ਰਾਵੀ-ਬਿਆਸ ਜਲ ਟ੍ਰਿਬਿਊਨਲ ਦੇ ਦੌਰੇ ਦਾ ਤਿੱਖਾ ਵਿਰੋਧ; ਇਲਾਕਾ ਵਾਸੀਆਂ ਦੇ ਧਰਨੇ ਕਾਰਨ ਡੈਲੀਗੇਟਾਂ ਨੂੰ ਮੁੜਨਾ ਪਿਆ ਵਾਪਸ
ਰੂਪਨਗਰ/ਕੀਰਤਪੁਰ ਸਾਹਿਬ, 6 ਫਰਵਰੀ: ਰਾਵੀ-ਬਿਆਸ ਜਲ ਟ੍ਰਿਬਿਊਨਲ ਦੀ ਇੱਕ ਵਿਸ਼ੇਸ਼ ਟੀਮ ਅੱਜ ਜ਼ਿਲ੍ਹਾ ਰੂਪਨਗਰ ਦੇ ਅਹਿਮ ਜਲ ਸਰੋਤਾਂ ਦਾ ਜਾਇਜ਼ਾ ਲੈਣ ਪਹੁੰਚੀ, ਪਰ ਇਲਾਕਾ ਵਾਸੀਆਂ ਦੇ ਭਾਰੀ ਵਿਰੋਧ ਕਾਰਨ ਉਨ੍ਹਾਂ ਨੂੰ ਆਪਣਾ ਦੌਰਾ ਅਧੂਰਾ ਛੱਡਣਾ ਪਿਆ। ਟ੍ਰਿਬਿਊਨਲ ਦੇ ਡੈਲੀਗੇਟਾਂ ਨੇ ਭਾਖੜਾ ਮੈਨੇਜਮੈਂਟ ਲਾਈਨ (BML ਹੈੱਡ ਰੋਪੜ) ਅਤੇ ਕੀਰਤਪੁਰ ਸਾਹਿਬ ਦੇ ਨਜ਼ਦੀਕ ਲੋਹੰਡ ਖੱਡ ਦਾ ਦੌਰਾ ਕਰਨਾ ਸੀ।
ਜਿਵੇਂ ਹੀ ਟ੍ਰਿਬਿਊਨਲ ਦੀ ਟੀਮ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚੀ, ਬੁੰਗਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਇਲਾਕਾ ਵਾਸੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਟ੍ਰਿਬਿਊਨਲ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਹਾਈਵੇ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਧਰਨੇ ਅਤੇ ਲੋਕਾਂ ਦੇ ਰੋਸ ਨੂੰ ਦੇਖਦਿਆਂ ਸੁਰੱਖਿਆ ਕਾਰਨਾਂ ਅਤੇ ਤਣਾਅਪੂਰਨ ਸਥਿਤੀ ਦੇ ਚੱਲਦਿਆਂ ਟ੍ਰਿਬਿਊਨਲ ਦੀ ਟੀਮ ਲੋਹੰਡ ਖੱਡ ਤੱਕ ਨਹੀਂ ਪਹੁੰਚ ਸਕੀ। ਡੈਲੀਗੇਟਾਂ ਨੂੰ ਲੋਹੰਡ ਖੱਡ ਦਾ ਦੌਰਾ ਕੀਤੇ ਬਿਨਾਂ ਹੀ ਵਾਪਸ ਮੁੜਨਾ ਪਿਆ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਨਾਲ ਲਗਾਤਾਰ ਬੇਇਨਸਾਫ਼ੀ ਹੋ ਰਹੀ ਹੈ ਅਤੇ ਉਹ ਕਿਸੇ ਵੀ ਅਜਿਹੀ ਕਾਰਵਾਈ ਦਾ ਵਿਰੋਧ ਕਰਨਗੇ ਜੋ ਸੂਬੇ ਦੇ ਹਿੱਤਾਂ ਦੇ ਵਿਰੁੱਧ ਹੋਵੇ। ਮੌਕੇ 'ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਕਾਰੀ ਆਪਣੀ ਮੰਗ 'ਤੇ ਅੜੇ ਰਹੇ।