ਪੁਲਿਸ ਹਿਰਾਸਤ ’ਚ ਕਤਲ: ਐਸ ਐਸ ਪੀ ਦਫਤਰ ਬਠਿੰਡਾ ਅੱਗੇ ਰੋਸ ਧਰਨਾ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 31 ਮਈ2025: ਸੀ ਆਈ ਏ ਸਟਾਫ ਬਠਿੰਡਾ-2 ਵੱਲੋਂ ਪੁਲਿਸ ਹਿਰਾਸਤ ਵਿੱਚ ਕਤਲ ਕੀਤੇ ਗੋਨਿਆਣਾ ਮੰਡੀ ਦੇ ਨਰਿੰਦਰਦੀਪ ਦੇ ਕਾਤਲਾਂ ਤੇ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗ੍ਰਿਫ਼ਤਾਰ ਕਰਨ, ਮਾਮਲੇ ਦੀ ਸਮਾਂ ਬੱਧ ਜ਼ੁਡੀਸ਼ੀਅਲ ਜਾਂਚ , ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਨਰਿੰਦਰਦੀਪ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਲੈਕੇ ਬਣਾਈ 27 ਮੈਂਬਰੀ ਨਰਿੰਦਰਦੀਪ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ ਨੇ 5 ਜੂਨ ਨੂੰ ਐਸ ਐਸ ਪੀ ਦਫ਼ਤਰ ਬਠਿੰਡਾ ਅੱਗੇ ਰੋਸ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਅੱਜ ਗੋਨਿਆਣਾ ਵਿਖੇ ਨਰਿੰਦਰਦੀਪ ਦੀ ਅੰਤਿਮ ਅਰਦਾਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਬਲਕਰਨ ਸਿੰਘ ਬਰਾੜ,ਸ਼ਿੰਗਾਰਾ ਸਿੰਘ ਮਾਨ ਅਤੇ ਵਿਪਿਨ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਮਨਆਈਆਂ ਕਰਨ ਦੀ ਖੁੱਲ੍ਹੀ ਛੁੱਟੀ ਦੇਣ ਦਾ ਨੰਗਾ ਚਿੱਟਾ ਪ੍ਰਮਾਣ ਇਸ ਗੱਭਰੂ ਦਾ ਵਹਿਸ਼ੀਆਨਾ ਜਬਰ ਤੋਂ ਬਾਅਦ ਕਤਲ ਹੈ।
ਆਗੂਆਂ ਨੇ ਦਾਅਵਾ ਕੀਤਾ ਕਿ ਪਿਛਲੇ ਕੱੁਝ ੁ ਮਹੀਨਿਆਂ ਦੌਰਾਨ ਹੀ 30 ਦੇ ਕਰੀਬ ਲੋਕਾਂ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਹੋਈ ਚੁੱਕੀ ਹੈ ਜਿਨ੍ਹਾਂ ਵਿੱਚ ਨਰਿੰਦਰਦੀਪ ਤੋਂ ਇਲਾਵਾ ਪਿੰਡ ਲੱਖੀ ਜੰਗਲ ਦੇ ਨੌਜਵਾਨ ਭਿੰਦਰ ਸਿੰਘ, ਧਰਮਕੋਟ ਪੁਲਿਸ ਨੇ ਤਾਜਵੀਰ ਸਿੰਘ ਅਤੇ ਬਲਵਿੰਦਰ ਸਿੰਘ ਜਿਉਣ ਵਾਲਾ ਨੂੰ ਪੁਲਿਸ ਤਸ਼ੱਦਦ ਕਾਰਨ ਜਾਨ ਗਵਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਹਿਰਾਸਤੀ ਮੌਤਾਂ ਸਾਬਤ ਕਰਦੀਆਂ ਹਨ ਕਿ ਪੰਜਾਬ ’ਚ ਹੁਣ ਜੰਗਲ ਰਾਜ ਹੋ ਗਿਆ ਹੈ। ਮ੍ਰਿਤਕ ਨਰਿੰਦਰਦੀਪ ਦੀ ਪਤਨੀ ਨੈਨਸੀ ਨੇ ਕਿਹਾ ਕਿ ਮੇਰੇ ਪਤੀ ਜੋ ਕਿ ਬਠਿੰਡਾ ਵਿਖੇ ਆਈਲੈਟਸ ਦੇ ਕਾਬਲ ਅਧਿਆਪਕ ਸਨ, 23 ਮਈ ਨੂੰ ਘਰੋਂ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਏ ਸਨ। ਉਨ੍ਹਾਂ ਨੂੰ ਸੀਆਈਏ ਸਟਾਫ ਬਠਿੰਡਾ 2 ਨੇ ਬਿਨਾਂ ਕਿਸੇ ਕੇਸ ਤੋਂ ਚੱਕਕੇ ਬੇਤਹਾਸ਼ਾ ਤਸ਼ੱਦਦ ਢਾਹਿਆ ਅਤੇ ਕਰੰਟ ਲਾ ਕੇ ਕਤਲ ਕਰ ਦਿੱਤਾ ਜਿਸ ਦੀ ਪੁਸ਼ਟੀ ਮ੍ਰਿਤਕ ਨਰਿੰਦਰਦੀਪ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਹੁੰਦੀ ਹੈ।
ਐਕਸ਼ਨ ਕਮੇਟੀ ਮੈਂਬਰ ਜਸਵੀਰ ਕੌਰ ਨੱਤ, ਲਛਮਣ ਸੇਵੇਵਾਲਾ, ਸੁਖਪਾਲ ਖਿਆਲੀ ਵਾਲਾ, ਅਮੀ ਲਾਲ, ਜਗਮੇਲ ਸਿੰਘ ਬਠਿੰਡਾ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਅਸਵਨੀ ਕੁਮਾਰ ਨੇ ਕਿਹਾ ਕਿ ਹੁਣ ਤੱਕ ਪੁਲਿਸ ਵੱਲੋਂ ਦੋਸ਼ੀਆਂ ਤੇ ਕਤਲ ਦਾ ਮੁਕੱਦਮਾ ਦਰਜ਼ ਨਹੀ ਕੀਤਾ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸੀ ਆਈ ਏ ਸਟਾਫ ਦੇ ਇੰਚਾਰਜ ਅਤੇ ਇਸ ਮਾਮਲੇ ਵਿੱਚ ਸ਼ਾਮਲ ਦੂਜੇ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਲੱਗੀ ਹੋਈ ਹੈ। ਆਗੂਆਂ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ 5 ਜੂਨ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬੇਅੰਤ ਸਿੰਘ, ਸੁਖਪ੍ਰੀਤ ਕੌਰ, ਰਮੇਸ਼ ਕੁਮਾਰ ਵੱਟੂ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਗੋਬਿੰਦ ਰਾਮ, ਵਰਿੰਦਰ ਧਿੰਗੜਾਂ, ਡਾ ਨਵਦੀਪ ਸਿੰਘ, ਰਣਜੀਤ ਸਿੰਘ, ਰਾਜਵਿੰਦਰ ਕੋਟਭਾਰਾ, ਮੱਖਣ ਸਿੰਘ, ਜਗਜੀਤ ਲਹਿਰਾ, ਸੰਦੀਪ ਪਾਠਕ, ਜਸਵੀਰ ਸਿੰਘ ਆਕਲੀਆ,ਰਜਿੰਦਰ ਸਿਵੀਆ , ਅਮੀਰ ਸਿੰਘ ਮੱਕੜ , ਤਾਰਾ ਚੰਦ ਆਦਿ ਹਾਜ਼ਰ ਸਨ।