ਮਾਂ-ਬੋਲੀ ਪੰਜਾਬੀ ਨੂੰ ਆਪਣੇ ਖੇਤਰ ਵਿਚ ਹੀ ਆਪਣੀ ਹੋਂਦ ਦੀ ਰਾਖੀ ਲਈ ਜਿੰਨਾ ਸੰਘਰਸ਼ ਕਰਨਾ ਪਿਆ ਹੈ, ਓਨਾ ਸ਼ਾਇਦ ਹੀ ਸੰਸਾਰ ਦੀ ਕਿਸੇ ਬੋਲੀ ਨੂੰ ਕਰਨਾ ਪਿਆ ਹੋਵੇ। ਆਪਣੀ ਹੋਂਦ ਦੀ ਲੜਾਈ ਵਿਚ ਪੰਜਾਬੀ ਨੂੰ ਕੁਝ ਕਾਮਯਾਬੀ ਮਿਲੀ ਹੈ। ਅੱਜ ਭਾਰਤੀ ਪੰਜਾਬ ਵਿਚ ਉਹ ਇਥੇ ਦੀ ਰਾਜ-ਭਾਸ਼ਾ ਹੈ। ਇਸ ਕਾਰਨ ਉਹ ਸਰਕਾਰੀ ਕੰਮਕਾਜ ਵਿਚ ਵਰਤਣ ਯੋਗ ਹੋ ਗਈ ਹੈ। ਸਰਕਾਰੀ ਸਕੂਲਾਂ ਵਿਚ ਉਸ ਦਾ ਪੜ੍ਹਾਇਆ ਜਾਣਾ ਲਾਜ਼ਮੀ ਹੋ ਗਿਆ ਹੈ। ਪੰਜਾਬੀ ਦੇ ਵਿਕਾਸ ਲਈ ਇਸ ਪੰਜਾਬ ਵਿਚ ਕਈ ਯੂਨੀਵਰਸਿਟੀਆਂ ਕਾਇਮ ਹੋ ਗਈਆਂ ਹਨ ਅਤੇ ਉਨ੍ਹਾਂ ਵਿਚ ਇਹ ਉਚੇਰੀ ਸਿੱਖਿਆ ਦਾ ਮਾਧਿਅਮ ਵੀ ਬਣਦੀ ਜਾ ਰਹੀ ਹੈ। ਪੱਤਰਕਾਰੀ ਦੇ ਖੇਤਰ ਵਿਚ ਉਸ ਨੇ ਜੋ ਵਿਕਾਸ ਕੀਤਾ ਹੈ, ਉਹ ਵੱਡੀ ਪ੍ਰਾਪਤੀ ਹੈ। ਅੱਜ ਪੰਜਾਬੀ ਦੇ ਅਨੇਕ ਰੋਜ਼ਾਨਾ ਅਖ਼ਬਾਰ ਭਾਰਤ ਦੀਆਂ ਹੋਰ ਭਾਸ਼ਾਵਾਂ ਵਿਚ ਛਪਣ ਵਾਲੇ ਅਖ਼ਬਾਰਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਗਏ ਹਨ। ਸਾਹਿਤ ਦੇ ਖੇਤਰ ਵਿਚ ਵੀ ਅਜੋਕੇ ਪੰਜਾਬੀ ਸਾਹਿਤ ਦੀ ਤੁਲਨਾ ਸੰਸਾਰ ਦੀ ਕਿਸੇ ਵੀ ਬੋਲੀ ਦੇ ਵਿਕਸਿਤ ਸਾਹਿਤ ਨਾਲ ਕੀਤੀ ਜਾ ਸਕਦੀ ਹੈ।
ਪਰ ਇਕ ਹੋਰ ਵੀ ਪੰਜਾਬ ਹੈ, ਲਹਿੰਦਾ ਪੰਜਾਬ, ਜਿਹੜਾ ਇਕ ਦੂਜੇ ਦੇਸ਼ ਦਾ ਹਿੱਸਾ ਬਣ ਚੁੱਕਾ ਹੈ। ਪਾਕਿਸਤਾਨੀ ਪੰਜਾਬ, ਭਾਰਤੀ ਪੰਜਾਬ ਤੋਂ ਵੱਡਾ ਹੈ ਅਤੇ ਉਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਇਥੇ ਨਾਲੋਂ ਵੱਧ ਹੈ। ਪਰ ਲਹਿੰਦੇ ਪੰਜਾਬ ਵਿਚ ਮਾਂ-ਬੋਲੀ ਪੰਜਾਬੀ ਨੂੰ ਅੱਜ ਵੀ ਆਪਣੀ ਹੋਂਦ ਲਈ ਉਸੇ ਤਰ੍ਹਾਂ ਦੀ ਲੜਾਈ ਲੜਨੀ ਪੈ ਰਹੀ ਹੈ, ਜਿਵੇਂ ਚੜ੍ਹਦੇ ਪੰਜਾਬ ਵਿਚ ਕੁਝ ਵਰ੍ਹੇ ਪਹਿਲਾਂ ਲੜਨੀ ਪਈ ਸੀ। ਉਸ ਪੰਜਾਬ ਵਿਚ ਰਾਜ ਭਾਸ਼ਾ ਦਾ ਸਨਮਾਨ ਪੰਜਾਬੀ ਨੂੰ ਨਹੀਂ, ਉਰਦੂ ਨੂੰ ਪ੍ਰਾਪਤ ਹੈ। ਸਾਰਾ ਸਰਕਾਰੀ ਕੰਮਕਾਜ ਉਰਦੂ ਵਿਚ ਹੁੰਦਾ ਹੈ। ਸਿੱਖਿਆ ਦਾ ਮਾਧਿਅਮ ਉਰਦੂ ਹੈ। ਸਾਰੇ ਅਖ਼ਬਾਰ ਉਰਦੂ ਜਾਂ ਅੰਗਰੇਜ਼ੀ ਵਿਚ ਨਿਕਲਦੇ ਹਨ। ਸਾਰੇ ਪੰਜਾਬ ਵਿਚੋਂ ਪੰਜਾਬੀ ਵਿਚ ਛਪਣ ਵਾਲੇ ਅਖ਼ਬਾਰ ਨਾਮਾਤਰ ਹੀ ਹਨ। ਕੁਝ ਪੰਜਾਬੀ ਪ੍ਰੇਮੀਆਂ ਵੱਲੋਂ ਇਕ-ਦੋ ਮਾਹਵਾਰੀ ਰਸਾਲੇ ਪੰਜਾਬੀ (ਸ਼ਾਹਮੁਖੀ ਲਿਪੀ ਵਿਚ) ਜ਼ਰੂਰ ਨਿਕਲਦੇ ਹਨ। ਇਹ ਸਹੀ ਹੈ ਕਿ ਕੁਝ ਪੰਜਾਬੀ ਪ੍ਰੇਮੀਆਂ ਦੇ ਉੱਦਮ ਨਾਲ ਕੁਝ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ। ਪੰਜਾਬ ਯੂਨੀਵਰਸਿਟੀ (ਲਾਹੌਰ) ਵਿਚ ਪੰਜਾਬੀ ਦੀ ਐਮ. ਏ. ਵੀ ਹੁੰਦੀ ਹੈ ਤੇ ਪੀ. ਐਚ. ਡੀ. ਕਰਨ ਦੀ ਵੀ ਸਹੂਲਤ ਹੈ।
ਚੜ੍ਹਦੇ ਪੰਜਾਬ ਤੋਂ ਬਾਹਰ ਦੇ ਅਨੇਕ ਸੂਬਿਆਂ ਵਿਚ ਪੰਜਾਬੀ ਬੋਲਦੇ ਲੋਕਾਂ ਦੀ ਵੱਡੀ ਸੰਖਿਆ ਵਸਦੀ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਵਰਗੇ ਰਾਜਾਂ ਵਿਚ ਲੱਖਾਂ ਪੰਜਾਬੀ ਹਨ। ਇਨ੍ਹਾਂ ਪ੍ਰਾਂਤਾਂ ਵਿਚ ਪੰਜਾਬੀਆਂ ਦਾ ਸੰਘਰਸ਼ ਇਸ ਗੱਲ ਵੱਲ ਸੇਧਤ ਹੁੰਦਾ ਹੈ ਕਿ ਉਥੇ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਮਾਨਤਾ ਮਿਲ ਜਾਏ। ਹਰਿਆਣਾ ਤੇ ਦਿੱਲੀ ਵਿਚ ਉਸ ਨੂੰ ਇਹ ਮਾਣ ਪ੍ਰਾਪਤ ਹੈ। ਸਰਕਾਰੀ ਕੰਮਕਾਜ ਵਿਚ ਕੁਝ ਹੱਦ ਤੱਕ ਪੰਜਾਬੀ ਭਾਸ਼ਾ ਦੀ ਵਰਤੋਂ ਹੁੰਦੀ ਹੈ ਅਤੇ ਜੇ ਕਿਸੇ ਸਕੂਲ ਵਿਚ ਨਿਸਚਿਤ ਗਿਣਤੀ ਵਿਚ ਬੱਚੇ ਚਾਹੁਣ ਤਾਂ ਉਥੇ ਪੰਜਾਬੀ ਪੜ੍ਹਨ ਦੀ ਸਹੂਲਤ ਵੀ ਉਨ੍ਹਾਂ ਨੂੰ ਮਿਲ ਜਾਂਦੀ ਹੈ।
ਕੁੱਲ ਮਿਲਾ ਕੇ ਪੰਜਾਬ ਤੋਂ ਬਾਹਰ ਮਾਂ-ਬੋਲੀ ਪੰਜਾਬੀ ਦੀ ਦਸ਼ਾ ਤੇ ਦਿਸ਼ਾ ਬਹੁਤੀ ਸੰਤੋਖਜਨਕ ਨਹੀਂ। ਪੰਜਾਬੀ ਬੱਚੇ ਹਿੰਦੀ-ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਪੜ੍ਹਦੇ ਹਨ। ਉਹ ਹੌਲੀ-ਹੌਲੀ ਪੰਜਾਬੀ ਬੋਲਣੀ ਭੁਲਦੇ ਜਾ ਰਹੇ ਹਨ। ਪੰਜਾਬੀ ਘਰਾਂ ਵਿਚ ਵੀ ਮਾਪੇ ਆਪਣੇ ਬੱਚਿਆਂ ਨਾਲ ਹਿੰਦੀ ਵਿਚ ਗੱਲਬਾਤ ਕਰਦੇ ਹਨ। ਜਿਨ੍ਹਾਂ ਘਰਾਂ ਵਿਚ ਥੋੜ੍ਹੀ-ਬਾਹਲੀ, ਪੰਜਾਬੀ ਬੋਲੀ ਵੀ ਜਾਂਦੀ ਹੈ, ਉਥੇ ਵੀ ਪੰਜਾਬੀ ਲਿਖਣ-ਪੜ੍ਹਨ ਦੀ ਸਮਰੱਥਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਨਾਂਹ ਦੇ ਬਰਾਬਰ ਹੈ, ਕਿਉਂਕਿ ਉਨ੍ਹਾਂ ਨੂੰ ਗੁਰਮੁਖੀ ਲਿਪੀ ਨਹੀਂ ਆਉਂਦੀ। ਜਿਨ੍ਹਾਂ ਘਰਾਂ ਵਿਚ ਗੁਰਬਾਣੀ ਪੜ੍ਹਨ-ਪਾਠ ਕਰਨ ਦੀ ਰਵਾਇਤ ਕਾਇਮ ਹੈ, ਉਤੇ ਵੀ ਦੇਵਨਾਗਰੀ (ਹਿੰਦੀ) ਲਿਪੀ ਵਿਚ ਗੁਟਕਿਆਂ ਦੀ ਵਰਤੋਂ ਹੁੰਦੀ ਹੈ।
ਇਸ ਬਾਰੇ ਇਕ ਚੰਗਾ ਰੁਝਾਨ ਇਹ ਵੀ ਹੈ। ਪੰਜਾਬ ਤੋਂ ਬਾਹਰ ਬਹੁਤ ਸਾਰੇ ਸ਼ਹਿਰਾਂ ਵਿਚ ਪੰਜਾਬੀ ਵਿਚ ਸਾਹਿਤ ਸਿਰਜਣਾ ਕਰਨ ਵਾਲੇ ਲੇਖਕਾਂ ਨੇ ਉਥੇ ਪੰਜਾਬੀ ਸਾਹਿਤ ਸਭਾਵਾਂ ਬਣਾਈਆਂ ਹਨ। ਇਨ੍ਹਾਂ ਸਾਹਿਤ ਸਭਾਵਾਂ ਵੱਲੋਂ ਸਥਾਨਿਕ ਲੇਖਕਾਂ-ਕਵੀਆਂ ਦੀਆਂ ਗੋਸ਼ਠੀਆਂ ਹੁੰਦੀਆਂ ਰਹਿੰਦੀਆਂ ਹਨ, ਜਿਸ ਵਿਚ ਲੋਕੀਂ ਆਪਣੀਆਂ ਰਚਨਾਵਾਂ ਪੜ੍ਹਦੇ ਹਨ ਤੇ ਸਾਹਿਤਕ ਵਿਚਾਰ-ਵਟਾਂਦਰਾ ਵੀ ਕਰਦੇ ਹਨ।
ਪੰਜਾਬ ਤੋਂ ਬਾਹਰ ਅਨੇਕ ਥਾਵਾਂ 'ਤੇ ਚੰਗੇ ਪੰਜਾਬੀ ਲੇਖਕ ਰਹਿੰਦੇ ਹਨ। ਮੁੰਬਈ ਵਿਚ ਸੁਖਬੀਰ, ਜਗਜੀਤ ਸਿੰਘ, ਸਵਰਨ ਵਰਗੇ ਲੇਖਕਾਂ ਕਰਕੇ ਉਥੇ ਦਾ ਸਾਹਿਤਕ ਮਾਹੌਲ ਸਦਾ ਹੀ ਸਰਗਰਮ ਰਿਹਾ ਹੈ। ਕੋਲਕਾਤਾ ਤੋਂ ਇਕ ਰੋਜ਼ਾਨਾ ਪੰਜਾਬੀ ਅਖ਼ਬਾਰ ਵੀ ਨਿਕਲਦਾ ਹੈ। ਹੁਣ ਪੱਛਮੀ ਬੰਗਾਲ ਸਰਕਾਰ ਨੇ ਪੰਜਾਬੀ ਨੂੰ ਸਰਕਾਰੀ ਮਾਨਤਾ ਵੀ ਦੇ ਦਿੱਤੀ ਹੈ।
ਪੰਜਾਬ ਤੋਂ ਬਾਹਰ ਮਾਂ-ਬੋਲੀ ਪੰਜਾਬੀ ਦੀ ਹੋਂਦ ਕਾਇਮ ਰੱਖਣ ਅਤੇ ਉਸ ਦੀ ਪ੍ਰਫੁੱਲਤਾ ਲਈ ਜੇ ਕੁਝ ਉਚੇਚੇ ਉਪਰਾਲੇ ਕੀਤੇ ਜਾਣ ਤਾਂ ਵੱਡੀ ਕਾਮਯਾਬੀ ਮਿਲ ਸਕਦੀ ਹੈ। ਇਸ ਸਬੰਧੀ ਕੁਝ ਸੁਝਾਅ ਇਥੇ ਦਿੱਤੇ ਜਾ ਰਹੇ ਹਨ-
-ਉਨ੍ਹਾਂ ਸੂਬਿਆਂ ਵਿਚ ਜਿਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ, ਉਥੇ ਦੀਆਂ ਸਰਕਾਰਾਂ ਵੱਲੋਂ ਪੰਜਾਬੀ ਅਕਾਦਮੀਆਂ ਬਣਾਉਣ ਦਾ ਭਰਪੂਰ ਯਤਨ ਕੀਤਾ ਜਾਏ।
- ਪੰਜਾਬੀ ਵੱਸੋਂ ਵਾਲੇ ਹਰ ਸ਼ਹਿਰ ਵਿਚ ਪੰਜਾਬੀ ਸਾਹਿਤ ਸਭਾਵਾਂ ਦੇ ਗਠਨ ਦਾ ਉਪਰਾਲਾ ਕੀਤਾ ਜਾਏ। ਅਜਿਹੀਆਂ ਸਾਹਿਤ ਸਭਾਵਾਂ ਨੂੰ ਪੰਜਾਬ ਦੀਆਂ ਵੱਡੀਆਂ ਸਾਹਿਤਕ ਸਭਾਵਾਂ ਨਾਲ ਜੋੜਿਆ ਜਾਏ।
- ਪੰਜਾਬੀ ਬੱਚਿਆਂ ਨੂੰ ਪੰਜਾਬੀ (ਗੁਰਮੁਖੀ) ਪੜ੍ਹਾਉਣ ਦੇ ਉਚੇਚੇ ਉਪਰਾਲੇ ਕੀਤੇ ਜਾਣ।
- ਅਜਿਹੇ ਸਾਰੇ ਯਤਨਾਂ ਦੇ ਨਾਲ ਪੰਜਾਬੀ ਹਿੰਦੂਆਂ ਨੂੰ ਪੂਰੀ ਤਰ੍ਹਾਂ ਜੋੜਿਆ ਜਾਏ।
ਇਸ ਦ੍ਰਿਸ਼ਟੀ ਨਾਲ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਵੱਲੋਂ ਪਿਛਲੇ ਕੁਝ ਵਰ੍ਹਿਆਂ ਤੋਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਜਿਹੀ ਕਾਨਫ਼ਰੰਸ ਦਾ ਮੰਤਵ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਵਸਦੇ ਪੰਜਾਬੀਆਂ ਦੀ ਭਾਸ਼ਾਈ ਤੇ ਸੱਭਿਆਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨਾ ਹੈ।
ਪੰਜਾਬੀ ਯੂਨੀਵਰਸਿਟੀ ਦਾ ਇਹ ਉਦਮ ਬੜਾ ਸ਼ਲਾਘਾਯੋਗ ਹੈ। ਪੰਜਾਬ ਤੋਂ ਬਾਹਰ ਵਸਦੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਬਾਰੇ ਵੀ ਇਹ ਯੂਨੀਵਰਸਿਟੀ ਕੁਝ ਚੰਗੀਆਂ ਸਕੀਮਾਂ ਬਣਾ ਸਕਦੀ ਹੈ।
-
Dr. Maheep Singh,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.