ਮੁੱਖ ਖੇਤੀਬਾੜੀ ਅਫਸਰ ਅਤੇ ਰੈਵੀਨਿਊ ਅਫਸਰ ਨੂੰ ਮਿਲਿਆ ਕਿਸਾਨਾਂ ਦਾ ਵਫਦ
ਕਣਕ ਦੇ ਹੋਏ ਨੁਕਸਾਨ ਦੀ ਪੂਰਤੀ ਲਈ
ਰੋਹਿਤ ਗੁਪਤਾ
ਗੁਰਦਾਸਪੁਰ 13 ਅਪ੍ਰੈਲ
ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਵਿੱਚ ਕਿਸਾਨਾਂ ਦੇ ਇਕ ਵਫਦ ਨੇ ਜਿਲਾ ਰੈਵੀਨਿਊ ਅਫਸਰ ਜਸਕਰਨ ਸਿੰਘ ਅਤੇ ਚੀਫ ਐਗਰੀਕਲਚਰ ਅਫਸਰ ਰਣਧੀਰ ਸਿੰਘ ਠਾਕੁਰ ਨੂੰ ਮਿਲ ਕੇ ਇਹਨਾਂ ਵਿਭਾਗਾਂ ਨਾਲ ਸਬੰਧਤ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਵਿਸਥਾਰ ਸਹਿਤ ਗੱਲਬਾਤ ਕੀਤੀ ਗਈ ਅਤੇ ਇਹਨਾਂ ਦੋਨਾਂ ਵਿਭਾਗਾਂ ਦੇ ਮੁਖੀਆਂ ਤੋਂ ਮੰਗ ਕੀਤੀ ਗਈ ਕਿ ਖਰਾਬ ਹੋਈ ਕਣਕ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਹਨੇਰੀ ਝੱਖੜ ਕਾਰਨ ਡਿੱਗੀ ਹੋਈ ਕਣਕ ਜਿਸ ਦਾ ਕਿ 70% ਝਾੜ ਘਟਣ ਦੀ ਸੰਭਾਵਨਾ ਹੈ ਉਹਨਾਂ ਖੇਤਾਂ ਨੂੰ ਨੋਟ ਕਰਕੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ।
ਹੜਾਂ ਦੌਰਾਨ ਜਿਹੜੇ ਪਿੰਡਾਂ ਦੇ ਕਿਸਾਨਾਂ ਨੂੰ ਹਾਲਾਂ 20 ਹਜਾਰ ਰੁਪਏ ਝੋਨੇ ਦਾ ਮੁਆਵਜ਼ਾ ਅਤੇ ਢੱਠੇ ਮਕਾਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਸਬੰਧੀ ਕਾਰਵਾਈ ਤੇਜ ਕਰਨ ਲਈ ਵੀ ਜਿਲਾ ਰੈਵੀਨਿਊ ਅਫਸਰ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਸੂਬਾ ਆਗੂ ਸਰਬਜੀਤ ਸਿੰਘ ਚਾਹਲ,ਸੂਬਾ ਆਗੂ ਪਰਮਪਾਲ ਸਿੰਘ ਮੇਤਲਾ, ਬਲਾਕ ਪ੍ਰਧਾਨ ਭਗਵੰਤ ਸਿੰਘ ਮਾਨ, ਇਕਾਈ ਪ੍ਰਧਾਨ ਟਹਿਲ ਸਿੰਘ ਮਾਨੇਪੁਰ, ਸਤਵਿੰਦਰ ਸਿੰਘ, ਗੁਰਦੀਪ ਸਿੰਘ,ਗੁਰਦੇਵ ਸਿੰਘ,ਅਮਰਜੀਤ ਸਿੰਘ ਸਹਾਰੀ ਸ਼ਾਮਿਲ ਰਹੇ।