Babushahi Special ਸੰਸਦੀ ਫੰਡ ਵਰਤਣ ’ਚ ਹਰਸਿਮਰਤ ਦੀ ਝੰਡੀ, ਅਮਰ ਸਿੰਘ ਦਾ ਕੌਤਕ ਅਤੇ ਚੰਨੀ ਦੀ ਸੁਸਤੀ
ਅਸ਼ੋਕ ਵਰਮਾ
ਬਠਿੰਡਾ , 21 ਫਰਵਰੀ 2026: ਸੰਸਦੀ ਕੋਟੇ ਦੇ ਫੰਡ ਵਰਤਣ ’ਚ ਬਾਦਲ ਪ੍ਰੀਵਾਰ ਦੀ ਸੰਸਦ ਮੈਂਬਰ ਨੂੰਹ ਹਰਸਿਮਰਤ ਕੌਰ ਬਾਦਲ ਦੀ ਝੰਡੀ ਹੈ ਜਦੋਂਕਿ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਫਾਡੀ ਦਿਖਾਈ ਦੇ ਰਹੇ ਹਨ। ਅੰਕੜਿਆਂ ਦੀ ਪੁਣਛਾਣ ਦੌਰਾਨ ਸਪੱਸ਼ਟ ਤੌਰ ’ਤੇ ਪਤਾ ਲੱਗਦਾ ਹੈ ਕਿ ਕਈ ਸੰਸਦ ਮੈਂਬਰਾਂ ਨੇ ਪੂਰੀ ਰਕਮ ਦੀ ਵਰਤੋਂ ਵਿੱਚ ਤੇਜ਼ੀ ਦਿਖਾਈ ਹੈ, ਜਦੋਂਕਿ ਕੱੁਝ ਅਜੇ ਵੀ ਹੌਲੀ ਰਫ਼ਤਾਰ ਨਾਲ ਅੱਗੇ ਵਧ ਰਹੇ ਹਨ। ਸਭ ਤੋਂ ਹੈਰਾਨਕੁੰਨ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰ ਸਿੰਘ ਦਾ ਹੈ ਜਿੰਨ੍ਹਾਂ ਨੇ ਸੰਸਦੀ ਕੋਟੇ ਦੇ ਫੰਡ ਵਰਤਣ ’ਚ ਅਜਿਹਾ ਕ੍ਰਿਸ਼ਮਾ ਕਰ ਦਿਖਾਇਆ ਹੈ ਕਿ ਹਰ ਕੋਈ ਉੱਗਲਾਂ ਟੁੱਕਣ ਲਈ ਮਜਬੂਰ ਹੋ ਜਾਂਦਾ ਹੈ। ਸੰਸਦ ਮੈਂਬਰ ਅਮਰ ਸਿੰਘ ਨੇ 9.80 ਕਰੋੜ ਰੁਪਏ ਵਿੱਚੋਂ 6.29 ਕਰੋੜ ਰੁਪਏ (64 ਫੀਸਦੀ) ਜਾਰੀ ਕੀਤੇ ਹਨ।
ਇੰਨ੍ਹਾਂ ਚੋਂ ਹੁਣ ਤੱਕ 2.52 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ 84.90 ਲੱਖ ਰੁਪਏ ਦਾ ਕੰਮ ਪੂਰੇ ਹੋਏ ਹਨ। ਦਿਲਚਸਪ ਗੱਲ ਇਹ ਹੈ ਕਿ ਅਮਰ ਸਿੰਘ ਨੇ ਆਪਣੇ ਹਲਕੇ ਫਤਿਹਗੜ੍ਹ ਸਾਹਿਬ ਨਾਲੋਂ ਲੁਧਿਆਣਾ ਸੰਸਦੀ ਹਲਕੇ ਵਿੱਚ ਜ਼ਿਆਦਾ ਕੰਮ ਕਰਵਾਏ ਹਨ ਜਿਸਦੀ ਨੁਮਾਇੰਦਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਦੇ ਹਨ। ਰਿਕਾਰਡ ਅਨੁਸਾਰ, ਉਨ੍ਹਾਂ ਦੀਆਂ 180 ਸਿਫ਼ਾਰਸ਼ਾਂ ਚੋਂ ਤਕਰੀਬਨ 115 ਲੁਧਿਆਣਾ ਸੰਸਦੀ ਖੇਤਰ ਨਾਲ ਸਬੰਧਤ ਹਨ ਜਦੋਂਕਿ ਕੱੁਝ ਕੰਮ ਮਲੇਰਕੋਟਲਾ ਵਿੱਚ ਵੀ ਕਰਵਾਏ ਗਏ ਹਨ। ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ 9.80 ਕਰੋੜ ਰੁਪਏ ਦੀ ਨਿਰਧਾਰਤ ਸੀਮਾ ਚੋਂ ਸਿਰਫ 3.82 ਕਰੋੜ ਰੁਪਏ ਕਿ ਵਿਕਾਸ ਕਾਰਜਾਂ ਦੀ ਸਿਫਾਰਸ਼ ਕੀਤੀ ਹੈ ਜੋ ਤਕਰੀਬਨ 33 ਫੀਸਦੀ ਬਣਦੀ ਹੈ। ਇਸ ਰਾਸ਼ੀ ਚੋਂ 1.55 ਕਰੋੜ ਰੁਪਿਆ ਵੱਖ ਵੱਖ ਪ੍ਰਜੈਕਟਾਂ ’ਤੇ ਖਰਚਿਆ ਜਾ ਚੁੱਕਿਆ ਹੈ ਅਤੇ 97.13 ਲੱਖ ਰੁਪਏ ਦੇ ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ।
ਦੂਜੇ ਪਾਸੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੰਡਾਂ ਦੀ ਨਿਰਧਾਰਤ ਸੀਮਾ 10.94 ਕਰੋੜ ਰੁਪਏ ਚੋਂ 10 .93 ਕਰੋੜ ਦੀਆਂ ਸਿਫਾਰਸ਼ਾਂ ਕਰਕੇ 99 ਫੀਸਦੀ ਟੀਚਾ ਹਾਸਲ ਕੀਤਾ ਹੈ ਜੋ ਆਪਣੇ ਆਪ ’ਚ ਇੱਕ ਰਿਕਾਰਡ ਹੈ। ਇਸ ਰਾਸ਼ੀ ਚੋਂ 5.73 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਜਦੋਂਕਿ 2.82 ਕਰੋੜ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਉਨ੍ਹਾਂ ਨੇ ਕਈ ਕੰਮ ਸ਼ੀ ਮੁਕਤਸਰ ਸਾਹਿਬ ’ਚ ਵੀ ਕਰਵਾਏ ਹਨ ਜੋ ਸੰਸਦੀ ਹਲਕਾ ਫਿਰੋਜ਼ਪੁਰ ਅਧੀਨ ਆਉਂਦਾ ਹੈ ਪਰ ੁਾਦਲ ਪ੍ਰੀਵਾਰ ਦਾ ਜੱਦੀ ਜਿਲ੍ਹਾ ਵੀ ਹੈ। ਸੰਸਦੀ ਫੰਡਾਂ ਦੀ ਸਿਫਾਰਸ਼ ਕਰਨ ਦੇ ਮਾਮਲੇ ’ਚ ਹਰਸਿਮਰਤ ਕੌਰ ਬਾਦਲ ਤੋਂ ਬਾਅਦ 98 ਫੀਸਦੀ ਦੇ ਅੰਕੜੇ ਨਾਲ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦਾ ਹੈ ਜਦੋਂਕਿ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਸੰਸਦੀ ਕੋਟੇ ਦੇ ਫੰਡਾਂ ਚੋਂ 97 ਫੀਸਦੀ ਸਿਫਾਰਸ਼ਾਂ ਕੀਤੀਆਂ ਹਨ।
ਇਸੇ ਤਰਾਂ ਹੀ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ 93 ਫੀਸਦੀ ਸਿਫਾਰਸ਼ਾਂ ਕੀਤੀਆਂ ਹਨ ਜਦੋਂਕਿ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ 89 ਫੀਸਦੀ , ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ 87 ਪ੍ਰਤੀਸ਼ਤ , ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ 86 ਫੀਸਦੀ , ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 83 ਫੀਸਦੀ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 80 ਫੀਸਦੀ ਰਾਸ਼ੀ ਦੀ ਸਿਫਾਰਸ਼ ਕੀਤੀ ਜਾ ਚੁੱਕੀ ਹੈ। ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਖਡੂਰ ਸਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸੰਸਦੀ ਕੋਟੇ ਦੇ ਫੰਡ ਵਰਤਣ ਦਾ ਮਾਮਲਾ ਭੇਤ ਬਣਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਸੰਸਦ ਮੈਂਬਰ ਨੇ ਇਹ ਫੰਡ ਆਪਣੇ ਅਧਿਕਾਰਤ ਪੀਏ ਜ਼ਰੀਏ ਵਰਤਣ ਲਈ ਕੇਂਦਰ ਨੂੰ ਪੱਤਰ ਲਿਖਿਆ ਸੀ ਜਿਸ ਦਾ ਕੀ ਬਣਿਆ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਕੀ ਹਨ ਸੰਸਦੀ ਕੋਟੇ ਦੇ ਫੰਡ
ਸੰਸਦੀ ਕੋਟੇ ਦੇ ਫੰਡ ਜਿੰਨ੍ਹਾਂ ਨੂੰ ਐਮ ਪੀ ਲੈਡਜ਼ ਫੰਡ ਵੀ ਕਿਹਾ ਜਾਂਦਾ ਹੈ। ਹਰੇਕ ਸੰਸਦ ਮੈਂਬਰ ਨੂੰ ਸਾਲ ਵਿੱਚ 5 ਕਰੋੜ ਰੁਪਏ ਸਾਲ ਵਿੱਚ ਦੋ ਵਾਰ ਦਿੱਤੇ ਜਾਂਦੇ ਹਨ। ਇਹ ਉਹ ਰਾਸ਼ੀ ਹੈ ਜੋ ਸੰਸਦ ਮੈਂਬਰਾਂ ਨੂੰ ਆਪਣੇ ਹਲਕੇ ਦੇ ਵਿਕਾਸ ਲਈ ਦਿੱਤੀ ਜਾਂਦੀ ਹੈ। ਇਹ ਫੰਡ ਸਿੱਖਿਆ, ਸਿਹਤ, ਸੜਕਾਂ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਢਾਂਚੇ ਦੇ ਕੰਮਾਂ ਲਈ ਖਰਚੇ ਜਾਂਦੇ ਹਨ। ਇੰਨ੍ਹਾਂ ਫੰਡਾਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਰਾਹੀਂ ਖਰਚਿਆ ਜਾਂਦਾ ਹੈ। ਸੰਸਦ ਮੈਂਬਰ ਕੰਮ ਦੀ ਸਿਫਾਰਸ਼ ਕਰਦਾ ਹੈ ਜਦੋਂਕਿ ਡਿਪਟੀ ਕਮਿਸ਼ਨਰ ਸਬੰਧਤ ਕੰਮ ਨੂੰ ਪ੍ਰਵਾਨਗੀ ਅਤੇ ਅਮਲ ਲਈ ਜਿੰਮੇਵਾਰ ਹੁੰਦਾ ਹੈ। ਲੋਕ ਸਭਾ ਮੈਂਬਰ ਆਪਣੇ ਚੋਣ ਹਲਕੇ ਵਿੱਚ, ਅਤੇ ਰਾਜ ਸਭਾ ਮੈਂਬਰ ਆਪਣੇ ਚੁਣੇ ਹੋਏ ਰਾਜ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕੰਮ ਕਰਵਾ ਸਕਦੇ ਹਨ।
Click to Follow Babushahi Facebook Page →