ਸ਼੍ਰੋਮਣੀ ਕਮੇਟੀ ਹੋਂਦ ਵਿਚ ਕਿਵੇਂ ਆਈ ?
ਹਰਵਿੰਦਰ ਸਿੰਘ ਖਾਲਸਾ ( Courtesy AJIT Jalandhar Aug.06,2011-Editorial Page)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਇਹ ਕਮੇਟੀ ਆਪਣੀ ਹੋਂਦ ਤੋਂ ਲੈ ਕੇ ਅੱਜ ਤੱਕ ਸਿੱਖ ਧਾਰਮਿਕ ਮਸਲਿਆਂ ਲਈ ਆਵਾਜ਼ ਬੁਲੰਦ ਕਰਦੀ ਆਈ ਹੈ ਅਤੇ ਧਾਰਮਿਕ ਮਸਲਿਆਂ ਦਾ ਹੱਲ ਕਰਦੀ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 13ਵੀਂ ਚੋਣ 18 ਸਤੰਬਰ 2011 ਨੂੰ ਹੋ ਰਹੀ ਹੈ। ਗੁਰਦੁਆਰਾ ਐਕਟ ਜੋ 1 ਨਵੰਬਰ 1925 ਈ: ਨੂੰ ਬਣਿਆ, ਉਸ ਐਕਟ ਅਧੀਨ ਸਤੰਬਰ 1926 ਈ: ਨੂੰ ਪਹਿਲੀ ਚੋਣ ਹੋਈ ਅਤੇ 2 ਅਕਤੂਬਰ 1926 ਈ: ਨੂੰ ਬਾਬਾ ਖੜਕ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਿਆਂ 90 ਸਾਲ ਤੋਂ ਉੱਪਰ ਸਮਾਂ ਬੀਤ ਚੁੱਕਿਆ ਹੈ। ਗੁਰਦੁਆਰਾ ਸਾਹਿਬਾਨ ਸਿੱਖਾਂ ਲਈ ਧਾਰਮਿਕ ਸਥਾਨ ਹੀ ਨਹੀਂ ਸਭ ਕੁਝ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 5-6 ਦਸੰਬਰ 1705 ਈ: ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਭਾਈ ਗੁਰਬਖਸ਼ ਦਾਸ ਨੂੰ ਸੌਂਪ ਗਏ ਸਨ। ਇਸੇ ਤਰ੍ਹਾਂ ਸ੍ਰੀ ਹਜ਼ੂਰ ਸਾਹਿਬ ਦੇ ਅਸਥਾਨਾਂ ਦੀ ਸੇਵਾ ਭਾਈ ਸੰਤੋਖ ਸਿੰਘ ਨੂੰ ਦਿੱਤੀ ਗਈ ਸੀ। ਖਾਲਸਾ ਪੰਥ ਦੇ ਜਥੇ ਜਦੋਂ ਵੱਖੋ-ਵੱਖ ਮਿਸਲਾਂ ਦੇ ਰੂਪ ਵਿਚ ਵਿਚਰ ਰਹੇ ਸਨ, ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਸ਼ਹੀਦ ਜਥੇਦਾਰ ਗੁਰਬਖਸ਼ ਸਿੰਘ ਜੀ ਕਰਦੇ ਰਹੇ। ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਬਾਬਾ ਦੀਪ ਸਿੰਘ ਜੀ ਕਰਦੇ ਸਨ। 18ਵੀਂ ਸਦੀ ਵਿਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਬੁੱਢਾ ਦਲ ਕਰਦਾ ਰਿਹਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਸੰਭਾਲ ਲੰਮਾ ਸਮਾਂ ਬਾਬਾ ਨੈਣਾ ਸਿੰਘ ਅਤੇ ਅਕਾਲੀ ਫੂਲਾ ਸਿੰਘ ਕਰਦੇ ਰਹੇ। ਮਹਾਰਾਜਾ ਰਣਜੀਤ ਸਿੰਘ ਨੇ 1799 ਈ: ਨੂੰ ਲਾਹੌਰ 'ਤੇ ਕਬਜ਼ਾ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਦਸੰਬਰ 1802 ਵਿਚ ਅੰਮ੍ਰਿਤਸਰ 'ਤੇ ਹਮਲਾ ਕਰ ਦਿੱਤਾ। ਅਕਾਲੀ ਫੂਲਾ ਸਿੰਘ ਨੇ ਸਮਝੌਤਾ ਕਰਵਾ ਦਿੱਤਾ ਅਤੇ ਅੰਮ੍ਰਿਤਸਰ ਸ਼ਹਿਰ ਦੀ ਦੇਖ-ਭਾਲ ਸ: ਲਹਿਣਾ ਸਿੰਘ ਮਜੀਠੀਆ ਨੂੰ ਸੰਭਾਲ ਦਿੱਤੀ। ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਚੜ੍ਹਾਈ ਕਰ ਜਾਣ ਉਪਰੰਤ ਡੋਗਰਿਆਂ ਨੇ ਮਹੰਤਾਂ ਨੂੰ ਆਪਣੇ ਹੱਥਾਂ ਵਿਚ ਲੈ ਲਿਆ। ਗੁਰਦੁਆਰਿਆਂ ਵਿਚ ਮਨਮਾਨੀਆਂ ਹੋਣੀਆਂ ਸ਼ੁਰੂ ਹੋ ਗਈਆਂ। ਅੰਗਰੇਜ਼ਾਂ ਨੇ 1849 ਈ: ਨੂੰ ਪੰਜਾਬ 'ਤੇ ਕਬਜ਼ਾ ਕਰ ਲਿਆ। ਡੋਗਰਿਆਂ ਦਾ ਦਬਦਬਾ ਵੀ ਖ਼ਤਮ ਹੋ ਗਿਆ ਅਤੇ ਮਹੰਤ ਆਜ਼ਾਦ ਹੋ ਗਏ। ਸਰਦਾਰ ਸਾਹਸਹੀਣ ਹੋ ਗਏ। ਜਿਥੇ ਗੁਰਦੁਆਰਾ ਸਾਹਿਬਾਨ ਵਿਚ ਗੁਰਬਾਣੀ ਦਾ ਪ੍ਰਵਾਹ ਚਲਦਾ ਸੀ, ਸੰਗਤਾਂ ਸੇਵਾ ਕਰਦੀਆਂ ਸਨ, ਉਹ ਗੁਰਦੁਆਰਾ ਸਾਹਿਬ ਐਬੀ ਤੇ ਲੋਭੀ ਪੁਜਾਰੀਆਂ ਦੀ ਨਿੱਜੀ ਸੰਪਤੀ ਬਣ ਗਏ। ਅੰਗਰੇਜ਼ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼ਹਿਰ ਦੇ ਹੋਰ ਸੰਬੰਧਿਤ ਗੁਰਦੁਆਰਿਆਂ ਦਾ ਪ੍ਰਬੰਧ ਅੰਗਰੇਜ਼ੀ ਸਰਕਾਰ ਅਧੀਨ ਕਰ ਲਿਆ ਅਤੇ ਜਿਸ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਆਪਣੀ ਮਰਜ਼ੀ ਨਾਲ ਚਲਾਉਂਦਾ ਸੀ।
ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਪ੍ਰਬੰਧ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਰਬਰਾਹ ਨਿਯੁਕਤ ਕੀਤਾ ਹੋਇਆ ਸੀ, ਜਿਸ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਗਈ ਸੀ। ਸਰਬਰਾਹ ਹਰ ਕੰਮ ਡਿਪਟੀ ਕਮਿਸ਼ਨਰ ਦੇ ਕਹਿਣ 'ਤੇ ਕਰਦਾ ਸੀ ਅਤੇ ਹੌਲੀ-ਹੌਲੀ ਕਰਕੇ ਕਮੇਟੀ ਖ਼ਤਮ ਕਰ ਦਿੱਤੀ ਗਈ ਅਤੇ ਸਰਬਰਾਹ ਹੀ ਸਭ ਕੁਝ ਬਣ ਗਿਆ। ਸਰਬਰਾਹ ਧਾਰਮਿਕ ਮਰਯਾਦਾ ਵਿਚ ਦਖ਼ਲ ਨਹੀਂ ਦੇ ਸਕਦਾ ਸੀ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ, ਪੁਜਾਰੀ, ਅਰਦਾਸੀਏ ਮਨਮਾਨੀਆਂ ਕਰਨ ਲੱਗ ਪਏ। ਅੰਗਰੇਜ਼ ਤਾਂ ਪਹਿਲਾਂ ਹੀ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ। ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਵਿਗਾੜ ਦਿੱਤੀ ਗਈ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਗੁਰਮਤਿ ਵਿਰੋਧੀ ਗੱਲਾਂ ਕੀਤੀਆਂ ਜਾਂਦੀਆਂ, ਬਦਮਾਸ਼ ਲੋਕ ਸ਼ਰਾਬਾਂ ਪੀ ਕੇ ਖੁੱਲ੍ਹੇ ਤੁਰੇ ਫਿਰਦੇ, ਗ਼ਲਤ ਕਿਸਮ ਦੇ ਆਦਮੀ, ਔਰਤਾਂ, ਇਕੱਠੇ ਹੋ ਕੇ ਮੌਜ-ਮੇਲਾ ਕਰਦੇ। ਜੇ ਕੋਈ ਸਿੰਘ ਇਹ ਸਭ ਕੁਝ ਦੇਖਦਾ ਤਾਂ ਦੁਖੀ ਹੁੰਦਾ ਪਰ ਕਰ ਕੁਝ ਨਹੀਂ ਸੀ ਸਕਦਾ। ਇਸ ਸਮੇਂ ਸਿੰਘ ਸਭਾ ਲਹਿਰ ਨੇ ਸਿੰਘਾਂ ਵਿਚ ਜਾਗ੍ਰਿਤੀ ਲਿਆਂਦੀ। ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚੋਂ ਮੂਰਤੀਆਂ ਚੁੱਕ ਦਿੱਤੀਆਂ। ਪੰਥ ਵਿਚ ਇਕ ਨਵੀਂ ਲਹਿਰ ਪੈਦਾ ਹੋਈ ਕਿ ਸਰਬਰਾਹ ਦੀ ਨਿਯੁਕਤੀ ਸਮੁੱਚੇ ਪੰਥ ਵੱਲੋਂ ਹੋਵੇ, ਗੁਰਦੁਆਰਿਆਂ ਦਾ ਹਿਸਾਬ-ਕਿਤਾਬ ਪੰਥ ਹਵਾਲੇ ਹੋਵੇ, ਇਸ ਵਿਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੋਣਾ ਚਾਹੀਦਾ। ਇਸ ਸਮੇਂ ਸਰਬਰਾਹ ਅਰੂੜ ਸਿੰਘ ਨੇ ਪੰਥ ਵਿਰੋਧੀ ਕੰਮ ਕੀਤੇ। ਅਰੂੜ ਸਿੰਘ ਨੇ ਬਜਬਜ ਘਾਟ ਦੇ ਸੂਰਬੀਰ ਸ਼ਹੀਦ ਸਿੰਘਾਂ ਨੂੰ ਪਤਿਤ ਕਰਾਰ ਦੇ ਦਿੱਤਾ ਅਤੇ 1919 ਈ: ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਵਿਚ ਗੋਲੀ ਚਲਾ ਕੇ ਹਿੰਦੂ, ਸਿੱਖ, ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗਣ ਵਾਲੇ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾ ਦਿੱਤਾ ਗਿਆ। ਗ੍ਰੰਥੀਆਂ ਤੇ ਪੁਜਾਰੀਆਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਰੁਮਾਲੇ ਬਾਜ਼ਾਰਾਂ ਵਿਚ ਆਮ ਵੇਚੇ ਜਾਂਦੇ ਜਾਂ ਪੁਜਾਰੀਆਂ ਦੇ ਘਰ ਜਨਾਨੀਆਂ ਦੇ ਲਹਿੰਗੇ ਜਾਂ ਬੱਚਿਆਂ ਦੀਆਂ ਫਰਾਕਾਂ ਬਣਾਉਣ ਦੇ ਕੰਮ ਆਉਂਦੇ। ਚੜ੍ਹਾਵੇ ਦਾ ਪ੍ਰਸ਼ਾਦ ਪੁਲਿਸ ਅਫਸਰਾਂ ਤੇ ਮੈਜਿਸਟ੍ਰੇਟਾਂ ਦੇ ਘਰ ਜਾਂਦਾ। ਦਰਬਾਰ ਸਾਹਿਬ ਮੱਥਾ ਟੇਕਣ ਆਈਆਂ ਔਰਤਾਂ ਦਾ ਬਦਮਾਸ਼ ਪਿੱਛਾ ਕਰਦੇ। ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਦੇ ਬੰਦਿਆਂ ਨੂੰ ਦਰਬਾਰ ਸਾਹਿਬ ਜਾਣ ਅਤੇ ਪ੍ਰਸ਼ਾਦ ਭੇਟ ਕਰਨ ਦੀ ਮਨਾਹੀ ਹੁੰਦੀ ਅਤੇ ਸਵੇਰੇ 9 ਵਜੇ ਤੋਂ ਪਹਿਲਾਂ ਕਿਸੇ ਵੀ ਪਛੜੀ ਸ਼੍ਰੇਣੀ ਦੇ ਵਿਅਕਤੀ ਨੂੰ ਦਰਬਾਰ ਸਾਹਿਬ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ ਇਥੋਂ ਤੱਕ ਕਿ ਕਿਰਪਾਨਧਾਰੀ ਸਿੰਘ ਸਭੀਆਂ ਦਾ ਪ੍ਰਸ਼ਾਦ ਵੀ ਮੋੜ ਦਿੱਤਾ ਜਾਂਦਾ ਸੀ। ਸ: ਸੁੰਦਰ ਸਿੰਘ ਮਜੀਠੀਆ ਦੇ ਲੜਕੇ ਸ: ਕ੍ਰਿਪਾਲ ਸਿੰਘ ਦੇ ਵਿਆਹ ਮਗਰੋਂ ਜਦ ਸਿੰਘ ਕੜਾਹ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਗਏ ਤਾਂ ਪੁਜਾਰੀਆਂ ਨੇ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਅਨੰਦ ਵਿਆਹ ਕੀਤਾ ਸੀ। ਸ੍ਰੀ ਦਰਬਾਰ ਸਾਹਿਬ ਵਿਚ ਜਿਥੇ ਸਰਬ ਸਾਂਝੀਵਾਲਤਾ ਦੀ ਗੱਲ ਹੁੰਦੀ ਸੀ, ਉਥੇ ਛੂਤਛਾਤ ਭਾਰੂ ਹੋ ਰਿਹਾ ਸੀ।
ਸਿੰਘ ਸਭਾ ਲਹਿਰ ਨੇ ਸਮਾਜ ਵਿਚ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਅਤੇ ਪਿੱਛੇ ਰਹੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਕਈ ਮੁਸਲਮਾਨਾਂ ਨੇ ਵੀ ਅੰਮ੍ਰਿਤ ਛਕਿਆ। ਪਿੱਛੇ ਰਹੀਆਂ ਸ਼੍ਰੇਣੀਆਂ ਵਿਚ ਪ੍ਰਚਾਰ ਕਰਨ ਲਈ ਖਾਲਸਾ ਬਰਾਦਰੀ ਕਾਰਜ ਸਾਧਕ ਦਲ ਕਾਇਮ ਕੀਤਾ ਗਿਆ। ਇਸ ਦਲ ਵੱਲੋਂ 10-11-12 ਅਕਤੂਬਰ, 1920 ਈ: ਨੂੰ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਇਕ ਦੀਵਾਨ ਰੱਖਿਆ ਗਿਆ। ਇਸ ਦੀਵਾਨ ਵਿਚ ਸਿੰਘ ਸਭਾ, ਚੀਫ਼ ਖਾਲਸਾ ਦੀਵਾਨ ਦੇ ਮੁਖੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਸ਼ਾਮਿਲ ਹੋਏ। ਇਸ ਦੀਵਾਨ ਵਿਚ ਜਾਤਪਾਤ ਦੇ ਭੇਦ ਨੂੰ ਮਿਟਾਉਣ ਦਾ ਪ੍ਰਚਾਰ ਕੀਤਾ ਗਿਆ। ਇਸ ਦੀਵਾਨ ਦੀ ਸਮਾਪਤੀ ਵਾਲੇ ਦਿਨ 12 ਅਕਤੂਬਰ, 1920 ਈ: ਨੂੰ ਪਛੜੀਆਂ ਸ਼੍ਰੇਣੀਆਂ ਦੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਗਿਆ। ਇਹ ਨਵੇਂ ਸਜੇ ਸਿੰਘ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਭਾਈ ਮਹਿਤਾਬ ਸਿੰਘ 'ਬੀਰ' ਦੀ ਅਗਵਾਈ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਗ ਭੇਟ ਕਰਨ ਲਈ ਚੱਲ ਪਏ। ਸ਼ਹਿਰ ਵਿਚ ਹਰ ਪਾਸੇ ਚਰਚਾ ਸੀ। ਜਦ ਜਥਾ ਦਰਬਾਰ ਸਾਹਿਬ ਪਹੁੰਚਿਆ ਤਾਂ ਬਹੁਤ ਭੀੜ ਹੋ ਗਈ ਸੀ। ਇਸ ਸਮੇਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਕਈ ਪ੍ਰੋਫੈਸਰ ਅਤੇ ਵਿਦਿਆਰਥੀ ਵੀ ਨਾਲ ਸਨ। ਜਲਾਲ ਭਰਪੂਰ ਸਿੱਖ ਸੰਗਤ ਦਾ ਇਕੱਠ ਦੇਖ ਕੇ ਪੁਜਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਪੁਜਾਰੀ ਘਬਰਾ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੇ ਪ੍ਰਸ਼ਾਦ ਸਵੀਕਾਰ ਕਰਨ ਅਤੇ ਅਰਦਾਸ ਕਰਨ ਤੋਂ ਨਾਂਹ ਕਰ ਦਿੱਤੀ। ਸੰਗਤਾਂ ਅਤੇ ਪੁਜਾਰੀਆਂ ਵਿਚ ਕੁਝ ਤਕਰਾਰ ਪਿੱਛੋਂ ਪੁਜਾਰੀ ਸੰਗਤ ਦੀ ਇਸ ਗੱਲ 'ਤੇ ਸਹਿਮਤ ਹੋਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਲਿਆ ਜਾਵੇ ਅਤੇ ਹੁਕਮਨਾਮੇ ਦੀ ਰੌਸ਼ਨੀ ਵਿਚ ਕੜਾਹ-ਪ੍ਰਸ਼ਾਦ ਪ੍ਰਵਾਨ ਜਾਂ ਅਪ੍ਰਵਾਨ ਕੀਤਾ ਜਾਵੇ। ਹੁਕਮਨਾਮਾ ਲਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਸੋਰਠਿ ਮਹੱਲਾ 3 ਦੁਤੁਕੀ ਪੰਨਾ 638 ਤੋਂ ਸ੍ਰੀ ਗੁਰੂ ਅਮਰ ਦਾਸ ਜੀ ਦਾ ਪਵਿੱਤਰ ਫੁਰਮਾਨ ਆਇਆ
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ॥
ਇਸ ਫੁਰਮਾਨ ਨਾਲ ਸਾਰਾ ਵਾਤਾਵਰਨ 'ਧੰਨ ਗੁਰੂ ਅਮਰਦਾਸ' ਤੇ 'ਧੰਨ ਗੁਰੂ ਰਾਮਦਾਸ' ਦੀਆਂ ਧੁਨਾਂ ਨਾਲ ਗੂੰਜ ਉਠਿਆ ਅਤੇ ਸੰਗਤ ਬਹੁਤ ਹੀ ਪ੍ਰਭਾਵਿਤ ਹੋਈ। ਪੁਜਾਰੀਆਂ ਨੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰ ਦਿੱਤੀ। ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਕਈ ਪੁਜਾਰੀਆਂ ਨੇ ਕੜਾਹ ਪ੍ਰਸ਼ਾਦ ਨਾ ਛੱਕਿਆ। ਇਹ ਖ਼ਬਰ ਮਿਲਦੇ ਸਾਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਅਕਾਲ ਤਖ਼ਤ ਸਾਹਿਬ ਤੋਂ ਭੱਜ ਗਏ। ਜਦ ਸਾਰੀ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ ਤਾਂ ਪੁਜਾਰੀ ਪਹਿਲਾਂ ਹੀ ਤਖ਼ਤ ਖਾਲੀ ਛੱਡ ਕੇ ਭੱਜ ਚੁੱਕੇ ਸਨ, ਜਿਹੜੇ ਉਥੇ ਸਨ ਉਨ੍ਹਾਂ ਨੇ ਪ੍ਰਸ਼ਾਦ ਲੈਣ ਤੋਂ ਨਾਂਹ ਕਰ ਦਿੱਤੀ। ਸੰਗਤਾਂ ਨੇ ਨਮਸਕਾਰ ਕੀਤੀ ਅਤੇ ਸ: ਕਰਤਾਰ ਸਿੰਘ 'ਝੱਬਰ' ਦੀ ਅਪੀਲ 'ਤੇ ਕੁਝ ਸਿੰਘਾਂ ਨੇ ਆਪਣੇ-ਆਪ ਨੂੰ ਸੇਵਾ ਲਈ ਪੇਸ਼ ਕੀਤਾ ਅਤੇ ਜਥੇਦਾਰ ਤੇਜਾ ਸਿੰਘ 'ਭੁੱਚਰ' ਦੀ ਅਗਵਾਈ ਵਿਚ 25 ਸਿੰਘਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੌਂਪੀ ਗਈ। ਇਸੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਨਵੰਬਰ 1920 ਈ: ਨੂੰ ਪੰਥਕ ਇਕੱਠ ਬੁਲਾਉਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ।
ਪੰਥਕ ਇਕੱਤਰਤਾ ਨਿਯਤ ਦਿਨ ਅਤੇ ਸਮੇਂ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਹੋਈ। ਇਹ ਇਕੱਤਰਤਾ ਦੋ ਦਿਨ ਚੱਲੀ। ਇਸ ਇਕੱਤਰਤਾ ਵਿਚ ਗੁਰਮਰਯਾਦਾ ਅਨੁਸਾਰ 175 ਅੰਮ੍ਰਿਤਧਾਰੀ ਤੇ ਰਹਿਤਵਾਨ ਸਿੰਘਾਂ ਦੀ ਕਮੇਟੀ ਚੁਣੀ ਗਈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂਅ ਦਿੱਤਾ ਗਿਆ। ਇਸੇ ਇਕੱਠੇ ਵਿਚ ਪੰਜ ਪਿਆਰਿਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਦੀ ਸੁਧ-ਸੁਧਾਈ ਕਰਨੀ ਸੀ। ਪੰਜ ਪਿਆਰਿਆਂ ਵਿਚ ਸੰਤ ਭਾਈ ਤੇਜਾ ਸਿੰਘ ਐਮ. ਏ. ਮਸਤੂਆਣਾ, ਭਾਈ ਜੋਧ ਸਿੰਘ ਐਮ. ਏ., ਬਾਵਾ ਹਰਕਿਸ਼ਨ ਸਿੰਘ ਐਮ. ਏ., ਜਥੇਦਾਰ ਭਾਈ ਤੇਜਾ ਸਿੰਘ ਸੈਂਟਰਲ ਮਾਝਾ ਦੀਵਾਨ ਅਤੇ ਸ: ਬਲਵੰਤ ਸਿੰਘ ਰਈਸ ਸਨ। ਇਸ ਕਮੇਟੀ ਦੀ ਪਹਿਲੀ ਇਕੱਤਰਤਾ 12 ਦਸੰਬਰ, 1920 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈ। ਇਸ ਦਿਨ ਪੰਜਾਂ ਪਿਆਰਿਆਂ ਨੇ ਮੈਂਬਰਾਂ ਦੀ ਸੁਧਾਈ ਕੀਤੀ। ਬਾਵਾ ਹਰਕਿਸ਼ਨ ਸਿੰਘ ਮੀਤ ਸਕੱਤਰ ਨੇ ਸ: ਸੁੰਦਰ ਸਿੰਘ ਮਜੀਠੀਏ ਦਾ ਨਾਂਅ ਤਜਵੀਜ਼ ਕੀਤਾ। ਇਸ 'ਤੇ ਸਾਰੇ ਮੈਂਬਰ ਹੈਰਾਨ ਹੋਏ ਕਿਉਂਕਿ ਸ: ਮਜੀਠੀਏ ਸਬੰਧੀ ਇਹ ਆਮ ਚਰਚਾ ਸੀ ਕਿ ਸ: ਮਜੀਠੀਆ ਸਰਕਾਰ ਪੂਜ ਹਨ। ਪੰਜ ਪਿਆਰਿਆਂ ਦੀ ਆਗਿਆ ਪਾ ਕੇ ਸ: ਮਜੀਠੀਆ ਮੀਟਿੰਗ ਵਿਚ ਖੜ੍ਹੇ ਹੋਏ ਅਤੇ ਕਿਹਾ 'ਮੈਂ ਹੁਣ ਤੱਕ ਜੋ ਕੁਝ ਕੀਤਾ ਹੈ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਪੰਥ ਦੇ ਭਲੇ ਲਈ ਆਪਣੀ ਯੋਗਤਾ ਅਨੁਸਾਰ ਕੀਤਾ ਹੈ। ਮੈਂ ਕੋਈ ਗੱਲ ਨਿੱਜੀ ਸਵਾਰਥ ਲਈ ਨਹੀਂ ਕੀਤੀ। ਜੇ ਕੋਈ ਭੁੱਲ ਕੀਤੀ ਹੈ ਤਾਂ ਪੰਥ ਬਖਸ਼ਿੰਦ ਹੈ।' ਸੰਗਤ ਨੇ ਗੁਰੂ ਪੰਥ ਦੇ ਬਖਸ਼ੰਦ ਹੋਣ ਦਾ ਬਿਰਦ ਪਾਲਦੇ ਹੋਏ, ਨਿਰਾ ਉਨ੍ਹਾਂ ਨੂੰ ਬਖਸ਼ ਹੀ ਨਹੀਂ ਦਿੱਤਾ ਸਗੋਂ ਸ਼੍ਰੋ: ਗੁ: ਪ੍ਰ: ਕਮੇਟੀ ਦਾ ਪਹਿਲਾ ਪ੍ਰਧਾਨ ਵੀ ਚੁਣਿਆ। ਇਸੇ ਸਮੇਂ ਸ: ਹਰਬੰਸ ਸਿੰਘ ਅਟਾਰੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ: ਸੁੰਦਰ ਸਿੰਘ ਰਾਮਗੜ੍ਹੀਏ ਨੂੰ ਸਕੱਤਰ ਬਣਾਇਆ ਗਿਆ। ਸ਼੍ਰੋ: ਗੁ: ਪ੍ਰ: ਕਮੇਟੀ ਲਈ ਨਿਯਮਾਂ ਦਾ ਖਰੜਾ ਤਿਆਰ ਕਰਨ ਦੇ ਲਈ ਇਕ ਸਬ ਕਮੇਟੀ ਬਣਾਈ ਗਈ। (ਬਾਕੀ ਕੱਲ੍ਹ)
ਮੋ: 98155-33725
-
BY HARVINDER SINGH KHALSA/COURTESY AJIT,AUG.06,2011,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.