ਵਿਦੇਸ਼ਾਂ ਵਿਚ ਸਰਗਰਮ ਪੰਜਾਬੀ ਮੀਡੀਆ ਭਾਵੇਂ ਵਧੇਰੇ ਕਰਕੇ ਪੰਜਾਬੀਆਂ ਅਤੇ ਸਿੱਖਾਂ ਦੀ ਗੱਲ ਕਰਦਾ ਹੈ ਪ੍ਰੰਤੂ ਉਸ ਨੂੰ ਭਾਰਤੀਆਂ ਦੀਆਂ ਪ੍ਰਾਪਤੀਆਂ ‘ਤੇ ਵੀ ਮਾਣ ਰਹਿੰਦਾ ਹੈ। ਅਮਰੀਕਾ ਵਿਚ 2010 ਵਿਚ ਹੋਈ ਮਰਦਮਸ਼ੁਮਾਰੀ ਦੀਆਂ ਰਿਪੋਰਟਾਂ ਸਾਹਮਣੇ ਆਉਣ ‘ਤੇ ਉਸ ਵਿਚਲੇ ਭਾਰਤੀ ਪਹਿਲੂਆਂ ਨੂੰ ਪਰਵਾਸੀ ਪੰਜਾਬੀ ਮੀਡੀਆ ਨੇ ਖੂਬ ਉਭਾਰਿਆ ਹੈ। ਰਿਪੋਰਟ ਮੁਤਾਬਕ ਬੀਤੇ 10 ਸਾਲਾਂ ਵਿਚ 69 ਪ੍ਰਤੀਸ਼ਤ ਵਾਧੇ ਨਾਲ ਅਮਰੀਕਾ ਵਿਚ ਭਾਰਤੀਆਂ ਦੀ ਕੁੱਲ ਗਿਣਤੀ 28.43 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਕੈਨੇਡਾ ਤੋਂ ਪ੍ਰਕਾਸ਼ਿਤ ਹੁੰਦੀ ‘ਹਮਦਰਦ ਵੀਕਲੀ’ ਅਤੇ ਇਸੇ ਗਰੁੱਪ ਦੀ ਚੰਡੀਗੜ੍ਹ ਤੋਂ ਛਪਦੀ ‘ਕੌਮਾਂਤਰੀ ਪਰਦੇਸੀ’ ਅਖ਼ਬਾਰਾਂ ਜਿਹੜੀਆਂ ਬਹੁਤ ਸਾਰੇ ਮੁਲਕਾਂ ਵਿਚ ਪਹੁੰਚਦੀਆਂ ਹਨ ਨੇ ਇਸ ਰਿਪੋਰਟ ਨੂੰ ਪ੍ਰਮੁੱਖਤਾ ਨਾਲ ਪਾਠਕਾਂ ਸਨਮੁਖ ਪੇਸ਼ ਕੀਤਾ ਹੈ। ਇਹ ਵੀ ਲਿਖਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਭਾਰਤੀਆਂ ਦੀ ਇਸ ਵਧਦੀ ਗਿਣਤੀ ਤੋਂ ਖੁਸ਼ ਹਨ।
ਸਾਲ 2000 ਵਿਚ ਇਹ ਆਬਾਦੀ 16 ਲੱਖ 78 ਹਜ਼ਾਰ ਸੀ। ਜੇਕਰ ਅਮਰੀਕਾ ਦੀ ਕੁੱਲ ਆਬਾਦੀ ਮੁਕਾਬਲੇ ਭਾਰਤੀਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇ ਤਾਂ ਇਹ ਇਕ ਫੀਸਦੀ ਬਣਦੀ ਹੈ। ਅਮਰੀਕਾ ਦੇ 25 ਸੂਬਿਆਂ ਵਿਚ ਏਸ਼ੀਅਨਾਂ ਵਿਚੋਂ ਭਾਰਤੀਆਂ ਦੇ ਉਪ-ਸਮੂਹ ਸਭ ਤੋਂ ਵੱਡੇ ਹਨ। ਜਿਹੜੇ ਸੂਬਿਆਂ ਵਿਚ ਭਾਰਤੀਆਂ ਦੀ ਵੱਸੋਂ ਵਧੇਰੇ ਹੈ ਉਨ੍ਹਾਂ ਵਿਚ ਨਿਊ ਜਰਸੀ, ਟੈਕਸਾਸ, ਇਲੀਨੌਇ, ਫਲੋਰਿਡਾ, ਵਰਜੀਨੀਆ, ਪੈਨਸਿਲਵਾਨੀਆ, ਜਾਰਜੀਆ, ਮੇਰੀਲੈਂਡ, ਮਿਸ਼ੀਗਨ, ਓਹਾਈਓ, ਨੌਰਥ ਕੈਰੋਲਿਨਾ, ਕੁਨੈਕਟੀਕੱਟ, ਏਰੀਜ਼ੋਨਾ, ਅਲਬਾਮਾ, ਟੈਨੇਸੀ, ਇੰਡੀਆਨਾਪੋਲਿਸ, ਸਾਊਥ ਕੈਰੋਲੀਨਾ, ਕੈਂਟਕੀ, ਮਿਸੂਰੀ, ਟੈਸਟ ਵਰਜੀਨੀਆ, ਨਿਊ ਹੈਂਪਸ਼ਾਇਰ, ਡੇਲਾਵੇਅਰ, ਨੌਰਥ ਡਕੋਟਾ, ਆਇਓਵਾ ਅਤੇ ਅਰਕਾਂਸਾਸ ਹਨ। ਇਨ੍ਹਾਂ ਸੂਬਿਆਂ ‘ਚ ਭਾਰਤੀਆਂ ਦੀ ਗਿਣਤੀ ਤਿੰਨ ਲੱਖ ਤੋਂ ਪੰਜ ਹਜ਼ਾਰ ਦਰਮਿਆਨ ਹੈ। ਕੈਲੇਫੋਰਨੀਆਂ ਵਿਚ ਸਭ ਤੋਂ ਵੱਧ ਭਾਰਤੀ ਰਹਿੰਦੇ ਹਨ ਅਤੇ ਇਹ ਗਿਣਤੀ 5 ਲੱਖ 28 ਹਜ਼ਾਰ ਤੋਂ ਥੋੜ੍ਹੀ ਵੱਧ ਹੈ। ਇਸੇ ਤਰ੍ਹਾਂ ਨਿਊਯਾਰਕ ਵਿਚ 3 ਲੱਖ 13 ਹਜ਼ਾਰ 620 ਭਾਰਤੀ ਵੱਸੇ ਹੋਏ ਹਨ। ਸਭ ਤੋਂ ਘੱਟ ਭਾਰਤੀ ਵੱਸੋਂ ਵਾਲਾ ਇਲਾਕਾ ਵਿਓਮਿੰਗ ਹੈ ਜਿੱਥੇ ਕੇਵਲ 589 ਭਾਰਤੀ ਰਹਿੰਦੇ ਹਨ।
ਪੰਜਾਬੀ ਮੀਡੀਆ ਵਿਚ ਪ੍ਰਕਾਸ਼ਿਤ ਵੇਰਵਿਆਂ ਅਨੁਸਾਰ ਅਮਰੀਕਾ ਵਿਚ ਸਭ ਤੋਂ ਵੱਡਾ ਏਸ਼ੀਅਨ ਸਮੂਹ ਚੀਨੀਆਂ ਦਾ ਰਿਹਾ ਹੈ। ਸਾਲ 2000 ਵਿਚ ਅਮਰੀਕਾ ਵਿਚ ਚੀਨੀਆਂ ਦੀ ਗਿਣਤੀ 24 ਲੱਖ 32 ਹਜ਼ਾਰ 585 ਸੀ ਜੋ 2010 ਵਿਚ 33 ਲੱਖ 47 ਹਜ਼ਾਰ 229 ਹੋ ਗਈ ਹੈ। ਸਾਲ 2000 ਵਿਚ ਫਿਲੀਪੀਨਜ਼ ਦੇ ਲੋਕਾਂ ਦੀ ਗਿਣਤੀ (18 ਲੱਖ 50 ਹਜ਼ਾਰ 351) ਦੂਸਰੇ ਨੰਬਰ ‘ਤੇ ਸੀ ਪਰ 2010 ਦੇ ਅੰਕੜਿਆਂ ਅਨੁਸਾਰ (25 ਲੱਖ 55 ਹਜ਼ਾਰ 923) ਤੀਸਰੇ ਨੰਬਰ ‘ਤੇ ਚਲੀ ਗਈ ਹੈ। ਚੌਥੇ ਨੰਬਰ ‘ਤੇ ਵੀਅਤਨਾਮੀ ਆ ਗਏ ਹਨ ਜਦਕਿ 2000 ਵਿਚ ਇਹ ਸਥਾਨ ਕੋਰੀਅਨ ਲੋਕਾਂ ਕੋਲ ਸੀ। ਜਪਾਨੀਆਂ ਦੀ ਗਿਣਤੀ ਇਕ ਦਹਾਕੇ ਦੌਰਾਨ ਘੱਟ ਕੇ 7 ਲੱਖ 96 ਹਜ਼ਾਰ 700 ਤੋਂ 7 ਲੱਖ 63 ਹਜ਼ਾਰ 325 ਰਹਿ ਗਈ ਹੈ। ਜਪਾਨੀ ਲੋਕਾਂ ਵਿਚ ਉਚੇਰੀ ਸਿੱਖਿਆ ਲਈ ਅਮਰੀਕਾ ਜਾਣ ਦਾ ਰੁਝਾਨ ਬਹੁਤ ਘੱਟ ਹੈ। ਇਹੀ ਇਨ੍ਹਾਂ ਦੀ ਗਿਣਤੀ ਘੱਟਣ ਦਾ ਮੁੱਖ ਕਾਰਨ ਹੈ। ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਬਹੁਤ ਸਾਰੇ ਕਾਰਨ ਹਨ। ਬੀਤੇ ਦਹਾਕੇ ਦੌਰਾਨ ਐਚ.1ਬੀ ਵੀਜ਼ਾ ਸਭ ਤੋਂ ਵੱਧ ਭਾਰਤੀਆਂ ਨੇ ਹੀ ਲਗਵਾਇਆ। ਸਭ ਤੋਂ ਵੱਧ ਵਿਦਿਆਰਥੀ ਅਮਰੀਕਾ ਵਿਚ ਪੜ੍ਹਨ ਲਈ ਭਾਰਤ ਤੋਂ ਗਏ। ਨੌਕਰੀਆਂ ਦੇ ਨਾਲ-ਨਾਲ ਛੋਟੇ-ਛੋਟੇ ਕਾਰੋਬਾਰ ਵੀ ਸਭ ਤੋਂ ਵੱਧ ਭਾਰਤੀਆਂ ਵੱਲੋਂ ਹੀ ਖੋਲ੍ਹੇ ਗਏ। ਅੱਸੀ-ਨੱਬੇ ਦੇ ਦਹਾਕਿਆਂ ਵਿਚ ਅਮਰੀਕਾ ਗਏ ਭਾਰਤੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਕਰਕੇ ਵੱਡੀ ਗਿਣਤੀ ਵਿਚ ਅਮਰੀਕਾ ਸੱਦਿਆ। ਭਾਰਤੀ ਮੂਲ ਦੇ ਨਾਗਰਿਕ ਨਸਲ-ਬਾਹਰੀ ਵਿਆਹ ਬਹੁਤ ਘੱਟ ਕਰਵਾਉਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਅਮਰੀਕਾ ਵਿਚ ਭਾਰਤੀਆਂ ਦੀ ਗਿਣਤੀ ਵਿਚ ਵੱਡਾ ਵਾਧਾ ਦਰਜ ਹੋਇਆ ਹੈ ਜਿਸ ਤੋਂ ਰਾਸ਼ਟਰਪਤੀ ਓਬਾਮਾ ਵੀ ਬਾਗੋਬਾਗ ਹੈ
-
Prof. Kulbir Singh,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.