ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਵੱਲੋਂ ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ
ਵਫ਼ਦ ਵੱਲੋਂ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀਆਂ ਯਾਦਗਾਰਾਂ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ : ਮੇਜਰ ਜਨਰਲ ਜੋਹਨ ਕੈਂਡਲ
ਨਾਇਕ ਗਿਆਨ ਸਿੰਘ ਨੇ ਬਰਮਾ ਦੀ ਲੜਾਈ ’ਚ ਬਹਾਦਰੀ ਦੀ ਮਿਸਾਲ ਕਾਇਮ ਕੀਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 06 ਨਵੰਬਰ 2025
ਸਾਰਾਗੜ੍ਹੀ ਦੀ ਲੜਾਈ ਦੇ 128ਵੇਂ ਸਲਾਨਾ ਸਮਾਰੋਹ ਦੇ ਮੱਦੇਨਜ਼ਰ ਬਰਤਾਨਵੀ ਫੌਜ ਦੇ ਮੇਜਰ ਜਨਰਲ ਜੋਹਨ ਕੈਂਡਲ ਦੀ ਅਗਵਾਈ ਵਿੱਚ ਪੰਜਾਬ ਆਏ 12 ਮੈਂਬਰੀ ਵਫ਼ਦ ਨੇ ਜਾਡਲਾ ਪਹੁੰਚ ਕੇ ਬ੍ਰਿਟਿਸ਼ ਆਰਮੀ ਵਿੱਚ ਬਹਾਦਰੀ ਦੀ ਲਾਸਾਨੀ ਮਿਸਾਲ ਕਾਇਮ ਕਰਨ ਵਾਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ।
ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਰਤਾਨਵੀ ਫੌਜ ਦੇ ਵਫ਼ਦ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ 1945 ਵਿੱਚ ਬਰਮਾ ਦੀ ਲੜਾਈ ਵਿੱਚ ਬ੍ਰਿਟਿਸ਼ ਆਰਮੀ ਲਈ ਸੇਵਾਵਾਂ ਦੇ ਰਹੇ ਨਾਇਕ ਗਿਆਨ ਸਿੰਘ ਦੇ ਪੁੱਤਰ ਹਰਜਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਦਿਆਂ ਕਿਹਾ ਕਿ ਨਾਇਕ ਗਿਆਨ ਸਿੰਘ ਨੂੰ ਬਰਤਾਨਵੀ ਫੌਜ ਦੇ ਸਰਵੋਤਮ ਬਹਾਦਰੀ ਐਵਾਰਡ ‘ਵਿਕਟੋਰੀਆ ਕਰਾਸ’ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ। ਮੇਜਰ ਜਨਰਲ ਜੋਹਨ ਕੈਂਡਲ ਨੇ ਕਿਹਾ ਕਿ ਵਫ਼ਦ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਹਾਦਰੀ ਦੀ ਵਿਲੱਖਣ ਮਿਸਾਲ ਕਾਇਮ ਕਰਕੇ ਵਿਕਟੋਰੀਆ ਕਰਾਸ ਹਾਸਲ ਕਰਨ ਵਾਲੇ ਨਾਇਕ ਦੇ ਪਰਿਵਾਰ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਫ਼ਦ ਵੱਲੋਂ ਸਾਰਾਗੜ੍ਹੀ ਜੰਗ ਦੌਰਾਨ ਸ਼ਹਾਦਤ ਪਾਉਣ ਵਾਲੇ 21 ਸੂਰਵੀਰ ਯੋਧਿਆਂ ਦੇ ਸਨਮਾਨ ਵਜੋਂ ਸ਼ਹੀਦਾਂ ਦੀਆਂ ਯਾਦਗਾਰਾਂ ’ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।
ਮੇਜਰ ਜਨਰਲ ਜੋਹਨ ਕੈਂਡਲ ਨੇ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਸਿੱਖਾਂ ਦੀ ਬਹਾਦਰੀ ਦਾ ਪ੍ਰਤੱਖ ਪ੍ਰਮਾਣ ਹੈ, ਜਿਸ ਦੌਰਾਨ 21 ਯੋਧਿਆਂ ਨੇ 10 ਹਜ਼ਾਰ ਅਫ਼ਗਾਨੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਆਖਰੀ ਦਮ ਤੱਕ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸ਼ਨ ਨੇ ਸਾਰਾਗੜ੍ਹੀ ਦੀ ਲੜਾਈ ਬਾਰੇ ਇਤਿਹਾਸਕ ਪਹਿਲੂਆਂ ’ਤੇ ਚਾਨਣਾ ਪਾਇਆ। ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੌਕੇ ’ਤੇ ਸ਼ਾਮਲ ਲੋਕਾਂ ਨੇ ਵਫ਼ਦ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਵਫ਼ਦ ਵਿੱਚ ਸੀ.ਪੀ.ਐਲ. ਰੰਜੀਵ ਸਾਂਗਵਾਨ, ਸਰਬਜੀਤ ਸਿੰਘ, ਸਕੁਐਡਨ ਲੀਡਰ ਮਨਦੀਪ ਕੌਰ, ਮੇਜਰ ਹਿਨਾ ਮੋਰਜਾਰੀਆ, ਮੇਜਰ ਮੁਨੀਸ਼ ਚੌਹਾਨ, ਲੈਂਫਟੀਨੈਂਟ ਕਰਨਲ ਐਲਿਸ ਆਰਚਰ, ਅਸ਼ੋਕ ਚੌਹਾਨ, ਕੈਪਟਨ ਕਮਲਦੀਪ ਸਿੰਘ ਸੰਧੂ, ਸਿਮਰਨਜੀਤ ਸਿੰਘ, ਅਨਿਕੇਤ ਸ਼ਾਹ, ਸਾਰਜੈਂਟ ਜਸਪਿੰਦਰਜੀਤ ਸਿੰਘ ਸ਼ਾਮਲ ਸਨ। ਇਸ ਮੌਕੇ ਸਹਾਇਕ ਕਮਿਸ਼ਨਰ ਜਗਦੀਪ ਸਿੰਘ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਲੈਫਟੀਨੈਂਟ ਕਰਨਲ ਸਰਬਜੀਤ ਸਿੰਘ ਸੈਣੀ, ਚਮਨ ਲਾਲ ਪਵਾਰ ਆਦਿ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।