ਚੰਡੀਗੜ੍ਹ, 5 ਨਵੰਬਰ, 2016 : ਮੋਦੀ ਸਰਕਾਰ ਦੀ ਐਨ.ਡੀ.ਟੀ.ਵੀ ਉਪਰ ਤਾਨਾਸ਼ਾਹੀ ਇਕ ਦਿਨ ਦੀ ਰੋਕ ਉਪਰ ਹਮਲਾ ਬੋਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੇ ਪ੍ਰਧਾਨ ਮੰਤਰੀ ਇਸ ਰੋਕ ਦੇ ਆਦੇਸ਼ ਨੂੰ ਵਾਪਿਸ ਨਹੀਂ ਲੈਂਦੇ ਹਨ, ਤਾਂ 9 ਨਵੰਬਰ ਨੂੰ ਟੀ.ਵੀ ਚੈਨਲ ਦੇ ਬੰਦ ਰਹਿਣ ਦੌਰਾਨ ਦਿਨ ਭਰ ਰੋਸ ਪ੍ਰਗਟਾਇਆ ਜਾਵੇਗਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਇਨ੍ਹਾਂ ਤਾਨਾਸ਼ਾਹੀ ਆਦੇਸ਼ਾਂ ਨੂੰ ਵਾਪਿਸ ਨਾ ਲਿਆ ਗਿਆ, ਤਾਂ ਉਨ੍ਹਾਂ ਦੀ ਪਾਰਟੀ ਭਾਰਤ ਦੇ ਲੋਕਤੰਤਰ 'ਚ ਇਸ ਕਾਲੇ ਦਿਨ ਖਿਲਾਫ ਚੰਡੀਗੜ੍ਹ ਵਿਖੇ ਰਾਜਪਾਲ ਪੰਜਾਬ ਦੇ ਨਿਵਾਸ ਮੁਹਰੇ ਧਰਨਾ ਲਗਾਏਗੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਹੀ ਸਮਝ ਆਏਗੀ ਅਤੇ ਉਹ ਪੁਖਤਾ ਕਰਨਗੇ ਕਿ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਦਿੱਤੇ ਗਏ ਇਹ ਨਿੰਦਣਯੋਗ ਆਦੇਸ਼ ਵਾਪਿਸ ਲੈ ਲਏ ਜਾਣ।
ਕੈਪਟਨ ਅਮਰਿੰਦਰ ਨੇ ਪੰਜਾਬ 'ਚ ਅਕਾਲੀ ਸ਼ਾਸਨ ਵੱਲੋਂ ਮੀਡੀਆ 'ਤੇ ਰੋਕ ਲਗਾਏ ਜਾਣ ਲਈ ਅਜਿਹੇ ਤਰੀਕੇ ਵਰਤੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਉਹ ਤੁਰੰਤ ਮੀਡੀਆ ਨੂੰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਦੇ ਕੰਟਰੋਲ 'ਚੋਂ ਬਾਹਰ ਕੱਢਣਗੇ ਅਤੇ ਸਾਰੀਆਂ ਮੀਡੀਆ ਸੰਸਥਾਵਾਂ ਨੂੰ ਪ੍ਰੋਫੈਸ਼ਨਲ ਵਾਤਾਵਾਰਨ 'ਚ ਤਰੱਕੀ ਕਰਨ ਲਈ ਬਰਾਬਰ ਦੇ ਮੌਕੇ ਦਿੱਤੇ ਜਾਣਗੇ।
ਕੈਪਟਨ ਅਮਰਿੰਦਰ ਨੇ ਦੇਸ਼ ਭਰ ਦੇ ਮੀਡੀਆ ਨੂੰ ਐਨ.ਡੀ.ਟੀ.ਵੀ ਦਾ ਸਮਰਥਨ ਪ੍ਰਗਟਾਉਣ ਤੇ ਕੇਂਦਰ ਸਰਕਾਰ ਦੇ ਦਮਨਕਾਰੀ ਆਦੇਸ਼ਾਂ ਖਿਲਾਫ ਸੜਕਾਂ 'ਤੇ ਉਤਰਨ ਲਈ ਕਿਹਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕੇਂਦਰ ਸਰਕਾਰ ਦੇ ਇਸ ਕਦਮ ਨੂੰ ਸੁਤੰਤਰ ਭਾਰਤ 'ਚ ਮੀਡੀਆ ਦੀ ਅਜ਼ਾਦ ਅਵਾਜ਼ ਨੂੰ ਦਬਾਉਂਦਿਆਂ ਇਸਦੇ ਲੋਕਤਾਂਤਰਿਕ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਲੋਕਤੰਤਰ ਦੇ ਸਰ੍ਹੇਆਮ ਕੀਤੇ ਜਾ ਰਹੇ ਕਤਲ ਤੇ ਬੋਲਣ ਦੀ ਅਜ਼ਾਦੀ ਉਪਰ ਮੋਦੀ ਸਰਕਾਰ ਦੇ ਹਮਲੇ ਨੂੰ ਚੁੱਪਚਾਪ ਨਹੀਂ ਦੇਖ ਸਕਦਾ।
ਇਸ ਦੌਰਾਨ ਰੋਕ ਉਪਰ ਭਾਜਪਾ ਦੇ ਪੱਖ ਕਿ ਦੇਸ਼ ਦੀ ਸੁਰੱਖਿਆ ਦੇ ਹਿੱਤ 'ਚ ਇਹ ਜ਼ਰੂਰੀ ਸੀ, 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਮੋਦੀ ਸਰਕਾਰ ਵੱਲੋਂ ਕੌਮੀ ਸੁਰੱਖਿਆ ਨੂੰ ਦਿੱਤੀ ਗਈ ਨਵੀਂ ਪਰਿਭਾਸ਼ਾ ਉਪਰ ਸਵਾਲ ਕੀਤੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਾਣਨਾ ਚਾਹਿਆ ਹੈ ਕਿ ਕੀ ਉਹ ਮੀਡੀਆ ਦੇ ਰਾਸ਼ਟਰਵਾਦ ਤੇ ਦੇਸ਼ ਭਗਤੀ ਉਪਰ ਸਵਾਲ ਖੜ੍ਹੇ ਕਰ ਰਹੇ ਹਨ? ਇਸ ਲੜੀ ਹੇਠ ਜਦੋਂ ਮੋਦੀ ਸਰਕਾਰ ਨੇ ਖੁਦ ਆਈ.ਐਸ.ਆਈ ਦੀ ਟੀਮ ਨੂੰ ਪਠਾਨਕੋਟ ਏਅਰ ਫੋਰਸ ਸਟੇਸ਼ਨ ਉਪਰ ਹਮਲੇ ਤੋਂ ਬਾਅਦ ਉਥੇ ਬੁਲਾਇਆ ਸੀ, ਤਾਂ ਇਕ ਭਾਰਤੀ ਟੀ.ਵੀ ਚੈਨਲ ਵੱਲੋਂ ਇਸਦੀ ਕਵਰੇਜ ਕਿਵੇਂ ਦੇਸ਼ ਵਿਰੋਧੀ ਹੋ ਸਕਦੀ ਹੈ?
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਰੇਕ ਵਿਅਕਤੀ, ਖਾਸ ਕਰਕੇ ਜਿਹੜਾ ਅਥਾਰਿਟੀ 'ਚ ਹੈ, ਉਹ ਲੋਕਤੰਤਰ 'ਚ ਜ਼ਿੰਮੇਵਾਰ ਹੈ ਅਤੇ ਮੀਡੀਆ ਕੋਲ ਸਵਾਲ ਕਰਨ ਦਾ ਅਧਿਕਾਰ ਹੈ ਅਤੇ ਪਠਾਨਕੋਟ ਹਮਲੇ ਮਾਮਲੇ 'ਚ ਐਨ.ਡੀ.ਟੀ.ਵੀ ਨੇ ਇਹੋ ਕੀਤਾ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੀਡੀਆ ਦੀ ਅਜ਼ਾਦੀ 'ਤੇ ਸੱਤਾਵਾਦੀ ਹਮਲਾ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤੇ ਸੰਵਿਧਾਨ 'ਚ ਲੋਕਾਂ ਦੇ ਅਧਿਕਾਰਾਂ ਪ੍ਰਤੀ ਇਸਦੀ ਬੇਕਦਰੀ ਨੂੰ ਦਰਸਾਉਂਦਾ ਹੈ। ਜਿਨ੍ਹਾਂ ਨੇ ਐਨ.ਡੀ.ਏ ਸਰਕਾਰ ਦੇ ਦੇਸ਼ ਤੇ ਲੋਕਤਾਂਤਰਿਕ ਢਾਂਚੇ ਤਬਾਹ ਕਰਨ ਲਈ ਸਾਜਿਸ਼ ਰੱਚਣ ਦਾ ਦੋਸ਼ ਲਗਾਇਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਐਨ.ਡੀ.ਟੀ.ਵੀ 'ਤੇ ਬੈਨ ਦੇ ਆਦੇਸ਼ਾਂ ਨੂੰ ਦੇਸ਼ ਦੇ ਲੋਕਤਾਂਤਰਿਕ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਦੇਸ਼ 'ਚ ਬੋਲਣ ਤੇ ਆਪਣੇ ਵਿਚਾਰ ਰੱਖਣ ਦੀ ਅਜ਼ਾਦੀ ਵਿਰੁੱਧ ਵਾਤਾਵਰਨ ਨੂੰ ਵਾਧਾ ਦੇ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਤੇ ਪੰਜਾਬ 'ਚ ਸ੍ਰੋਮਣੀ ਅਕਾਲੀ ਦਲ ਸਮੇਤ ਉਸਦੇ ਹੋਰ ਗਠਜੋੜ ਸਾਂਝੇਦਾਰਾਂ ਨੇ ਕੌਮੀ ਤੇ ਸੂਬਾਈ ਪੱਧਰ 'ਤੇ ਮੀਡੀਆ ਨੂੰ ਕੰਟਰੋਲ ਕਰਨ ਦੀ ਮੁਹਿੰਮ ਛੇੜ ਰੱਖੀ ਹੈ। ਇਸ ਲੜੀ ਹੇਠ ਸੱਤਾਧਾਰੀ ਗਠਜੋੜ ਦੀ ਮੀਡੀਆ ਵਿਰੋਧੀ ਸੋਚ ਦਾ ਸਬੂਤ ਬਾਦਲ ਸ਼ਾਸਨ 'ਚ ਕੇਬਲ ਮਾਫੀਆ ਦੀ ਉਦਾਹਰਨ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸਲਿਅਤ 'ਚ ਮੋਦੀ ਸਰਕਾਰ ਦੀਆਂ ਅਰਾਜਕ ਤੇ ਨਿਰੰਕੁਸ਼ ਨੀਤੀਆਂ ਨਾ ਸਿਰਫ ਮੀਡੀਆ ਦੇ ਸਬੰਧ 'ਚ ਹਨ, ਬਲਕਿ ਇਸਦੀ ਕਾਰਜਪ੍ਰਣਾਲੀ 'ਚ ਵੀ ਸਾਫ ਨਜ਼ਰ ਆਉਂਦੀਆਂ ਹਨ। ਉਨ੍ਹਾਂ ਨੇ ਸਾਬਕਾ ਫੌਜ਼ੀ ਵੱਲੋਂ ਖੁਦਕੁਸ਼ੀ ਮਾਮਲੇ 'ਚ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਹਿਰਾਸਤ 'ਚ ਲਏ ਜਾਣ ਨੂੰ ਮੋਦੀ ਸਰਕਾਰ ਦੀ ਦੇਸ਼ 'ਚ ਲੋਕਤਾਂਤਰਿਕ ਤੇ ਬਰਾਬਰੀ ਦੇ ਸਿਸਟਮ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਕਰਾਰ ਦਿੱਤਾ ਹੈ।