ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੌਕ ਡਰਿੱਲ ਕਰਵਾਈ ਗਈ
ਰੋਹਿਤ ਗੁਪਤਾ
ਗੁਰਦਾਸਪੁਰ 9 ਮਈ 2025 - ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ, ਆਈ.ਏ.ਐੱਸ. ਦੀ ਰਹਿਨੁਮਾਈ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਈ ਗਈ। ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ ਦੀ ਨਿਗਰਾਨੀ ਹੇਠ ਹੋਈ ਇਸ ਮੌਕੇ ਡਰਿੱਲ ਵਿੱਚ ਵੱਖ-ਵੱਖ ਵਿਭਾਗਾਂ ਦੇ 250 ਤੋਂ ਵੱਧ ਅਧਿਕਾਰੀਆਂ, ਕਰਮਚਾਰੀਆਂ, ਡਾਕਟਰਾਂ ਦੀ ਟੀਮ, ਫਾਇਰ ਬ੍ਰਿਗੇਡ ਟੀਮ, ਐੱਨ.ਜੀ.ਓ. ਅਤੇ ਐੱਨ.ਸੀ.ਸੀ. ਕੈਡਿਟਾਂ ਸਮੇਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕ ਡਰਿੱਲ ਦੌਰਾਨ ਕਰਨਲ ਅਜੇ ਸ਼ਰਮਾ, 7 ਬਟਾਲੀਅਨ ਅਤੇ ਉਨ੍ਹਾਂ ਦੇ ਟੀਮ ਮੈਂਬਰਾਂ ਵੱਲੋਂ ਹਾਜ਼ਰ ਵਿਅਕਤੀਆਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਦੌਰਾਨ ਆਪਣਾ ਬਚਾਅ ਕਰਨ, ਰਾਹਤ ਕਾਰਜ ਚਲਾਉਣ, ਜ਼ਖ਼ਮੀਆਂ ਨੂੰ ਬਾਹਰ ਕੱਢਣ, ਜ਼ਖ਼ਮੀਆਂ ਨੂੰ ਫ਼ਸਟ ਏਡ ਦੇਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੰਗਾਮੀ ਹਾਲਤ ਦੌਰਾਨ ਮੌਕ ਡਰਿੱਲ ਦੀਆਂ ਹਦਾਇਤਾਂ ਦੀ ਪਾਲਣਾ ਕਰ ਕੇ ਅਸੀਂ ਬਹੁਤ ਹੱਦ ਤੱਕ ਆਪਣਾ ਨੁਕਸਾਨ ਘੱਟ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਮੌਕ ਡਰਿੱਲ ਤੋਂ ਜਾਣੂ ਹੋਣਾ ਚਾਹੀਦਾ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ ਨੇ ਨਿੱਜੀ ਤੌਰ 'ਤੇ ਇਸ ਡਰਿੱਲ ਵਿੱਚ ਹਿੱਸਾ ਲੈ ਕੇ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਮੌਕ ਡਰਿੱਲ ਦੌਰਾਨ ਦਿੱਤੀ ਗਈ ਸਿਖਲਾਈ ਨੂੰ ਅੱਗੇ ਹੋਰ ਲੋਕਾਂ ਤੱਕ ਵੀ ਪਹੁੰਚਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਡਰਿੱਲ ਦਾ ਉਦੇਸ਼ ਐਮਰਜੈਂਸੀ ਦੀਆਂ ਸੇਵਾਵਾਂ ਵਿੱਚ ਨੌਜਵਾਨ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰ ਕਰਨਾ ਅਤੇ ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਮੌਕ ਡਰਿੱਲ ਦੀ ਸਿਖਲਾਈ ਦੇਣ ਲਈ ਅਜਿਹੇ ਕੈਂਪ ਜਾਰੀ ਰਹਿਣਗੇ। ਇਸ ਮੌਕੇ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।