ਬੀਤੇ ਕੁਝ ਸਾਲਾਂ ਤੋਂ ਸਾਡੀ ਜ਼ਿੰਦਗੀ ਦੇ ਹਰ ਪੱਖ ਵਿੱਚ ਸੰਚਾਰ ਸਾਧਨਾਂ ਦਾ ਰੋਲ ਵਧ ਰਿਹਾ ਹੈ ਪਰ ਭਾਰਤ ਵਿੱਚ ਇਸ ਦੀ ਰਫ਼ਤਾਰ ਹੋਰ ਵੀ ਤਿੱਖੀ ਹੋ ਗਈ ਹੈ। ਟੀ.ਵੀ. ਚੈਨਲਾਂ ਦੀ ਭਰਮਾਰ, ਘੱਟੋ-ਘੱਟ ਸ਼ਹਿਰੀ ਇਲਾਕਿਆਂ ਵਿੱਚ ਹਰ ਗਲੀ-ਕੋਨੇ ਤੱਕ ਉਨ੍ਹਾਂ ਦੀ ਪਹੁੰਚ, ਅਖ਼ਬਾਰਾਂ ਦੀ ਆਪਸੀ ਦੌੜ ਅਤੇ ਹਰ ਖ਼ਬਰ ਪਾਠਕ ਦੀ ਨਜ਼ਰ ਕਰਨ ਦੇ ਦਾਅਵਿਆਂ ਵਾਲੀ ਮੀਡੀਆ ਦੀ ਦੁਨੀਆਂ ਵਿੱਚ ਅਕਸਰ ਹੀ ਕੁਝ ਅਜਿਹੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਕੁਝ ਸਾਲ ਪਹਿਲਾਂ ਤੱਕ ਛੂਹੀਆਂ ਵੀ ਨਹੀਂ ਜਾ ਸਕਦੀਆਂ ਸਨ। ਜ਼ਾਹਰ ਹੈ ਕਿ ਜਿਸ ਵੇਲੇ ਸਾਡਾ ਮੀਡੀਆ ਸਾਡੀਆਂ ਧੁਰ-ਅੰਦਰਲੀਆਂ ਜ਼ਿੰਦਗੀਆਂ ਦੀਆਂ ਬਰੂਹਾਂ ਤੱਕ ਆ ਪਹੁੰਚਿਆ ਹੈ ਤਾਂ ਵਕਤ ਆ ਗਿਆ ਹੈ ਕਿ ਅਸੀਂ ਇੱਕ ਵਾਰੀ ਫਿਰ ਮੀਡੀਏ ਦੇ ਸਰੋਕਾਰਾਂ ‘ਤੇ ਧਿਆਨ ਮਾਰੀਏ ਅਤੇ ਮੀਡੀਏ ਦੀ ਦੁਨੀਆਂ ਵਿੱਚ ਇਖ਼ਲਾਕੀ ਸਿਧਾਂਤਾਂ ਨਾਲ ਜੁੜੀ ਬਹਿਸ ਨੂੰ ਨਵੇਂ ਸਿਰਿਓਂ ਅਤੇ ਨਵੀਆਂ ਸੱਚਾਈਆਂ ਦੀ ਰੌਸ਼ਨੀ ਵਿੱਚ ਫਿਰ ਤੋਂ ਛੇੜੀਏ।
ਇਸ ਸੰਦਰਭ ਵਿੱਚ ਅੱਜ ਮੀਡੀਆ ਜਗਤ ਵਿਚਲੀਆਂ ਵੱਡੀਆਂ ਅਖ਼ਬਾਰਾਂ, ਟੀ.ਵੀ. ਚੈਨਲ, ਸੀਨੀਅਰ ਐਡੀਟਰ ਸਾਹਿਬਾਨ, ਸੰਵਾਦਾਤਾਵਾਂ ਨੂੰ ਤਾਂ ਬਹਿਸ ਦਾ ਹਿੱਸਾ ਬਣਨਾ ਹੀ ਚਾਹੀਦਾ ਹੈ। ਇਸ ਦੇ ਨਾਲ ਜ਼ਰੂਰਤ ਹੈ ਪੱਤਰਕਾਰਾਂ ਦੀ ਉਸ ਪੀੜੀ ਨੂੰ ਇਸ ਸਾਰਥਿਕ ਬਹਿਸ ਦਾ ਹਿੱਸਾ ਬਣਾਉਣ ਦੀ ਜਿਹੜੀ ਅਜੇ ਸਕੂਲਾਂ ਜਾਂ ਕਾਲਜਾਂ ਵਿੱਚ ਪੜ੍ਹ ਰਹੀ ਹੈ।
ਪੱਤਰਕਾਰੀ ਦੇ ਸ਼ੋਭੇ ਵਿੱਚ ਇੰਨੀ ਜ਼ਿਆਦਾ ਤਰੱਕੀ ਹੋਈ ਹੈ ਅਤੇ ਪੱਤਰਕਾਰੀ, ਐਡਵਰਟਾਈਜ਼ਿੰਗ ਅਤੇ ਜਨਸੰਚਾਰ ਦੇ ਖੇਤਰ ਦਾ ਮੰਨੋਰੰਜਨ ਦੀ ਦੁਨੀਆਂ ਨਾਲ ਕੁਝ ਇਸ ਕਿਸਮ ਦਾ ਸਬੰਧ ਬਣ ਗਿਆ ਹੈ ਕਿ ਇਸ ਕਿੱਤੇ ਦਾ ਖੇਤਰ ਹੁਣ ਬਹੁਤ ਵਿਸ਼ਾਲ ਹੋ ਗਿਆ ਹੈ।
69339-KPM7 ਦੀ ਨਵੀਂ ਰਿਪੋਰਟ ਅਨੁਸਾਰ ਭਾਰਤ ਵਿੱਚ ਮੀਡੀਆ-ਮਨੋਰੰਜਨ ਸਨਅਤ ਲਗਪਗ 65,200 ਕਰੋੜ ਰੁਪਏ ਤਕ ਜਾ ਪਹੁੰਚੀ ਹੈ ਅਤੇ ਇਸ ਸਾਲ ਇਸ ਵਿੱਚ 13 ਫ਼ੀਸਦੀ ਦੀ ਰਫ਼ਤਾਰ ਨਾਲ ਵਾਧਾ ਹੋ ਰਿਹਾ ਹੈ। Price water house 3oopers (Pw3) ਦਾ ਤਾਂ ਇਹ ਵੀ ਕਹਿਣਾ ਹੈ ਕਿ ਜਲਦੀ ਹੀ ਇਹ 100,000 ਕਰੋੜ ਰੁਪਏ ਦੀ ਸਨਅਤ ਹੋ ਨਿਬੜੇਗੀ।
ਇਨ੍ਹਾਂ ਅੰਕੜਿਆਂ ਮੁਤਾਬਕ ਮੀਡੀਆ ਦੀ ਦੁਨੀਆਂ ਵਿੱਚ ਵੱਡੀ ਤਾਦਾਦ ਵਿੱਚ ਨੌਕਰੀਆਂ ਪੈਦਾ ਹੋਣਗੀਆਂ। ਜਿਵੇਂ 1990ਵਿਆਂ ਵਿੱਚ ਕਾਲ-ਸੈਂਟਰ ਨੌਕਰੀਆਂ ਦਾ ਹੜ੍ਹ ਜਿਹਾ ਆ ਗਿਆ ਸੀ, ਉਸੇ ਤਰ੍ਹਾਂ ਇਹ ਦਹਾਕਾ ਮੀਡੀਆ-ਮੰਨੋਰੰਜਨ ਸਨਅਤ ਦਾ ਦਹਾਕਾ ਹੋਵੇਗਾ।
ਜ਼ਾਹਰ ਹੈ ਕਿ ਇਸ ਕਿਸਮ ਦੀ ਤੇਜ਼ੀ ਨਾਲ ਵਿਕਾਸ ਕਰ ਰਹੀ ਸਨਅਤ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਹੁਨਰਮੰਦ ਹੱਥਾਂ ਦੀ ਜ਼ਰੂਰਤ ਨੂੰ ਵਿੱਦਿਅਕ ਸੰਸਥਾਵਾਂ ਝੱਟ ਭਾਂਪ ਲੈਂਦੀਆਂ। ਪੰਜਾਬ ਵਿੱਚ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਕੁਝ ਯੂਨੀਵਰਸਿਟੀਆਂ ਵਿੱਚ ਵੀ ਚੱਲ ਰਹੇ ਹਨ ਅਤੇ ਬਹੁਤ ਸਾਰੇ ਪ੍ਰਾਈਵੇਟ ਕਾਲਜ ਵੀ ਇਹ ਕੋਰਸ ਕਰਵਾ ਰਹੇ ਹਨ। ਮੀਡੀਆ ਵਿਚਲੇ ਇਖ਼ਲਾਕ ਬਾਰੇ ਪੜ੍ਹਾਈ ਹਰ ਪੱਤਰਕਾਰੀ ਕੋਰਸ ਦਾ ਅਨਿੱਖੜਵਾਂ ਅੰਗ ਜ਼ਰੂਰ ਹੈ ਪਰ ਜਿਸ ਢੰਗ ਤਰੀਕੇ ਨਾਲ ਪੱਤਰਕਾਰੀ ਦੀ ਪੜ੍ਹਾਈ ਦੇ ਇਸ ਪੱਖ ਨੂੰ ਲਿਆ ਜਾ ਰਿਹਾ ਹੈ, ਉਸ ਵਿੱਚ ਬਹੁਤ ਸੁਧਾਰ ਕਰਨ ਦੀ ਜ਼ਰੂਰਤ ਹੈ।
ਸੰਸਾਰ ਦੀ ਬਹੁਤ ਮੰਨੀ-ਪ੍ਰਮੰਨੀ ਅਖ਼ਬਾਰ ਨਿਊਯਾਰਕ ਟਾਈਮਜ਼ ਵਿੱਚ ਕੁਝ ਸਾਲ ਪਹਿਲਾਂ ਇੱਕ ਅਜਿਹੇ ਪੱਤਰਕਾਰ ਦਾ ਕਿੱਸਾ ਉਜਾਗਰ ਹੋਇਆ ਸੀ ਜਿਹੜਾ ਖ਼ਬਰਾਂ ਨੂੰ ਬੇਹੱਦ ਰੌਚਕ ਬਣਾ ਦੇਣ ਲਈ ਮਸ਼ਹੂਰ ਸੀ। ਜੇਸਨ ਬਲੇਅਰ ਨਾਂ ਦਾ ਇਹ ਪੱਤਰਕਾਰ ਅਸਲ ਵਿੱਚ ਮਨਘੜਤ ਖ਼ਬਰਾਂ ਦੇ ਰਿਹਾ ਸੀ ਅਤੇ ਨਿਊਯਾਰਕ ਟਾਈਮਜ਼ ਦੇ ਨੇਮਾਂ ਅਤੇ ਬੜੇ ਸਖ਼ਤ ਪੇਸ਼ਬੰਦੀਆਂ ਵਾਲੇ ਪ੍ਰਬੰਧ ਤੋਂ ਬਚਣ ਵਿੱਚ ਸਫ਼ਲ ਰਿਹਾ ਸੀ। ਸਮਾਂ ਪਾ ਕੇ ਜਦੋਂ ਜੇਸਨ ਬਲੇਅਰ ਦੀਆਂ ਮਨਘੜਤ ਖ਼ਬਰਾਂ ਦਾ ਕਿੱਸਾ ਖ਼ੁਦ ਖ਼ਬਰ ਬਣ ਗਿਆ ਤਾਂ ਪੂਰੀ ਦੁਨੀਆਂ ਵਿੱਚ ਪੱਤਰਕਾਰੀ ਵਿਚਲੇ ਇਖ਼ਲਾਕੀ ਸਿਧਾਂਤਾਂ ਬਾਰੇ ਬਹਿਸ ਛਿੜ ਪਈ ਸੀ। ਸ਼ਾਇਦ ਇਸ ਬਹਿਸ ਨੇ ਅਜੇ ਹੋਰ ਭਖਣਾ ਸੀ। ਖ਼ਬਰਾਂ ਦੀ ਦੌੜ ਇਨ੍ਹਾਂ tabloid ਅਖ਼ਬਾਰਾਂ ਵਿੱਚ ਤਾਂ ਇੰਨੀ ਭਖੀ ਹੋਈ ਹੈ ਕਿ ਵੱਡੀ ਗਿਣਤੀ ਵਿੱਚ ਛਪਣ ਵਾਲੇ ਅਖ਼ਬਾਰ ਗੰਭੀਰ ਖ਼ਬਰਾਂ ਵੱਲ ਧਿਆਨ ਨਾ ਦੇ ਕੇ ਅਮੀਰ, ਅਸਰ-ਰਸੂਖ ਵਾਲੇ, ਫ਼ਿਲਮੀ ਹਸਤੀਆਂ ਜਾਂ ਸ਼ਾਹੀ ਘਰਾਣੇ ਨਾਲ ਸਬੰਧਤ ਵਿਅਕਤੀਆਂ ਦੇ ਨਿੱਜੀ ਜੀਵਨ ਬਾਰੇ ਊਲ-ਜਲੂਲ ਜਾਂ ਅੱਧ-ਸੱਚੀਆਂ ਖ਼ਬਰਾਂ ਛਾਪ ਕੇ ਘਟੀਆ ਕਿਸਮ ਦੀ ਮਾਨਸਿਕਤਾ ਨੂੰ ਪਰੋਸ ਰਹੇ ਹਨ। ਇਹ ਵਰਤਾਰਾ ਭਾਰਤ ਵਿੱਚ ਹੀ ਨਹੀਂ ਬਲਕਿ ਤਰੱਕੀਸ਼ੁਦਾ ਪੱਛਮੀ ਦੇਸ਼ਾਂ ਵਿੱਚ ਵੀ ਬੜਾ ਪ੍ਰਬਲ ਹੈ।
ਹੁਣੇ-ਹੁਣੇ ਬਰਤਾਨੀਆ ਵਿੱਚ ਨਿਊਜ਼ ਆਫ਼ ਦਿ ਵਰਲਡ ਨਾਂ ਦੇ 168-ਸਾਲ ਪੁਰਾਣੇ ਅਖ਼ਬਾਰ ਵਿੱਚ ਜੋ ਹੋਇਆ, ਉਹ ਸ਼ਾਇਦ ਇਸ ਕਿਸਮ ਦੀ ਗੈਰ-ਗੰਭੀਰ ਪੱਤਰਕਾਰੀ ਦੀ ਹੀ ਮਿਸਾਲ ਨਹੀਂ ਸਗੋਂ ਇਸ ਨਾਲ ਮੀਡੀਆ ਵਿਚਲੇ ਇਖ਼ਲਾਕੀ ਪੱਧਰ ਦੀ ਗਿਰਾਵਟ ਵੀ ਸਾਡੇ ਸਾਹਮਣੇ ਆਈ ਹੈ।
ਪਿਛਲੇ ਕੁਝ ਸਮੇਂ ਤੋਂ ਇਸ ਅਖ਼ਬਾਰ ਦੇ ਪੱਤਰਕਾਰ ਸ਼ਾਹੀ ਖ਼ਾਨਦਾਨ ਦੇ ਬਾਸ਼ਿੰਦਿਆਂ ਵਲੋਂ ਫੋਨ ‘ਤੇ ਛੱਡੇ ਸੁਨੇਹੇ ਤਕਨੀਕੀ ਮਾਹਰਾਂ ਦੀ ਮਦਦ ਨਾਲ ਹਾਸਲ ਕਰ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਖ਼ਬਰਾਂ ਛਾਪ ਰਹੇ ਸਨ। ਉਸ ਵੇਲੇ ਦੇ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਸੀ ਪਰ ਸਮੇਂ ਦੀ ਸਰਕਾਰ ਨੇ ਮਾਮਲੇ ਨੂੰ ਬਹੁਤਾ ਤੂਲ ਨਾ ਦਿੱਤਾ।
ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਮੀਡੀਆ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ, ਰੁਪਰਟ ਮਰਡੋਕ, ਇਨਾਂ ਜ਼ਿਆਦਾ ਪ੍ਰਭਾਵ ਰੱਖਦੇ ਹਨ ਕਿ ਕੋਈ ਵੀ ਸਰਕਾਰ ਉਨ੍ਹਾਂ ਨਾਲ ਰਿਸ਼ਤਾ ਤੋੜਨਾ ਜਾਂ ਖ਼ਰਾਬ ਕਰਨਾ ਨਹੀਂ ਚਾਹੁੰਦੀ।
ਰੁਪਰਟ ਮਰਡੋਕ ਹੀ ਨਿਊਜ਼ ਆਫ਼ ਦਿ ਵਰਲਡ ਦੇ ਮਾਲਕ ਹਨ ਅਤੇ ਉਹ ਹੋਰ ਵੀ ਬਹੁਤ ਸਾਰੀਆਂ ਬੇਹੱਦ ਪ੍ਰਭਾਵ ਵਾਲੀਆਂ ਅਖ਼ਬਾਰਾਂ ਦੇ ਮਾਲਕ ਹਨ। ਹੁਣ ਉਹ ਬਰਤਾਨੀਆਂ ਦੇ ਸਭ ਤੋਂ ਵੱਡੇ ਟੀ.ਵੀ. ਡਿਸਟਰੀਬਿਊਟਰ, ਬੀਸਕਾਈਬੀ (2Sky2) ਖਰੀਦਣ ਜਾ ਰਹੇ ਸਨ ਜਿਸ ਨਾਲ ਉਨ੍ਹਾਂ ਦੇ ਪ੍ਰਭਾਵ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਜਾਣਾ ਸੀ ਪਰ ਹੁਣ ਉਨ੍ਹਾਂ ਉਤੇ ਲੋਕਮਤ ਦਾ ਦਬਾਅ ਇੰਨਾਂ ਹੋ ਗਿਆ ਹੈ ਕਿ ਇਹ ਸੌਦਾ ਵੀ ਵਿਚਕਾਰ ਹੀ ਲਟਕ ਗਿਆ ਹੈ।
ਨਿਊਜ਼ ਆਫ਼ ਦਿ ਵਰਲਡ ਵਿਚਲਾ ਸਕੈਂਡਲ ਵੱਡੇ ਰੂਪ ਵਿੱਚ ਉਸ ਵੇਲੇ ਨਿਕਲ ਕੇ ਬਾਹਰ ਆਇਆ ਜਦੋਂ ਇਹ ਇੰਕਸ਼ਾਫ ਹੋਇਆ ਕਿ ਇਸ ਦੇ ਪੱਤਰਕਾਰ ਇੱਕ ਅਗਵਾ ਹੋਈ 14 ਸਾਲਾ ਲੜਕੀ ਦੇ ਟੈਲੀਫੋਨ ਵਿੱਚੋਂ voice-mails ਕੱਢਦੇ ਰਹੇ ਸਨ ਜਦੋਂ ਪੁਲੀਸ ਦੀ ਪੜਤਾਲ ਅਜੇ ਜਾਰੀ ਸੀ। ਬਾਅਦ ਵਿੱਚ ਇਸ ਲੜਕੀ ਦੀ ਲਾਸ਼ ਕੁਝ ਮਹੀਨੇ ਪਿੱਛੋਂ ਗਲੀ-ਸੜੀ ਹਾਲਤ ਵਿੱਚ ਮਿਲੀ ਸੀ।
ਖ਼ਬਰਾਂ ਲੋਕਾਂ ਦੀ ਜ਼ਰੂਰਤ ਹਨ ਪਰ ਖ਼ਬਰਾਂ ਕਿਵੇਂ ਇਕੱਠੀਆਂ ਕੀਤੀਆਂ ਜਾਣ ਅਤੇ ਖ਼ਬਰ ਦੀ ਭਾਲ ਵਿੱਚ ਪੱਤਰਕਾਰ ਲੋਕਾਂ ਦੀ ਜ਼ਾਤੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਤੋਂ ਕਿਵੇਂ ਗੁਰੇਜ਼ ਕਰਨ, ਇਹ ਸਭ ਤਾਂ ਇਕ ਵੱਡੀ ਬਹਿਸ ਦਾ ਹਿੱਸਾ ਬਣਨਾ ਹੀ ਸੀ। ਇਸ ਸਕੈਂਡਲ ਦਾ ਅਜਿਹੇ ਸਮੇਂ ਪਰਦਾਫਾਸ਼ ਹੋਣਾ ਜਦੋਂ ਰੁਪਰਟ ਮਰਡੋਕ ਇਕ ਵੱਡੇ ਟੀ.ਵੀ. ਡਿਸਟਰੀਬਿਊਟਰ ਨੂੰ ਖਰੀਦਣ ਜਾ ਰਹੇ ਸਨ, ਬਹਿਸ ਨੂੰ ਹੋਰ ਵੀ ਗਰਮ ਕਰ ਗਿਆ ਹੈ।
ਬਰਤਾਨੀਆ ਦੇ ਲੋਕਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਇਸ ਸੌਦੇ ਨਾਲ ਰੁਪਰਟ ਮਰਡੋਕ ਕਿਤੇ ਏਨੇ ਤਾਕਤਵਰ ਤਾਂ ਨਹੀਂ ਹੋ ਜਾਣਗੇ ਕਿ ਉਹ ਦੇਸ਼ ਦੀ ਰਾਜਨੀਤੀ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਨ? ਜਵਾਬ ਆਮ ਲੋਕਾਂ ਦੀ ਮਾਨਸਿਕਤਾ ਵਿੱਚ ਸਾਫ਼ ਹਾਂ ਵਿੱਚ ਸੀ। ਜਲਦੀ ਨਾਲ ਫ਼ੈੈਸਲਾ ਲੈਂਦਿਆਂ ਮਰਡੋਕ ਨੇ 168 ਸਾਲ ਪੁਰਾਣੇ ਨਿਊਜ਼ ਆਫ਼ ਦਿ ਵਰਲਡ ਅਖ਼ਬਾਰ ਨੂੰ ਬੰਦ ਕਰ ਦੇਣ ਦਾ ਫ਼ੈਸਲਾ ਸੁਣਾ ਦਿੱਤਾ ਤਾਂ ਜੋ ਕੋਈ ਬੁਰਾ ਪ੍ਰਭਾਵ ਉੇਸ ਦੇ ਟੀ.ਵੀ. ਡਿਸਟ੍ਰੀਬਿਊਟਰ ਵਾਲੇ ਸੌਦੇ ‘ਤੇ ਨਾ ਪਵੇ।
ਅੱਜ ਦੁਨੀਆਂ ਭਰ ਵਿੱਚ ਮੀਡੀਆ ਨਾਲ ਜੁੜੇ ਬੁੱਧੀਜੀਵੀ ਇਸ ਸਾਰੇ ਬਿਰਤਾਂਤ ਤੋਂ ਸਿੱਖਣ ਵਾਲੇ ਸਬਕ ਬਾਰੇ ਗੱਲ ਕਰ ਰਹੇ ਹਨ ਪਰ ਇਹੀ ਸਮਾਂ ਹੈ ਕਿ ਉਸ ਹਿੱਸੇ ਬਾਰੇ ਵੀ ਗੱਲ ਕਰੀਏ ਜਿੱਥੋਂ ਨਵੀਂ ਪੀੜੀ ਦੇ ਪੱਤਰਕਾਰ ਆਉਂਦੇ ਹਨ।
ਉਹ ਹਨ ਸਾਡੇ ਪੱਤਰਕਾਰੀ ਅਤੇ ਜਨਸੰਚਾਰ ਕੋਰਸ ਚਲਾਉਣ ਵਾਲੇ ਕਾਲਜ ਅਤੇ ਯੂਨੀਵਰਸਿਟੀਆਂ। ਸਾਨੂੰ ਇੱਕ ਵਾਰੀ ਫਿਰ ਮੀਡੀਏ ਦੀਆਂ ਆਪਣੀਆਂ ਇਖ਼ਲਾਕੀ ਕਦਰਾਂ-ਕੀਮਤਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਪੱਤਰਕਾਰੀ ਵਿਭਾਗਾਂ ਨੂੰ ਕਿਤੇ ਜ਼ਿਆਦਾ ਤਵੱਜੋਂ ਇਸ ਵਿਸ਼ੇ ‘ਤੇ ਦੇਣ ਦੀ ਜ਼ਰੂਰਤ ਹੈ। ਇਹ ਮੰਨ ਕੇ ਚੱਲਣਾ ਕਿ ਕਾਰਪੋਰੇਟ ਨਿਜ਼ਾਮ ਵਿੱਚ ਪੈਸਾ ਹੀ ਇਖ਼ਲਾਕ ਤਹਿ ਕਰਦਾ ਹੈ ਇਕ ਸੌਖਾ ਤੇ ਆਸਾਨ ਤਰੀਕਾ ਹੈ, ਉਸ ਲੜਾਈ ਤੋਂ ਕਿਨਾਰਾ ਕਰਨ ਦਾ ਜਿਹੜੀ ਸਾਨੂੰ ਮੀਡੀਏ ਦੀਆਂ ਉੱਚੀਆਂ ਕਦਰਾਂ-ਕੀਮਤਾਂ ਲਈ ਲੜਨੀ ਹੀ ਪਵੇਗੀ।
ਰੰਗੀਨ ਸਪਲੀਮੈਂਟਾਂ ‘ਤੇ ਮੁੁੰਬਈ ਫ਼ਿਲਮ ਇੰਡਸਟਰੀ ਵਿਚਲੇ ਚੰਦ ਚਮਕਦੇ ਚਿਹਰੇ ਹੀ 121 ਕਰੋੜ ਲੋਕਾਂ ਦੇ ਦੇਸ਼ ਦੇ ਸਰੋਕਾਰ ਨਹੀਂ ਹੋ ਸਕਦੇ। ਇਖ਼ਲਾਕ ਇਸ ਦੀ ਮੰਗ ਕਰਦਾ ਹੈ ਕਿ ਅਸੀਂ ਗੰਭੀਰਤਾ ਤੋਂ ਕਿਨਾਰਾ ਨਾ ਕਰੀਏ। ਆਪਣੀ ਤਾਕਤ ਦੇ ਨਸ਼ੇ ਵਿੱਚ ਮੀਡੀਆ ਦੇ ਬਹੁਤ ਸਾਰੇ ਹਿੱਸੇ ਅੱਜ ਗੰਭੀਰ ਮੁੱਦਿਆਂ ਵਿੱਚ ਨਾ ਜਾ ਕੇ ਵਪਾਰ ਅਤੇ ਛਪਣ ਗਿਣਤੀ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ।
ਉਨ੍ਹਾਂ ਨੂੰ ਆਪਣਾ ਨਫ਼ੇ ਵਾਲੇ ਗਰਾਫ਼ ਦੇਖ ਕੇ ਸ਼ਾਇਦ ਮਾਣ ਮਹਿਸੂਸ ਹੁੰਦਾ ਹੋਵੇ ਪਰ ਨਿਊਜ਼ ਆਫ਼ ਦਿ ਵਰਲਡ ਦੇ ਸਕੈਂਡਲ ਤੋਂ ਬਾਅਦ ਇਹ ਸਪਸ਼ਟ ਹੈ ਕਿ ਕਿਸੇ ਵੀ ਉਚਾਈ ਤੇ ਪਹੁੰਚ ਕੇ ਡਿੱਗਣ ਦਾ ਖਤਰਾ ਬਣਿਆ ਰਹੇਗਾ ਜੇ ਇਖ਼ਲਾਕ ਵਾਲੀ ਧਰਾਤਲ ਵੱਲ ਅਸੀਂ ਅਵੇਸਲੇ ਹੋ ਗਏ ।
ਯਾਦ ਰਹੇ ਕਿ ਬੰਦ ਹੋਣ ਵਾਲੇ ਦਿਨ ਤੱਕ ਇਸ ਅਖ਼ਬਾਰ ਨੂੰ 75 ਲੱਖ ਲੋਕ ਪੜ੍ਹ ਰਹੇ ਸਨ ਅਤੇ ਇਹ ਬਰਤਾਨੀਆ ਦਾ ਸਭ ਤੋਂ ਵੱਧ ਪੜਿਆ ਜਾਣ ਵਾਲਾ ਅਖ਼ਬਾਰ ਸੀ। ਛਪਣ ਗਿਣਤੀ, ਵਪਾਰਕ ਮੁਨਾਫ਼ਾ ਅਤੇ ਇਸ਼ਤਿਹਾਰ ਸਫ਼ਲ ਮੀਡੀਆ ਲਈ ਜ਼ਰੂਰੀ ਹਨ ਪਰ ਬਿਨਾਂ ਇਖ਼ਲਾਕੀ ਕਦਰਾਂ-ਕੀਮਤਾਂ ਤੋਂ ਇਹ ਸਭ ਹੋਣ ਦੇ ਬਾਵਜੂਦ ਕਦੀ ਖੜੇ ਰਹਿਣਾ ਵੀ ਮੁਸ਼ਕਿਲ ਹੋ ਸਕਦਾ ਹੈ। ਵਿਸ਼ਵਾਸ਼ ਨਾ ਹੋਵੇ ਤਾਂ ਰੁਪਰਟ ਮਰਡੋਕ ਤੋਂ ਪੁੱਛ ਵੇਖੋ ਅਤੇ ਜੇ ਹੋਵੇ ਤਾਂ ਨਵੀਂ ਪੜ੍ਹ ਰਹੀ ਪੱਤਰਕਾਰੀ ਦੀ ਪੀੜੀ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਜ਼ਰੂਰ ਦੱਸੋ।
-
ਐਸ.ਪੀ. ਸਿੰਘ - Punjabi Tribune,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.