ਬਟਾਲਾ: ਪਿੰਡ ਮਸਾਣੀਆਂ ਅਤੇ ਪੁਰਾਣਾ ਵਿਖੇ ਕਿਸਾਨਾਂ ਵਲੋਂ ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦਾ ਦਿੱਤਾ ਗਿਆ ਭਰੋਸਾ
ਖੇਤੀਬਾੜੀ ਵਿਭਾਗ ਵਲੋਂ ਮੁਹੱਈਆ ਕਰਵਾਈ ਖੇਤੀ ਮਸ਼ੀਨਰੀ ਬਣੀ ਵਰਦਾਨ
ਰੋਹਿਤ ਗੁਪਤਾ
ਬਟਾਲਾ, 22 ਅਕਤੂਬਰ 2025- ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਫਸਲ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦਿਆਂ ਅੱਜ ਸਿਵਲ ਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕੀਤਾ ਗਿਆ।
ਅੱਜ ਹੌਟ ਸਪਾਟ ਪਿੰਡ ਮਸਾਣੀਆਂ ਅਤੇ ਪਿੰਡ ਪੁਰਾਣਾ ਵਿਚ ਬਲਾਕ ਕੁਆਡੀਨੇਟਰ ਅਤੇ ਕੋ -ਨੋਡਲ ਅਫਸਰ, ਕਲਸਟਰ ਕੋਆਡੀਨੇਟਰ ਅਤੇ ਨੋਡਲ ਅਫਸਰ ਵੱਲੋਂ ਵਿਜਿਟ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਭਰੋਸਾ ਦਿੱਤਾ ਕਿ ਪਿੰਡ ਵਿੱਚ ਕਿਸੇ ਵੀ ਕਿਸਾਨ ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਵੇਗੀ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਵਾਹ ਕੇ ਹੀ ਅਗਲੀ ਫ਼ਸਲ ਦੀ ਬਿਜਾਈ ਕੀਤੀ ਜਾਵੇਗੀ।
ਗੱਲਬਾਤ ਕਰਦਿਆਂ ਐਸ.ਡੀ.ਐਮ ਬਟਾਲਾ ਵਿਕਰਮਜੀਤ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਸਲ ਦੀ ਰਹਿੰਦ ਖੂੰਹਦ ਨੂੰ ਸਾਂਭਣ ਲਈ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਕੋਲ ਸਹਿਯੋਗ ਮੰਗਿਆ ਜਾ ਰਿਹਾ ਹੈ ਅਤੇ ਕਿਸਾਨਾਂ ਵਲੋਂ ਪਰਾਲੀ ਨਾ ਸਾੜਨ ਦਾ ਭਰੋਸਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਅੱਗ ਲਾਉਣ ਨਾਲ ਮਿੱਟੀ ਦੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ ਅਤੇ ਮਿੱਟੀ ਵਿੱਚ ਮੌਜੂਦ ਮਦਤਗਾਰ ਬੈਕਟੀਰੀਆ ਵੀ ਮਰ ਜਾਂਦੇ ਹਨ, ਜੋ ਕਿ ਫਸਲ ਦੇ ਵਾਧੇ ਲਈ ਬਹੁਤ ਲਾਭਦਾਇਕ ਹੁੰਦੇ ਹਨ। ਜਿਸ ਕਰਕੇ ਕਿਸਾਨਾਂ ਨੂੰ ਅਗਲੇ ਸੀਜ਼ਨ ਹੋਰ ਵੀ ਜਿਆਦਾ ਖਾਦ ਦੀ ਵਰਤੋਂ ਕਰਕੇ ਇਹਨਾਂ ਪੌਸ਼ਟਿਕ ਤੱਤਾਂ ਨੂੰ ਮੁੜ ਸੁਰਜੀਤ ਕਰਨਾ ਪੈਂਦਾ ਹੈ ਜਿਸ ਨਾਲ ਕਿਸਾਨ ਦੀ ਫਸਲੀ ਲਾਗਤ ਵਿੱਚ ਵਾਧਾ ਹੁੰਦਾ ਹੈ ਅਤੇ ਅੱਗ ਲਾਉਣ ਨਾਲ ਜੌ ਵਾਤਾਵਰਨ ਖਰਾਬ ਹੁੰਦਾ ਹੈ ਉਸ ਨਾਲ ਜੀਵ ਜੰਤੂ ਅਤੇ ਪਸ਼ੂ ਪਕਸ਼ੀਆਂ ਨੂੰ ਵੀ ਨੁਕਸਾਨ ਝੱਲਨਾ ਪੈਂਦਾ ਹੈ।
ਇਸ ਤੋ ਇਲਾਵਾ ਪਿੰਡ ਵਿੱਚ ਮੌਜੂਦ ਖੇਤੀ ਸੰਦਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਸੁਪਰ ਸੀਡਰ ਅਤੇ ਹੋਰ ਸੰਦਾਂ ਨਾਲ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।