ਫਰਿਜਨੋ ਦੇ ਸਿੱਖ ਮਾਸਟਰ ਐਥਲੀਟਸ ਨੇ ਰੀਨੋ ਵਿੱਚ ਸੋਨੇ ਦੇ ਤਮਗੇ ਜਿੱਤ ਕੇ ਕੌਮ ਦਾ ਨਾਮ ਰੌਸ਼ਨ ਕੀਤਾ
ਗੁਰਿੰਦਰਜੀਤ ਨੀਟਾ ਮਾਛੀਕੇ
ਰੀਨੋ, ਨੇਵਾਡਾ /ਫਰਿਜਨੋ , ਕੈਲੀਫ਼ੋਰਨੀਆ:
ਫਰਿਜਨੋ ਸਿੱਖ ਕੌਮ ਲਈ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਤਿੰਨ ਸਿੱਖ ਮਾਸਟਰ ਐਥਲੀਟਸ — ਰੰਧੀਰ ਸਿੰਘ ਵਿਰਕ, ਗੁਰਬਕਸ਼ ਸਿੰਘ ਸਿੱਧੂ ਅਤੇ ਸੁਖਨੈਨ ਸਿੰਘ ਨੇ USATF ਵੈਸਟ ਅਤੇ ਨਾਰਥਵੈਸਟ ਰੀਜਨ ਮਾਸਟਰਜ਼ ਅਤੇ USATF ਪੈਸਿਫ਼ਿਕ ਅਸੋਸੀਏਸ਼ਨ ਇੰਡੋਰ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ-ਆਪਣੇ ਇਵੈਂਟਸ ਵਿੱਚ ਸੋਨੇ ਦੇ ਤਮਗੇ ਜਿੱਤ ਕੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ।
ਇਹ ਪ੍ਰਤੀਯੋਗਿਤਾ ਰੀਨੋ ਕਨਵੈਨਸ਼ਨ ਸੈਂਟਰ, ਨੇਵਾਡਾ ਵਿੱਚ ਆਯੋਜਿਤ ਕੀਤੀ ਗਈ, ਜਿਸ ਵਿੱਚ ਅਮਰੀਕਾ ਦੇ ਕਈ ਰਾਜਾਂ ਤੋਂ ਆਏ ਤਜਰਬੇਕਾਰ ਮਾਸਟਰ ਐਥਲੀਟਸ ਨੇ ਭਾਗ ਲਿਆ। ਫਰਿਜਨੋ ਦੇ ਇਨ੍ਹਾਂ ਤਿੰਨ ਖਿਡਾਰੀਆਂ ਨੇ ਆਪਣੀ ਲਗਨ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਇਹ ਸਾਬਤ ਕੀਤਾ ਕਿ ਉਮਰ ਕਦੇ ਵੀ ਕਾਮਯਾਬੀ ਲਈ ਰੁਕਾਵਟ ਨਹੀਂ ਬਣਦੀ।
ਮੁਕਾਬਲੇ ਤੋਂ ਬਾਅਦ 1 ਫਰਵਰੀ ਨੂੰ ਖਿਡਾਰੀਆਂ ਨੇ ਰੀਨੋ ਦੇ ਗੁਰਦੁਆਰਾ ਸਾਹਿਬ ਸੈਲਮਾ ਡਰਾਈਵ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਆਪਣੀ ਕਾਮਯਾਬੀ ਲਈ ਅਸੀਸਾਂ ਪ੍ਰਾਪਤ ਕੀਤੀਆਂ।
ਇਸ ਮੌਕੇ ਰੀਨੋ ਦੀ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀਆਂ ਦਾ ਭਰਪੂਰ ਸਨਮਾਨ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਉਨ੍ਹਾਂ ਨੂੰ ਸਿਰੋਪਾ ਸਾਹਿਬ ਭੇਟ ਕਰਕੇ ਨਿਵਾਜਿਆ ਗਿਆ।
ਸਨਮਾਨ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਵਿੱਚ
ਜਸਵਿੰਦਰ ਸਿੰਘ (ਪ੍ਰਧਾਨ),
ਕੁਲਦੀਪ ਸਿੰਘ (ਸਕੱਤਰ),
ਨਛੱਤਰ ਸਿੰਘ ਗੋਸਲ (ਕੈਸ਼ੀਅਰ) ਅਤੇ
ਦਵਿੰਦਰ ਚਾਵਲਾ (ਡਾਇਰੈਕਟਰ)
ਹਾਜ਼ਰ ਸਨ। ਉਨ੍ਹਾਂ ਨੇ ਖਿਡਾਰੀਆਂ ਦੀ ਖੇਡ ਕਾਬਲੀਅਤ, ਅਟੁੱਟ ਮਿਹਨਤ ਅਤੇ ਸਮਰਪਣ ਦੀ ਦਿਲੋਂ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਹੌਸਲਾ ਅਫ਼ਜ਼ਾਈ ਕੀਤੀ।
ਇਹ ਕਾਮਯਾਬੀ ਸਾਰੀ ਸਿੱਖ ਕੌਮ ਲਈ ਪ੍ਰੇਰਣਾ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਜੇ ਮਨ ਵਿੱਚ ਸ਼ਰਧਾ ਅਤੇ ਦਿਲ ਵਿੱਚ ਜਜ਼ਬਾ ਹੋਵੇ, ਤਾਂ ਵਾਹਿਗੁਰੂ ਹਰ ਰਾਹ ਆਪ ਖੋਲ੍ਹ ਦਿੰਦਾ ਹੈ। ਫਰਿਜਨੋ ਦੀ ਸਿੱਖ ਕੌਮ ਨੂੰ ਆਪਣੇ ਇਨ੍ਹਾਂ ਮਾਣਯੋਗ ਖਿਡਾਰੀਆਂ ’ਤੇ ਪੂਰਾ ਮਾਣ ਹੈ।