ਮੋਹਾਲੀ 'ਚ ਖ਼ੌਫ਼ਨਾਕ ਵਾਰਦਾਤ: ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਲੀ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
CCTV 'ਚ ਕੈਦ ਹੋਈਆਂ ਨੌਜਵਾਨ ਦੀਆਂ ਆਖਰੀ ਹਰਕਤਾਂ; 'ਮੰਮੀ-ਮੰਮੀ' ਪੁਕਾਰਦੇ ਹੋਏ ਕਈਆਂ ਦੇ ਖੜਕਾਏ ਦਰਵਾਜ਼ੇ, ਸੁਸਾਇਟੀ 'ਚ ਦਹਿਸ਼ਤ
Ravi Jakhu
ਮੋਹਾਲੀ/ਖਰੜ: 10 ਮਾਰਚ 2026 - ਮੋਹਾਲੀ ਦੇ ਸੈਕਟਰ-127 ਸਥਿਤ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਅੱਜ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਕ 32 ਸਾਲਾ ਨੌਜਵਾਨ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਅੰਗਦ ਸਿੰਘ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
CCTV ਵਿੱਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ
ਘਟਨਾ ਤੋਂ ਪਹਿਲਾਂ ਦੀਆਂ ਜੋ ਤਸਵੀਰਾਂ CCTV ਕੈਮਰੇ ਵਿੱਚ ਸਾਹਮਣੇ ਆਈਆਂ ਹਨ, ਉਹ ਕਾਫੀ ਹੈਰਾਨ ਕਰਨ ਵਾਲੀਆਂ ਹਨ। CCTV ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਅੰਗਦ ਸਿੰਘ ਬਹੁਤ ਜ਼ਿਆਦਾ ਡਰਿਆ ਹੋਇਆ ਸੀ। ਉਹ ਫ਼ੋਨ ਤੋਂ ਨੰਬਰ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਸੁਸਾਇਟੀ ਦੇ ਕਈ ਘਰਾਂ ਦੇ ਗੇਟ ਖੜਕਾ ਰਿਹਾ ਸੀ। ਚਸ਼ਮਦੀਦਾਂ ਅਤੇ ਫੁਟੇਜ ਮੁਤਾਬਕ ਉਹ ਲਗਾਤਾਰ 'ਮੰਮੀ-ਮੰਮੀ' ਪੁਕਾਰ ਰਿਹਾ ਸੀ, ਜਿਵੇਂ ਕਿਸੇ ਵੱਡੀ ਮੁਸੀਬਤ ਵਿੱਚ ਹੋਵੇ।
ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਸੁਸਾਇਟੀ ਦੇ ਲੋਕਾਂ ਵੱਲੋਂ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਪੁਲਿਸ ਜਾਂਚ ਜਾਰੀ
ਸੂਚਨਾ ਮਿਲਦੇ ਹੀ ਖਰੜ ਸਦਰ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ, ਨੌਜਵਾਨ ਦੇ ਦਿੱਲੀ ਸਥਿਤ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨ ਇੰਨਾ ਡਰਿਆ ਹੋਇਆ ਕਿਉਂ ਸੀ ਅਤੇ ਉਸ ਨੇ ਇਹ ਖ਼ੌਫ਼ਨਾਕ ਕਦਮ ਕਿਉਂ ਚੁੱਕਿਆ। ਪੁਲਿਸ ਸੁਸਾਇਟੀ ਦੇ ਮੈਂਬਰਾਂ ਅਤੇ ਉਸ ਦੇ ਮੋਬਾਈਲ ਦੀ ਡਿਟੇਲ ਖੰਗਾਲ ਰਹੀ ਹੈ।
Click to Follow Babushahi Facebook Page →