'ਦੀ ਵਾਇਰ' ਯੂ ਟਿਊਬ ਚੈਨਲ ਨੂੰ ਬਲੌਕ ਕਰਨ ਨਾਲ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕੇਗਾ: ਦੱਤ, ਖੰਨਾ
- ਇਨਕਲਾਬੀ ਕੇਂਦਰ, ਪੰਜਾਬ ਨੇ ਕੀਤੀ ਭਾਰਤ-ਪਾਕਿ ਨਿਹੱਕੀ ਜ਼ੰਗ ਬੰਦ ਕਰਨ ਦੀ ਮੰਗ
ਦਲਜੀਤ ਕੌਰ
ਬਰਨਾਲਾ, 9 ਮਈ, 2025: ਇਨਕਲਾਬੀ ਕੇਂਦਰ, ਪੰਜਾਬ ਨੇ ਆਲੋਚਕ ਨੇਹਾ ਸਿੰਘ ਰਾਠੌਰ ਅਤੇ ਪ੍ਰੋਫੈਸਰ ਮਾਦਰੀ ਕਾਕੋਟੀ (ਡਾ. ਮੇਡਿਊਸਾ) ’ਤੇ ਰਾਜਧ੍ਰੋਹ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ, 4 ਪੀਐਮ ਯੂ ਟਿਊਬ ਚੈਨਲ, ਪਰਸੂਨ ਵਾਜਪੇਈ ਯੂ ਟਿਊਬ ਚੈਨਲ ਤੋਂ ਬਾਅਦ 'ਦ ਵਾਇਰ' ਯੂ ਟਿਊਬ ਟੀਵੀ ਚੈਨਲ ਨੂੰ ਬਲੌਕ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਮੋਦੀ ਹਕੂਮਤ ਦਾ ਅਜਿਹਾ ਵਤੀਰਾ ਪੱਖਪਾਤੀ ਅਤੇ ਬਦਨੀਅਤੀ ਤੋਂ ਪ੍ਰੇਰਿਤ ਹੈ, ਜਿਸ ਨੂੰ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਮਾਮਲਾ ਸਿੱਧੇ ਤੌਰ ’ਤੇ ਕਾਨੂੰਨ ਦੀ ਦੁਰਵਰਤੋਂ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਹੈ।
ਇਨ੍ਹਾਂ ਕਲਮਾਂ ਨੇ ਜੁਅਰੱਤ ਵਿਖਾਉਂਦੇ ਹੋਏ ਪਹਿਲਗਾਮ ’ਚ 22 ਅਪ੍ਰੈਲ ਦੇ ਦਹਿਸ਼ਤੀ ਹਮਲੇ ਨੇ ਕੌਮੀ ਸੁਰੱਖਿਆ ਦੇ ਮਾਮਲੇ ’ਚ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕੀਤਾ ਹੈ। ਸਰਕਾਰ ਦੀਆਂ ਨਾਕਾਮੀਆਂ ਪ੍ਰਤੀ ਸਵਾਲ ਖੜ੍ਹੇ ਕਰਨਾ ਦੀ ਵਾਇਰ, ਪਰਸੁਨ ਵਾਜਪੇਈ, 4 ਪੀ ਐਮ ਯੂ ਟਿਊਬ ਚੈਨਲ ਅਤੇ ਦੋਵਾਂ ਕਾਰਕੁਨਾਂ ਸਮੇਤ ਹਰ ਵਿਅਕਤੀ ਦਾ ਬੁਨਿਆਦੀ ਸੰਵਿਧਾਨਕ ਅਧਿਕਾਰ ਹੈ।
ਚੰਦ ਕੁ ਹੀ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ, ਕਲਾ, ਲਿਖਤ ਅਤੇ ਬਿਆਨਾਂ ਰਾਹੀਂ ਪੂਰੇ ਹੌਂਸਲੇ ਨਾਲ ਨਿਆਂ ਅਤੇ ਲੋਕਾਂ ਦੀ ਸੁਰੱਖਿਆ ਦੇ ਹਿੱਤ ’ਚ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਕੇ ਲੋਕਤੰਤਰੀ ਕਦਰਾਂ ਨੂੰ ਮਜ਼ਬੂਤ ਕਰ ਰਹੇ ਹਨ, ਪਰ ਚਿੰਤਾ ਦੀ ਗੱਲ ਹੈ ਕਿ ਸੱਤਾ ਦੀਆਂ ਸੰਸਥਾਵਾਂ, ਇਹਨਾਂ ਉਠ ਰਹੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਆਪਣੀ ਆਲੋਚਨਾ ਕੀਤੇ ਜਾਣ ਨੂੰ ਹੀ ਅਪਰਾਧ ਐਲਾਨ ਰਹੀਆਂ ਹਨ। ਇੱਕ ਪਾਸੇ ਆਪਣੀਆਂ ਕਮਜ਼ੋਰੀਆਂ ਤੇ ਪਰਦਾ ਪਾਉਣ ਲਈ 'ਅਪਰੇਸ਼ਨ ਸਿੰਧੂਰ' ਨਿਹੱਕੀ ਜੰਗ ਛੇੜ ਕੇ ਫ਼ਿਰਕੂ ਜਨੂੰਨੀ ਅੰਨ੍ਹਾ ਰਾਸ਼ਟਰਵਾਦੀ ਮਾਹੌਲ ਬਣਾਇਆ ਜਾ ਰਿਹਾ ਹੈ, ਦੂਜੇ ਪਾਸੇ ਜ਼ੰਗ ਦੇ ਪਰਦੇ ਓਹਲੇ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਮੁਲਕਾਂ ਅਮਰੀਕਾ ਅਤੇ ਇੰਗਲੈਂਡ ਨਾਲ ਲੋਕ ਵਿਰੋਧੀ ਸਮਝੌਤੇ ਅਤੇ ਹੁਣ ਐਲਨ ਮਸਕ ਨਾਲ 'ਸਟਾਰ ਲਿੰਕ' ਸਮਝੌਤਾ ਸਿਰੇ ਚਾੜ੍ਹਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।
7 ਮਈ ਤੋਂ ਬਾਅਦ ਸਰਹੱਦੋਂ ਪਾਰ ਜੋ ਕੁੱਝ ਵੀ ਹੋ ਰਿਹਾ ਹੈ, ਇਸ ਨਾਲ ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸੇ ਆਮ ਲੋਕਾਈ ਦੇ ਘਰਾਂ ਵਿੱਚ ਮੌਤ ਦੇ ਸੱਥਰ ਵਿਛਣ ਗੇ। ਇਸੇ ਲੋੜ ਵਿੱਚੋਂ ਹੀ ਮੋਦੀ ਹਕੂਮਤ ਆਪਣੀਆਂ ਅਸਫਲਤਾਵਾਂ ਤੋਂ ਜਨਤਾ ਦਾ ਧਿਆਨ ਲਾਂਭੇ ਕਰਨ ਅਤੇ ਪਾਕਿਸਤਾਨ ਸਮੇਤ ਮੁਸਲਿਮ ਵਿਰੋਧੀ ਜਨੂੰਨ ਨੂੰ ਭੜਕਾਉਣ ’ਚ ਲੱਗੀ ਹੋਈ ਹੈ। ਦਮਨ ਦਾ ਇਹ ਚੱਕਰ ਲੋਕ ਪੱਖੀ ਯੂ ਟਿਊਬਰਾਂ, ਸਰਗਰਮ ਕਾਰਕੁਨਾਂ ਦੇ ਉਤਪੀੜਨ, ਕਸ਼ਮੀਰੀਆਂ ਅਤੇ ਮੁਸਲਮਾਨਾਂ ਵਿਰੁੱਧ ਨਫ਼ਰਤ ਭੜਕਾਉਣ ਅਤੇ ਕਾਨੂੰਨ ਦੇ ਰਾਜ ਵਿਰੁੱਧ ਜਾ ਕੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੇ ਰੂਪ ’ਚ ਜਾਰੀ ਹੈ।