ਜਗਰਾਉਂ: ਪਿੰਡ ਜੰਡੀ 'ਚ ਕਿਸਾਨ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਸਨਸਨੀ
- ਕੈਨੇਡਾ ਰਹਿੰਦੇ ਪਹਿਲੀ ਪਤਨੀ ਦੇ ਪੁੱਤਰ ਨੇ ਫੋਨ ਨਾ ਚੁੱਕਣ 'ਤੇ ਜਤਾਇਆ ਸੀ ਸ਼ੱਕ
ਕਮਰੇ 'ਚ ਖਿੱਲਰੇ ਪਏ ਸਨ ਕਾਗਜ਼ਾਤ
- ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਸ਼ੁਰੂ, ਡੀ.ਐੱਸ.ਪੀ. ਢੀਂਡਸਾ ਵੱਲੋਂ ਅੰਨ੍ਹੇ ਕਤਲ ਨੂੰ ਜਲਦ ਸੁਲਝਾਉਣ ਦਾ ਦਾਅਵਾ
ਜਗਰਾਉਂ/ਸਿੱਧਵਾਂ ਬੇਟ (ਦੀਪਕ ਜੈਨ): ਨੇੜਲੇ ਪਿੰਡ ਜੰਡੀ ਵਿਖੇ ਬੀਤੀ ਰਾਤ ਇੱਕ ਕਿਸਾਨ ਦਾ ਉਸਦੇ ਘਰ ਵਿੱਚ ਹੀ ਕਿਸੇ ਮਾਰੂ ਹਥਿਆਰ ਨਾਲ ਕਤਲ ਕਰ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਜੋਂ ਹੋਈ ਹੈ, ਜੋ ਵਾਰਦਾਤ ਸਮੇਂ ਆਪਣੇ ਘਰ ਵਿੱਚ ਇਕੱਲਾ ਸੁੱਤਾ ਪਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਅਣਪਛਾਤਾ ਕਾਤਲ ਘਰ ਦੇ ਪਿਛਲੇ ਪਾਸੇ ਸਥਿਤ ਖਾਲੀ ਪਲਾਟ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਸੁੱਤੇ ਪਏ ਹਰਜਿੰਦਰ ਸਿੰਘ ਦੇ ਸਿਰ 'ਤੇ ਕਿਸੇ ਭਾਰੀ ਤੇ ਮਾਰੂ ਹਥਿਆਰ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦਿਲ-ਕੰਬਾਊ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦੀ ਪਹਿਲੀ (ਸਵਰਗਵਾਸੀ) ਪਤਨੀ ਦੇ ਕੈਨੇਡਾ ਰਹਿੰਦੇ ਲੜਕੇ, ਹਰਕਮਲ ਸਿੰਘ ਨੇ ਆਪਣੇ ਪਿਤਾ ਦੀ ਸੁੱਖ-ਸਾਂਦ ਜਾਣਨ ਲਈ ਫੋਨ ਕੀਤਾ। ਵਾਰ-ਵਾਰ ਫੋਨ ਨਾ ਚੁੱਕੇ ਜਾਣ 'ਤੇ ਹਰਕਮਲ ਨੇ ਚਿੰਤਾ ਜ਼ਾਹਰ ਕਰਦਿਆਂ ਆਪਣੇ ਤਾਏ (ਮ੍ਰਿਤਕ ਦੇ ਭਰਾ) ਜਗਰਾਜ ਸਿੰਘ ਨੂੰ ਸੂਚਿਤ ਕੀਤਾ।
ਜਦੋਂ ਜਗਰਾਜ ਸਿੰਘ ਨੇ ਕੰਧ ਟੱਪ ਕੇ ਘਰ ਅੰਦਰ ਜਾ ਕੇ ਦੇਖਿਆ ਤਾਂ ਹਰਜਿੰਦਰ ਸਿੰਘ ਦੀ ਲਾਸ਼ ਬੈੱਡ 'ਤੇ ਪਈ ਸੀ ਅਤੇ ਕੋਲ ਹੀ ਅਲਮਾਰੀ ਦਾ ਸਮਾਨ ਅਤੇ ਕਾਗਜ਼ਾਤ ਬੁਰੀ ਤਰ੍ਹਾਂ ਖਿੱਲਰੇ ਹੋਏ ਸਨ, ਜੋ ਕਿ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਸਨ। ਇਸ ਮਗਰੋਂ ਤੁਰੰਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਲਈ ਮੀਡੀਆ ਸਮੇਤ ਆਮ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰੱਖਿਆ। ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਿਸ ਵੱਲੋਂ ਹਰ ਪੱਖ ਤੋਂ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਟੀਮਾਂ ਮੌਕੇ ਤੋਂ ਬਾਰੀਕੀ ਨਾਲ ਅਹਿਮ ਸੁਰਾਗ ਇਕੱਠੇ ਕਰ ਰਹੀਆਂ ਹਨ ਤਾਂ ਜੋ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਤੱਕ ਜਲਦ ਤੋਂ ਜਲਦ ਪਹੁੰਚਿਆ ਜਾ ਸਕੇ।
ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਦਾ ਪੱਖ:
ਮੌਕੇ 'ਤੇ ਪਹੁੰਚੇ ਪੁਲਿਸ ਡਿਵੀਜ਼ਨ ਜਗਰਾਉਂ ਦੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇਸ ਮੰਦਭਾਗੀ ਘਟਨਾ ਦੀ ਬਹੁਤ ਹੀ ਬਾਰੀਕੀ ਅਤੇ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੁਲਿਸ ਇਸ ਅੰਨ੍ਹੇ ਕਤਲ ਦੇ ਮਾਮਲੇ ਦੀ ਤਹਿ ਤੱਕ ਜਾਵੇਗੀ ਅਤੇ ਜਲਦ ਹੀ ਇਸਦਾ ਖੁਲਾਸਾ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਨਜ਼ਦੀਕੀ ਰਿਸ਼ਤੇਦਾਰਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
Click to Follow Babushahi Facebook Page →