲਿਖੀਆਂ ਸ਼੍ਰੇਣੀਆਂ ਨੂੰ 'ਤਰਜੀਹੀ ਸੂਚੀ' (Priority List) ਵਿੱਚ ਰੱਖਿਆ ਗਿਆ ਹੈ ਜਿਹਨਾਂ ਵਿੱਚ ਸਿਹਤ ਸੇਵਾਵਾਂ: ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲ। ਸਿੱਖਿਆ ਸੰਸਥਾਵਾਂ: ਸਕੂਲ, ਕਾਲਜ ਅਤੇ ਉਨ੍ਹਾਂ ਦੇ ਹੋਸਟਲ। ਵਿਆਹ ਸਮਾਗਮ: ਵਿਆਹਾਂ ਲਈ ਲੋੜ ਅਨੁਸਾਰ ਸਿਲੰਡਰ ਅਲਾਟ ਕੀਤੇ ਜਾਣਗੇ, ਜਿਸ ਵਿੱਚ ਧੀਆਂ ਦੇ ਵਿਆਹ ਨੂੰ ਵਿਸ਼ੇਸ਼ ਤੌਰ 'ਤੇ ਪਹਿਲ ਦਿੱਤੀ ਜਾਵੇਗੀ।
ਗੈਰ-ਜ਼ਰੂਰੀ ਅਦਾਰਿਆਂ 'ਤੇ ਸ਼ਿਕੰਜਾ
ਭਾਰਤ ਸਰਕਾਰ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਕੀਤਾ ਗਿਆ ਹੈ ਕਿ ਆਮ ਵਪਾਰਕ ਅਦਾਰੇ (Commercial Establishments) ਇਸ ਸਪਲਾਈ ਵਿੱਚ 'ਗੈਰ-ਪ੍ਰਾਇੋਰਿਟੀ' ਸ਼੍ਰੇਣੀ ਵਿੱਚ ਰਹਿਣਗੇ। ਇਸ ਦਾ ਮਤਲਬ ਹੈ ਕਿ ਪਹਿਲਾਂ ਜ਼ਰੂਰੀ ਸੇਵਾਵਾਂ ਦੀ ਮੰਗ ਪੂਰੀ ਕੀਤੀ ਜਾਵੇਗੀ।
ਨਿਗਰਾਨੀ ਲਈ ਕਮੇਟੀਆਂ ਦਾ ਗਠਨ
ਸਪਲਾਈ ਦੀ ਵੰਡ ਅਤੇ ਪਾਰਦਰਸ਼ਤਾ ਲਈ ਜ਼ਿਲ੍ਹੇ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡ ਕੇ ਕਮੇਟੀਆਂ ਬਣਾਈਆਂ ਗਈਆਂ ਹਨਲੁਧਿਆਣਾ (ਪੂਰਬੀ ਤੇ ਪੱਛਮੀ): ਇਸ ਕਮੇਟੀ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਕਰਨਗੇ। ਇਸ ਵਿੱਚ ਐਸ.ਡੀ.ਐਮ., ਪੁਲਿਸ ਨੁਮਾਇੰਦੇ, ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਣਗੇ।ਖੰਨਾ, ਸਮਰਾਲਾ ਤੇ ਪਾਇਲ: ਇਨ੍ਹਾਂ ਇਲਾਕਿਆਂ ਲਈ ਵੱਖਰੀ ਕਮੇਟੀ ਬਣਾਈ ਗਈ ਹੈ।ਜਗਰਾਓਂ ਤੇ ਰਾਏਕੋਟ: ਇਨ੍ਹਾਂ ਸਬ-ਡਵੀਜ਼ਨਾਂ ਲਈ ਵੀ ਨਿਗਰਾਨ ਕਮੇਟੀਆਂ ਕਾਰਜਸ਼ੀਲ ਰਹਿਣਗੀਆਂ।
ਇਨ੍ਹਾਂ ਕਮੇਟੀਆਂ ਵਿੱਚ ਇੰਡੀਅਨ ਆਇਲ (IOCL) ਦੇ ਏਰੀਆ ਸੇਲਜ਼ ਮੈਨੇਜਰ ਅਰਜੁਨ ਸਿੰਘ ਨੂੰ ਬਤੌਰ ਨੋਡਲ ਅਫ਼ਸਰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਸਪਲਾਈ ਚੇਨ ਵਿੱਚ ਕੋਈ ਰੁਕਾਵਟ ਨਾ ਆਵੇ। ਇਹ ਫੈਸਲਾ ਆਮ ਜਨਤਾ ਨੂੰ ਰਾਹਤ ਦੇਣ ਅਤੇ ਖਾਸ ਕਰਕੇ ਵਿਆਹਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਲਈ ਲਿਆ ਗਿਆ ਹੈ।
Click to Follow Babushahi Facebook Page →