ਨਿਰਵੈਰ ਸਿੰਘ ਸਿੰਧੀ
ਮਮਦੋਟ, 2 ਦਸੰਬਰ 2020 : ਪੰਜਾਬ ਤੋਂ ਸ਼ੁਰੂ ਹੋਕੇ ਸਾਰੇ ਭਾਰਤ ਦੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਵਿਚਾਰ ਵਟਾਦਰਾ ਕਰਨ ਲਈ ਅੱਜ ਕਸਬਾ ਮਮਦੋਟ ਦੇ ਭਾਜਪਾ ਮੰਡਲ ਦੀ ਇੱਕ ਮੀਟਿੰਗ ਗੁਰਦੇਵ ਧਵਨ ਪ੍ਰਧਾਨ ਭਾਜਪਾ ਮੰਡਲ ਮਮਦੋਟ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਅਸ਼ੋਕ ਸਹਿਗਲ ਪ੍ਰਵਕਤਾ ਜ਼ਿਲ੍ਹਾ ਭਾਜਪਾ, ਜਗਦੀਸ਼ ਜੀ ਸੰਗਠਨ ਮੰਤਰੀ ਭਾਰਤੀ ਕਿਸਾਨ ਸੰਘ ਬਠਿੰਡਾ , ਪ੍ਰਵੀਨ ਭੋਲੇਵਾਸੀਆ ਸਾਬਕਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਮਮਦੋਟ, ਬਲਦੇਵ ਰਾਜ ਸ਼ਰਮਾ ਸਾਬਕਾ ਜਿਲ੍ਹਾ ਮੀਡੀਆ ਇੰਚਾਰਜ , ਸ਼ਿੰਦਰਪਾਲ ਸਿੰਘ ਜਿਲ੍ਹਾ ਜਰਨਲ ਸਕੱਤਰ ਭਾਜਪਾ ਯੂਵਾ ਮੋਰਚਾ ਅਤੇ ਅਸ਼ਵਨੀ ਨਾਰੰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਮੌਕੇ ਤੇ ਉਪਰੋਕਤ ਭਾਜਪਾ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਪਿਛਲੇ ਦੋ ਮਹੀਨਿਆਂ ਤੋਂ ਸੂਬੇ ਦੇ ਕਿਸਾਨ ਰੇਲਵੇ ਲਾਈਨਾਂ, ਟੋਲ ਪਲਾਜ਼ਿਆਂ, ਰਿਲਾਇੰਸ ਦੇ ਪੈਟਰੋਲ ਪੰਪਾਂ 'ਤੇ ਰਾਤ ਦਿਨ ਸ਼ਾਤਮਈ ਧਰਨਾ ਦੇ ਰਹੇ ਕਿਸਾਨਾਂ ਦੀਆ ਮੰਗਾਂ ਨੂੰ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਇਹ ਕਿਸਾਨੀ ਮਸਲੇ ਹੱਲ ਕੀਤੇ ਜਾਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਇੱਥੇ ਹੀ ਬਸ ਨਹੀ ਕਿਸਾਨਾਂ ਵੱਲੋ ਦਿੱਲੀ ਚੱਲੋ ਕਿਸਾਨ ਅੰਦੋਲਨ ਤਹਿਤ ਪਿਛਲੇ ਇੱਕ ਹਫਤੇ ਤੋਂ ਦਿੱਲੀ ਦੀਆ ਵੱਖ-ਵੱਖ ਸੜਕਾ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਸ਼ਾਤਮਈ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪਰੰਤੂ ਕੇਂਦਰ ਦੀ ਸਰਕਾਰ ਵੱਲੋ ਅਜੇ ਤੱਕ ਇਸਦਾ ਕੋਈ ਵੀ ਹੱਲ ਨਹੀ ਕੱਢਿਆ ਜਾ ਰਿਹਾ। ਉਹਨਾਂ ਕਿਹਾ ਕਿ ਸੂਬਾ ਪੰਜਾਬ ਪੂਰੀ ਤਰ੍ਹਾਂ ਕਿਸਾਨੀ ਤੇ ਨਿਰਭਰ ਹੋਣ ਕਰਕੇ ਪੰਜਾਬ ਦੇ ਹਰੇਕ ਵਸਨੀਕ ਦਾ ਕਾਰੋਬਾਰ ਕਿਸਾਨੀ ਨਾਲ ਸਬੰਧਤ ਹੈ। ਇਸ ਲਈ ਅਸੀ ਸਮੂਹ ਭਾਜਪਾਂ ਦੇ ਵਰਕਰ ਅਤੇ ਅਹੁਦੇਦਾਰ ਕੇਂਦਰ ਸਰਕਾਰ ਪਾਸੋ ਮੰਗ ਕਰਦੇ ਹਾਂ ਕਿ ਇਹਨਾਂ ਕਿਸਾਨੀ ਮਸਲਿਆਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ।