ਚੰਡੀਗੜ੍ਹ, 26 ਅਕਤੂਬਰ, 2016 : ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ 'ਚ ਪਾਰਟੀ ਮੈਨਿਫੈਸਟੋ ਨੂੰ ਆਖਿਰੀ ਰੂਪ ਦੇਣ ਲਈ ਪੰਜਾਬ ਕਾਂਗਰਸ ਮੈਨਿਫੈਸਟੋ ਕਮੇਟੀ ਇਥੇ ਇਕ ਮੀਟਿੰਗ ਹੋਈ।
ਇਸ ਦੌਰਾਨ ਕਮੇਟੀ ਮੈਂਬਰਾਂ ਤੇ ਹੋਰਨਾਂ ਪਾਰਟੀ ਆਗੂਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ 'ਤੇ ਮੈਨਿਫੈਸਟੋ ਨੂੰ ਆਖਿਰੀ ਰੂਪ ਦੇ ਦਿੱਤਾ ਗਿਆ। ਜਿਸਨੂੰ ਹੁਣ ਆਖਿਰੀ ਮਨਜ਼ੂਰੀ ਵਾਸਤੇ ਨਵੀਂ ਦਿੱਲੀ ਸਥਿਤ ਪਾਰਟੀ ਹਾਈ ਕਮਾਂਡ ਕੋਲ ਭੇਜਿਆ ਜਾਵੇਗਾ। ਪਾਰਟੀ ਦਾ ਇਹ ਮੈਨਿਫੈਸਟੋ ਨਵੰਬਰ ਦੇ ਵਿੱਚਕਾਰ ਰਿਲੀਜ਼ ਕਰਨ ਦਾ ਉਦੇਸ਼ ਹੈ।
ਮੈਨਿਫੈਸਟੋ ਕਮੇਟੀ ਦੇ ਕਨਵੀਨਰ ਮਨਪ੍ਰੀਤ ਬਾਦਲ ਮੁਤਾਬਿਕ, ਮੈਂਬਰਾਂ ਵੱਲੋਂ ਕਾਂਗਰਸ ਭਵਨ ਵਿਖੇ ਡਰਾਫਟ ਮੈਨਿਫੈਸਟੋ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੇ ਆਪਣੀਆਂ ਸਲਾਹਾਂ ਦਿੱਤੀਆਂ। ਮਨਪ੍ਰੀਤ ਬਾਦਲ ਨੇ ਕਿਹਾ ਕਿ ਮਿੱਲੀਆਂ ਸਲਾਹਾਂ ਤੇ ਜਾਣਕਾਰੀ ਦੇ ਅਧਾਰ 'ਤੇ ਮੈਨਿਫੈਸਟੋ ਦੇ ਡਰਾਫਟ 'ਚ ਕੁਝ ਬਦਲਾਅ ਕੀਤੇ ਗਏ ਹਨ। ਇਹ ਮੈਨਿਫੈਸਟੋ ਹੁਣ ਤਿਆਰ ਹੈ ਅਤੇ ਇਸਨੂੰ ਕਾਂਗਰਸ ਅਗਵਾਈ ਸਾਹਮਣੇ ਪੇਸ਼ ਕੀਤਾ ਜਾਵੇਗਾ।
ਬਾਦਲ ਨੇ ਕਿਹਾ ਕਿ ਡਰਾਫਟ ਮੈਨਿਫੈਸਟੋ 'ਚ ਸਮਾਜ ਦੇ ਸਾਰੇ ਮੈਂਬਰਾਂ ਨੂੰ ਬਰਾਬਰੀ ਨਾਲ ਕਵਰ ਕੀਤਾ ਗਿਆ ਹੈ। ਸਾਰੇ ਦਸਤਾਵੇਜ ਸੂਬੇ ਦੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਲਝਾਉਣ ਹਿੱਤ ਤਿਆਰ ਕੀਤੇ ਗਏ ਹਨ ਅਤੇ ਪਾਰਟੀ ਇਸ 'ਚ ਦਰਜ਼ ਵਾਅਦਿਆਂ ਨੂੰ ਨਿਭਾਉਣ ਲਈ ਵਚਨਬੱਧ ਹੈ।
ਇਸ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ, ਏ.ਆਈ.ਸੀ.ਸੀ ਜਨਰਲ ਸਕੱਤਰ ਅੰਬਿਕਾ ਸੋਨੀ ਤੇ ਆਸ਼ਾ ਕੁਮਾਰੀ, ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ, ਮੈਨਿਫੈਸਟੋ ਕਮੇਟੀ ਦੀ ਚੇਅਰਪਰਸਨ ਰਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸੁਨੀਲ ਜਾਖੜ, ਵਿਧਾਇਕਾਂ 'ਚ ਬ੍ਰਹਮ ਮੋਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਸਮੇਤ ਸੀਨੀਅਰ ਪਾਰਟੀ ਆਗੂਆਂ 'ਚ ਗੁਰਪ੍ਰਤਾਪ ਸਿੰਘ ਮਾਨ ਤੇ ਇੰਦਰਜੀਤ ਸਿੰਘ ਜ਼ੀਰਾ ਸ਼ਾਮਿਲ ਰਹੇ।