ਬਾਬਾ ਗੁਰਬਖਸ਼ ਸਿੰਘ ਦੀ ਯਾਦ ਵਿਚ 1 ਅਤੇ 2 ਚੇਤ ਨੂੰ ਪਿੰਡ ਜਬੋਵਾਲ ਗੁਰਦੁਆਰਾ ਸੰਤਸਰ ਦਾ ਦੋ ਦਿਨਾਂ ਸਲਾਨਾਂ ਧਾਰਮਿਕ ਤੇ ਪੇਂਡੂ ਖੇਡ ਮੇਲਾ ਮਨਾਇਆ ਜਾਵੇਗਾ
ਬਾਬਾ ਬਕਾਲਾ (ਬਲਰਾਜ ਸਿੰਘ ਰਾਜਾ)
ਇਥੋਂ ਨਜਦੀਕੀ ਪਿੰਡ ਜਬੋਵਾਲ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੀ ਚਲਾਈ ਹੋਈ ਪ੍ਰੰਪਰਾ ਮੁਤਾਬਿਕ ਗੁਰਦੁਆਰਾ ਸੰਤਸਰ ਵਿਖੇ ਸਲਾਨਾਂ ਦੋ ਦਿਨਾਂ ਧਾਰਮਿਕ ਅਤੇ ਪੇਂਡੂ ਖੇਡ ਮੇਲਾ ਗੁਰਬਾਣੀ ਮੁਤਾਬਿਕ ਨਵੇਂ ਸਾਲ ਦੇ ਅਰੰਭ ਵਿਚ 1 ਅਤੇ 2 ਚੇਤ ਨੂੰ ਮਨਾਇਆ ਜਾ ਰਿਹਾ ਹੈ।ਸੰਤ ਗੁਰਬਖਸ਼ ਸਿੰਘ ਜੀ ਬਹੁਤ ਉਚੀ ਸੁਚੀ ਸ਼ਖਸ਼ੀਅਤ ਦੇ ਮਾਲਿਕ ਸਨ।ਪਹਿਲਾਂ ਫੌਜ ਵਿਚ ਭਰਤੀ ਹੋਏ 12 ਸਾਲ ਨੌਕਰੀ ਕਰਨ ਤੋਂ ਬਾਅਦ ਆਪਣਾ ਨਾਮ ਕਟਵਾ ਕੇ ਸੰਤ ਮਿਤ ਸਿੰਘ ਜੋ ਕਿ ਫੌਜ ਵਿਚ 19 ਸਾਲ ਰਹੇ ਸਨ ਉਹਨਾਂ ਦੀ ਸੰਗਤ ਕੀਤੀ ਅਤੇ ਸੰਤ ਬਾਬਾ ਅਤਰ ਸਿੰੰਘ ਮਸਤੂਆਣਾਂ ਦੇ ਨਾਲ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ।ਸੰਤ ਬਾਬਾ ਗੁਰਬਖਸ਼ ਸਿੰਘ ਬਹੁਤ ਨਾਮ ਦੇ ਰਸੀਏ ਗੁਰਬਾਣੀ ਦਾ ਅਭਿਆਸ ਅਤੇ ਕੀਰਤਨ ਕਰਦੇ ਸਨ ਉਹਨਾਂ ਦੀ ਸੰਗਤ ਕਰਨ ਵਾਲੇ ਬਿਲਕੁਲ ਅਨਪੜ ਗੁਰਬਾਣੀ ਨੂੰ ਕੰਠ ਕਰ ਲੈਂਦੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਸਨ।ਸਭ ਤੋਂ ਪਹਿਲਾਂ ਉਹ ਪਿੰਡ ਮੁਛੱਲ ਵਿਚ ਗੁਰਬਾਣੀ ਦਾ ਕੀਰਤਨ ਪ੍ਰਵਾਹ ਚਲਾਉਂਦੇ ਰਹੇ ਸਨ ਇਥੇ ਸ੍ਰ ਖੁਸ਼ਹਾਲ ਸਿੰਘ ਅਤੇ ਬਾਬਾ ਭਗਤ ਸਿੰਘ ਨੇ ਬਾਬਾ ਗੁਰਬਖਸ਼ ਸਿੰਘ ਨੂੰ ਪੱਕੇ ਤੌਰ ਤੇ ਰਹਿਣ ਦੀ ਬੇਨਤੀ ਕਰਦਿਆਂ ਕੁਝ ਜਮੀਨ ਵੀ ਉਹਨਾਂ ਦੇ ਨਾਮ ਤੇ ਲਗਵਾ ਦਿਤੀ ਸੀ।ਇਥੇ ਸੰਗਤ ਦੀ ਆਵਾਜਾਈ ਬਹੁਤ ਵਧ ਗਈ ਪਰ ਉਹ ਇਕਾਂਤ ਵਿਚ ਸਿਮਰਨ ਭਜਨ ਬੰਦਗੀ ਵਿਚ ਰਹਿਣਾਂ ਜਿਆਦਾ ਪਸੰਦ ਕਰਦੇ ਸਨ।ਜਬੋਵਾਲ ਦੇ ਇਸ ਉਜਾੜ ਇਲਾਕੇ ਵਿਚ ਆ ਕੇ ਛੱਪਰ ਬੰਨ ਕੇ ਬੈਠ ਗਏ ਸਨ।ਸੰਤ ਗੁਰਬਖਸ਼ ਸਿੰਘ ਜੀ ਸਿਖ ਸ਼ੰਘਰਸ਼ਾਂ ਮੋਰਚਿਆਂ ਵਿਚ ਵੱਧ ਚੜ ਕੇ ਹਿਸਾ ਲੈਂਦੇ ਸਨ ਕੁਝ ਸਮਾਂ ਜੇਲ ਵੀ ਕੱਟੀ ਸੀ।ਸੰਤ ਜੀ ਅਕਾਲ ਤੱਖਤ ਦੀ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਦੇ ਧਾਰਨੀ ਅਤੇ ਸਿਖ ਸੰਗਤਾਂ ਨੂੰ ਵੀ ਇਸ ਉਪਰ ਚੱਲਣ ਦਾ ਉਪਦੇਸ਼ ਕਰਦੇ ਸਨ।ਉਹਨਾਂ ਵੱਲੋਂ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਬਾਰਾਹ ਮਾਂਹ ਮੁਤਾਬਿਕ ਨਵੇਂ ਸਾਲ ਦੇ ਅਰੰਭ ਵਿਚ ਇਹ ਦੋ ਦਿਨਾਂ ਧਾਰਮਿਕ ਅਤੇ ਪੇਂਡੂ ਖੇਡ ਮੇਲ ਮਨਾਉਣ ਦੀ ਪ੍ਰੰਪਰਾ ਚਲਾਈ ਗਈ ਸੀ।ਇਸ ਦੋ ਦਿਨਾਂ ਮੇਲੇ ਵਿਚ ਉਚ ਕੋਟੀ ਦੇ ਕਵੀਸ਼ਰ ਅਤੇ ਢਾਡੀ ਜਥੇ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰਧਾਰਾ,ਗੁਰੂ ਸਾਹਿਬਾਂ ਦੇ ਜੀਵਨ ਅਤੇ ਸਿਖ ਇਤਹਾਸ ਤੋਂ ਸਿਖ ਸੰਗਤਾਂ ਨੂੰ ਜਾਣੂ ਕਰਵਾਉਣਗੇ।ਅਤੇ ਉਚ ਕੋਟੀ ਦੀਆਂ ਮਸ਼ਹੂਰ ਕਬੱਡੀ ਟੀਮਾਂ ਦੇ ਮੁਕਾਬਲੇ ਹੋਣਗੇ।ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੀ ਸੰਖੇਪ ਜੀਵਨੀ ਸਬੰਧੀ ਭਾਈ ਪ੍ਰੀਤਮ ਸਿੰਘ ਭਿੰਡਰ ਵੱਲੋਂ ਛੋਟੇ ਕਿਤਾਬਚੇ ਸੰਗਤ ਵਿਚ ਵੰਡੇ ਜਾਣਗੇ।