ਬਕਸਰ, 31 ਦਸੰਬਰ, 2016 : ਮੱਧ ਪ੍ਰਦੇਸ਼ ਸੈਂਟਰਲ ਜੇਲ ਅਤੇ ਨਾਭਾ ਜੇਲ 'ਚੋਂ ਕੈਦੀਆਂ ਦੇ ਫਰਾਰ ਹੋਣ ਤੋਂ ਬਾਅਦ ਇਕ ਹੋਰ ਜੇਲ ਬਰੇਕ ਦਾ ਮਾਮਲਾ ਸਾਹਮਣੇ ਆਇਆ ਹੈ। ਬਿਹਾਰ ਦੇ ਜ਼ਿਆਦਾ ਸੁਰੱਖਿਅਤ ਬਕਸਰ ਕੇਂਦਰੀ ਜੇਲ 'ਚੋਂ ਸ਼ੁਕਵਾਰ ਦੇਰ ਰਾਤ ਨੂੰ 5 ਖਤਰਨਾਕ ਕੈਦੀ ਫਰਾਰ ਹੋ ਗਏ। ਪੁਲਸ ਅਧਿਕਾਰੀ ਉਪਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੇਂਦਰੀ ਜੇਲ ਬਕਸਰ ਸਥਿਤ ਹਸਪਤਾਲ ਦੀ ਖਿੜਕੀ ਜੋ ਖਰਾਬ ਸਥਿਤੀ 'ਚ ਸੀ, ਜਿਸ ਨੂੰ ਤੋੜ ਕੇ ਸਵੇਰ ਨੂੰ 5 ਕੈਦੀ ਫਰਾਰ ਹੋ ਗਏ। ਫਰਾਰ ਕੈਦੀਆਂ 'ਚ ਸੋਨੂੰ ਪਾਂਡੇ ਉਪਿੰਦਰ ਸਾਹ, ਦੇਵਧਾਰੀ ਰਾਏ, ਪ੍ਰਦੀਪ ਸਿੰਘ ਅਤੇ ਸੋਨੂੰ ਸਿੰਘ ਸ਼ਾਮਲ ਹਨ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਜਾਣਕਾਰੀ ਮਿਲਦੇ ਹੀ ਫਰਾਰ ਕੈਦੀਆਂ ਦੀ ਗ੍ਰਿਫਤਾਰੀ ਲਈ ਜ਼ਿਲੇ ਦੀ ਸਰਹੱਦ ਨੂੰ ਸੀਲ ਕਰ ਕੇ ਛਾਪੇਮਾਰੀ ਕਰ ਦਿੱਤੀ ਗਈ ਹੈ। ਜ਼ਿਲੇ ਦੀ ਸਰਹੱਦ 'ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਜੇਲ ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰ ਨੂੰ ਲਗਭਗ 6 ਵਜੇ ਕੈਦੀਆਂ ਨੂੰ ਉਨ੍ਹਾਂ ਦੀ ਵਾਰਡ 'ਚੋਂ ਬਾਹਰ ਕੱਢ ਕੇ ਗਿਣਤੀ ਕੀਤੀ ਜਾ ਰਹੀ ਸੀ। ਗਿਣਤੀ 5 ਕੈਦੀਆਂ ਦੇ ਘੱਟ ਪਾਏ ਜਾਣ 'ਤੇ ਜੇਲ ਪ੍ਰਸ਼ਾਸਨ ਨੇ ਪਹਿਲਾਂ ਆਪਣੇ ਪੱਧਰ ਤੋਂ ਕੈਦੀਆਂ ਦੀ ਖੋਜਬੀਨ ਕੀਤੀ ਪਰ ਨਾ ਮਿਲਣ 'ਤੇ ਇਸ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ। ਫਰਾਰ ਸਾਰੇ ਕੈਦੀ ਜੇਲ ਹਸਪਤਾਲ 'ਚ ਇਲਾਜ ਲਈ ਕੁਝ ਦਿਨਾਂ ਤੋਂ ਦਾਖਲ ਸਨ। ਸੋਨੂੰ ਭੋਜਪੁਰ ਜ਼ਿਲੇ ਦੇ ਆਰਾ, ਉਪਿੰਦਰ ਸਾਰਨ ਜ਼ਿਲੇ ਦੇ ਛੱਪਰਾ, ਦੇਵਧਾਰੀ ਰਾਏ ਅਤੇ ਪ੍ਰਦੀਪ ਸਿੰਘ ਪੂਰਬੀ ਚੰਪਾਰਨ ਜ਼ਿਲੇ ਦੇ ਮੋਤਿਹਾਰੀ ਦਾ ਜਦਕਿ ਸੋਨੂੰ ਸਿੰਘ ਭੋਜਪੁਰ ਜ਼ਿਲੇ ਦੇ ਬ੍ਰਹਮਪੁਰ ਦਾ ਨਿਵਾਸੀ ਹੈ। ਜ਼ਿਕਰਯੋਗ ਹੈ ਕਿ ਸਾਲ 2014 'ਚ ਵੀ ਬਕਸਰ ਕੇਂਦਰੀ ਜੇਲ 'ਚੋਂ 4 ਕੈਦੀ ਫਰਾਰ ਹੋ ਗਏ ਸਨ। ਉਸ ਸਮੇਂ ਫਰਾਰ ਹੋਏ ਕੈਦੀਆਂ 'ਚੋਂ 3 'ਤੇ ਜੇਲ 'ਚ ਹੀ ਕੈਦੀ ਦੀ ਹੱਤਿਆ ਕਰਨ ਦਾ ਦੋਸ਼ ਸੀ।