ਫਤਿਹਗੜ੍ਹ ਸਾਹਿਬ: ਹਵਾਰਾ ਪਿੰਡ ਦੀ ਧਰਤੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੂੰਜੀ ਆਵਾਜ਼; 'ਚੜ੍ਹਦੀ ਕਲਾ ਪੰਥਕ ਇਕੱਠ' 'ਚ ਉਮੜਿਆ ਸੈਲਾਬ
ਜਗਤਾਰ ਸਿੰਘ ਹਵਾਰਾ ਦੀ ਮਾਤਾ ਨਰਿੰਦਰ ਕੌਰ ਨੂੰ ਐਂਬੂਲੈਸ ਜ਼ਰੀਏ ਪੰਥਕ ਇਕੱਠ ਵਿੱਚ ਲਿਆਂਦਾ ਗਿਆ
ਬੇਹੱਦ ਬਿਮਾਰ ਹਾਲਤ 'ਚ ਐਂਬੂਲੈਂਸ ਰਾਹੀਂ ਪਹੁੰਚੇ ਜਗਤਾਰ ਸਿੰਘ ਹਵਾਰਾ ਦੇ ਮਾਤਾ; ਸਿਮਰਨਜੀਤ ਸਿੰਘ ਮਾਨ ਅਤੇ MP ਸਰਬਜੀਤ ਸਿੰਘ ਖ਼ਾਲਸਾ ਨੇ ਸਰਕਾਰ ਨੂੰ ਘੇਰਿਆ
Babushahi Network
ਹਵਾਰਾ ਕਲਾਂ (ਫਤਿਹਗੜ੍ਹ ਸਾਹਿਬ) 21 ਫਰਵਰੀ 2026: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਫਤਿਹਗੜ੍ਹ ਸਾਹਿਬ ਦੇ ਪਿੰਡ ਹਵਾਰਾ ਕਲਾਂ ਵਿਖੇ ਇੱਕ ਵਿਸ਼ਾਲ ਪੰਥਕ ਇਕੱਠ ਕੀਤਾ ਗਿਆ। 'ਚੜ੍ਹਦੀ ਕਲਾ ਪੰਥਕ ਇਕੱਠ' ਦੇ ਨਾਂ ਹੇਠ ਕੀਤੇ ਗਏ ਇਸ ਸਮਾਗਮ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਮਾਤਾ ਨਰਿੰਦਰ ਕੌਰ ਦੀ ਮੌਜੂਦਗੀ ਨੇ ਸਭ ਦੀਆਂ ਅੱਖਾਂ ਨਮ ਕੀਤੀਆਂ
ਇਸ ਇਕੱਠ ਦਾ ਸਭ ਤੋਂ ਭਾਵੁਕ ਪਲ ਉਹ ਸੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਨਰਿੰਦਰ ਕੌਰ ਜੀ ਨੂੰ ਐਂਬੂਲੈਂਸ ਰਾਹੀਂ ਸਮਾਗਮ ਵਾਲੀ ਥਾਂ ਲਿਆਂਦਾ ਗਿਆ। ਉਹ ਲੰਬੇ ਸਮੇਂ ਤੋਂ ਬੇਹੱਦ ਬਿਮਾਰ ਚੱਲ ਰਹੇ ਹਨ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਨਾਲ ਮੌਜੂਦ ਸੀ। ਉਨ੍ਹਾਂ ਨੂੰ ਵੀਲ੍ਹ-ਚੇਅਰ 'ਤੇ ਬਿਠਾ ਕੇ ਪੰਡਾਲ ਅੰਦਰ ਲਿਜਾਇਆ ਗਿਆ। ਹਾਜ਼ਰ ਸੰਗਤ ਦਾ ਕਹਿਣਾ ਸੀ ਕਿ ਇੱਕ ਮਾਂ ਦੀ ਆਪਣੇ ਪੁੱਤ ਨੂੰ ਮਿਲਣ ਦੀ ਆਖਰੀ ਇੱਛਾ ਵੀ ਸਰਕਾਰ ਪੂਰੀ ਨਹੀਂ ਕਰ ਰਹੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਇਕੱਠ ਵਿੱਚ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੁਰਜ਼ੋਰ ਆਵਾਜ਼ ਉਠਾਈ ਅਤੇ ਸਰਕਾਰ 'ਤੇ ਸਿੱਖਾਂ ਨਾਲ ਵਿਤਕਰਾ ਕਰਨ ਦੇ ਦੋਸ਼ ਲਾਏ। ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਦੀ ਦੋਹਰੀ ਨੀਤੀ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ "ਇੱਕ ਪਾਸੇ ਬਲਾਤਕਾਰੀ ਸਾਧ ਜਦੋਂ ਚਾਹੁੰਦਾ ਹੈ ਪੈਰੋਲ ਲੈ ਲੈਂਦਾ ਹੈ, ਪਰ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਹੱਕਾਂ ਦੀ ਗੱਲ ਕਰਨ ਵਾਲਿਆਂ 'ਤੇ NSA ਲਗਾ ਦਿੱਤੀ ਜਾਂਦੀ ਹੈ। ਹਵਾਰਾ ਦੇ ਮਾਤਾ ਜੀ ਇੰਨੇ ਬਿਮਾਰ ਹਨ, ਪਰ ਸਰਕਾਰ ਪੁੱਤ ਨੂੰ ਮਿਲਣ ਦੀ ਇਜਾਜ਼ਤ ਤੱਕ ਨਹੀਂ ਦੇ ਰਹੀ।"
Click to Follow Babushahi Facebook Page →