ਰਿਸ਼ੀ ਸਿੰਘ ਰਾਹੀ
ਬਰਨਾਲਾ, 1 ਦਸੰਬਰ 2020 - ਪੰਜਾਬ 'ਚੋਂ ਉੱਠੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਲਹਿਰ ਹੁਣ ਪੂਰੀ ਦੁਨੀਆ 'ਚ ਫੈਲ ਗਈ ਐ। ਭਾਰਤ ਦੇ ਵੱਖੋ ਵੱਖਰੇ ਸੂਬਿਆਂ ਦੇ ਕਿਸਾਨ ਵੀ ਹੁਣ ਦਿੱਲੀ ਨੂੰ ਘੇਰਨ ਲਈ ਘਰੋਂ ਤੁਰ ਪਏ ਨੇ ਤੇ ਬਹੁਤਿਆਂ ਨੇ ਦਿੱਲੀ ਨੂੰ ਘੇਰ ਵੀ ਲਿਆ ਹੈ। ਵਧ ਰਹੀ ਠੰਢ 'ਚ ਵੀ ਕਿਸਾਨ ਸੜਕਾਂ 'ਤੇ ਕੇਂਦਰ 'ਤੇ ਕਾਨੂੰਨ ਖਤਮ ਕਰਨ ਲਈ ਦਬਾਅ ਬਣਾ ਰਹੇ ਨੇ ਤੇ ਕੁਝ ਲੋਕ ਅਜਿਹੇ ਵੀ ਨੇ, ਜੋ ਇੰਨ੍ਹਾਂ ਧਰਨਿਆਂ 'ਚ ਤਾਂ ਸ਼ਾਮਲ ਨਹੀਂ ਹੋ ਪਾਏ, ਪਰ ਫੇਰ ਵੀ ਆਪੋ ਆਪਣੇ ਤਰੀਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ।
ਅਜਿਹਾ ਹੀ ਮਾਮਲਾ ਸਾਹਮਣੇ ਆਇਆ ਬਰਨਾਲਾ ਜ਼ਿਲ੍ਹਾ ਦੇ ਪਿੰਡ ਬੱਡੀ ਛੀਨੀਵਾਲ ਦਾ, ਜਿੱਥੇ ਇੱਕ ਲੜਕੀ ਦੇ ਵਿਆਹ 'ਤੇ ਜਾਗੋ ਵਾਲੀ ਰਾਤ ਕਿਸਾਨਾਂ ਦੇ ਹੱਕ 'ਚ ਅਤੇ ਕੇਂਦਰ ਸਰਕਾਰ ਖਿਲਾਫ ਜਾਗੋ ਕੱਢੀ ਗਈ ਅਤੇ ਕੇਂਦਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਯੂਨੀਅਨਾਂ ਦੇ ਝੰਡੇ ਇਸ ਜਾਗੋ 'ਚ ਦੇਖੇ ਗਏ। ਲੜਕੀ ਨੇ ਸਾਰੀਆਂ ਰਸਮਾਂ ਕਿਸਾਨਾਂ ਤੋਂ ਕਰਾਈਆਂ। ਜੋ ਕਿ ਪੰਜਾਬ ਦੀਆਂ ਧੀਆਂ ਅੰਦਰ ਕਿਸਾਨੀ ਲਈ ਦਰਦ ਦਾ ਪ੍ਰਗਟਾਵਾ ਕਰਦਾ ਹੈ।
ਇਸ ਮੌਕੇ ਲੜਕੀ ਅਮਨਪ੍ਰੀਤ ਤੇ ਉਸਦੇ ਪਿਤਾ ਦਰਸ਼ਨ ਸਿੰਘ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਕਿਹਾ ਕਿ, ਕੇਂਦਰ ਨੂੰ ਇਹ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਤੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅਮਨਪ੍ਰੀਤ ਨੇ ਕਿਹਾ ਕਿ ਉਸਦਾ ਵਿਆਹ ਹੋਣ ਕਾਰਨ ਉਸਦੇ ਪਿਤਾ ਕਿਸਾਨਾਂ ਦੇ ਨਾਲ ਦਿੱਲੀ ਨਹੀਂ ਜਾ ਸਕੇ ਪਰ ਵਿਆਹ ਤੋਂ ਬਾਅਦ ਉਹ ਆਪਣੇ ਬਾਪੂ ਜੀ ਨੂੰ ਖੁਦ ਦਿੱਲੀ ਭੇਜਣਗੇ।