ਗੁਰਪ੍ਰੀਤ ਸਿੰਘ ਮੰਡਿਆਣੀ
- ਮਧੂਬਨ ਕੋਲ ਫਾਇਰ ਖੋਲ੍ਹ ਕੇ 4 ਮਾਰੇ ਤੇ ਦਰਜਣਾ ਬੰਦੇ ਫੱਟੜ ਕੀਤੇ ਸੀ
ਲੁਧਿਆਣਾ, 28 ਨਵੰਬਰ 2020 - ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਦਿੱਲੀ ਮਾਰਚ ਦੇ ਰਾਹ ਚ ਹਰਿਆਣਾ ਸਰਕਾਰ ਵੱਲੋਂ ਡਾਹੇ ਗਏ ਵੱਖ ਵੱਖ ਕਿਸਮ ਦੇ ਅੜਿੱਕਿਆਂ ਦੇ ਮੱਦੇਨਜਰ ਬਹੁਤ ਸਾਰੇ ਲੋਕਾਂ ਨੇ ਨਵੰਬਰ 1982 ਵਾਲੇ ਉਸ ਦੌਰ ਨੂੰ ਚੇਤੇ ਕੀਤਾ ਹੈ ਜਦੋਂ ਕੋਈ ਵੀ ਸਿੱਖ ਹਰਿਆਣੇ ਦੇ ਰਸਤਿਓਂ ਦਿੱਲੀ ਨਹੀਂ ਸੀ ਜਾਣ ਦਿੱਤਾ ਗਿਆ।
ਨਵੰਬਰ 1982 ਨੂੰ ਦਿੱਲੀ ਚ ਏਸ਼ੀਆਈ ਖੇਡਾਂ ਹੋਣੀਆਂ ਸਨ ਤੇ ਅਕਾਲੀ ਦਲ ਨੇ ਐਲਾਨ ਕੀਤਾ ਖੇਡਾਂ ਦੇ ਦੌਰਾਨ ਉਹ ਦਿੱਲੀ ਵਿੱਚ ਮੁਜ਼ਾਹਰਾ ਕਰਨਗੇ।ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਹਰਿਆਣੇ ਦੇ ਸਾਰੇ ਬਾਰਡਰ ਸਿੱਖਾਂ ਵਾਸਤੇ ਬੰਦ ਕਰ ਦਿੱਤੇ ਸਨ ਇੱਥੋਂ ਤੱਕ ਕੋਈ ਹਰਿਆਣੇ ਦਾ ਸਿੱਖ ਵੀ ਦਿੱਲੀ ਵੱਲ ਨੂੰ ਮੂੰਹ ਨਾ ਕਰ ਸਕੇ ਇਹ ਹਦਾਇਤਾਂ ਵੀ ਪੁਲਿਸ ਨੂੰ ਸਨ।ਕਿਸੇ ਵੀ ਵੱਡੇ ਤੋਂ ਵੱਡੇ ਰੁਤਬੇ ਵਾਲੇ ਸਿੱਖ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ ।ਸਿੱਖਾਂ ਦੀਆਂ ਬਰਾਤਾਂ ਤੇ ਮਕਾਣਾਂ ਨੂੰ ਵੀ ਹਰਿਆਣੇ ਚ ਐਂਟਰ ਨਹੀਂ ਹੋਣ ਦਿੱਤਾ ਗਿਆ ਸੀ।
ਏਸ਼ੀਆਈ ਖੇਡਾਂ ਮੌਕੇ ਹਰਿਆਣਾ ਸਰਕਾਰ ਵੱਲੋਂ ਸਿੱਖਾਂ ਵਾਸਤੇ ਦਿੱਲੀ ਦਾ ਰਾਹ ਰੋਕਣ ਦੀ ਗੱਲ ਤਾਂ ਇਤਿਹਾਸ ਦੇ ਮੋਟੇ ਅੱਖਰਾਂ ਵਿੱਚ ਲਿਖੀ ਹੋਈ ਹੈ ਜੋ ਨਵੰਬਰ 1982 ਦੀ ਗੱਲ ਹੈ।ਪਰ 1981 ਚ ਸਿੱਖਾਂ ਵਾਸਤੇ ਦਿੱਲੀ ਦਾ ਰਾਹ ਰੋਕਣ ਖ਼ਾਤਰ ਹਰਿਆਣਾ ਸਰਕਾਰ ਵੱਲੋਂ 4 ਸਿੱਖਾਂ ਨੂੰ ਗੋਲ਼ੀਆਂ ਨਾਲ ਭੁੰਨਣ ਵਾਲੀ ਘਟਨਾ ਬਹੁਤ ਘੱਟ ਲੋਕਾਂ ਨੂੰ ਯਾਦ ਹੈ, ਉਦੋਂ ਵੀ ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਹੀ ਸੀ । ਗੱਲ ਧਰਮ-ਯੁੱਧ ਮੋਰਚਾ ਸ਼ੁਰੂ ਹੋਣ ਤੋਂ ਵੀ ਇੱਕ ਸਾਲ ਪਹਿਲਾਂ ਦੀ ਹੈ।
ਅਕਾਲੀ ਦਲ ਨੇ ਅਪਣੀਆਂ ਮੰਗਾਂ ਤੇ ਜ਼ੋਰ ਦੇਣ ਖ਼ਾਤਰ 7 ਸਤੰਬਰ 1981 ਨੂੰ ਦਿੱਲੀ ਵਿੱਚ ਇੱਕ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ। 6 ਸਤੰਬਰ ਨੂੰ ਅੰਬਾਲਾ-ਦਿੱਲੀ ਰੋਡ ਜ਼ਰੀਏ ਦਿੱਲੀ ਵੱਲ ਸਫਰ ਕਰ ਰਹੇ ਇੱਕ ਜੱਥੇ ਉੱਤੇ ਹਰਿਆਣਾ ਪੁਲਿਸ ਨੇ ਬਿਨਾ-ਵਜਾਹ ਫਾਇਰ ਖੋਲ੍ਹ ਦਿੱਤਾ। ਮਧੂਬਨ ਪੁਲਿਸ ਛਾਉਣੀ ਸਾਹਮਣੇ ਕੀਤੀ ਇਸ ਫਾਇਰਿੰਗ ਨੇ 4 ਬੰਦੇ ਮਾਰ ਮੁਕਾਏ ਅਤੇ ਇੱਕ ਦਰਜਣ ਤੋਂ ਵੀ ਵਧੇਰੇ ਫੱਟੜ ਕੀਤੇ। ਮਰਨ ਵਾਲਿਆਂ ਵਿੱਚੋਂ ਦੋ ਜਣਿਆਂ ਦੇ ਨਾਂਅ ਲਾਭ ਸਿੰਘ ਤੇ ਕਸ਼ਮੀਰ ਸਿੰਘ ਸਨ ਜਦਕਿ ਜਖਮੀਆਂ ਚ ਗੁਰਦੇਵ ਸਿੰਘ,ਸਰਦੂਲ ਸਿੰਘ,ਗੁਰਮੇਲ ਸਿੰਘ ਅਜਾਇਬ ਸਿੰਘ, ਮੇਲੀ ਸਿੰਘ ਤੇ ਬਸਤਾ ਸਿੰਘ ਵਗੈਰਾ ਸਿੰਘ ਸਨ।