ਲੰਬੀ, 22 ਅਕਤੂਬਰ, 2013 : ਸਮੂਹ ਪੰਜਾਬ ਦੇ ਸੁਵਿਧਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੰਬੀ ਪਿੰਡ ਵਿਖੇ ਰੋਸ਼ ਰੈਲੀ ਕੀਤੀ ਗਈ। ਲੰਬੀ ਹਲਕੇ ਦੇ ਪਿੰਡ ਰਾਏਕੇ-ਕਲਾ ਵਿੱਚ ਅੱਜ 46ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਜਿਹੜੇ ਸੁਵਿਧਾ ਮੁਲਾਜ਼ਮ ਸਰਕਾਰ ਵਲੋਂ ਰਿਹਾਅ ਕੀਤੇ ਗਏ ਸਨ ਉਹ ਸੁਵਿਧਾ ਮੁਲਾਜ਼ਮ ਇਸ ਧਰਣੇ ਵਿੱਚ ਮੁੜ ਸ਼ਾਮਿਲ ਹੋ ਗਏ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਲ੍ਹਾਂ ਵਿੱਚ ਬੰਦ ਕਰਨ ਨਾਲ ਉਨ੍ਹਾਂ ਦਾ ਸੰਘਰਸ਼ ਘੱਟ ਨਹੀਂ ਹੋਵੇਗਾ ਸਗੋਂ ਹੋਰ ਉਤਸ਼ਾਹ ਨਾਲ ਇਸ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਸੁਵਿਧਾ ਕਾਮਿਆਂ ਵਲੋਂ ਪਿੰਡ ਲੰਬੀ ਜਿਥੇ ਬੀਤੇ ਦਿਨੀਂ ਪੁਲਿਸ ਪ੍ਰਸ਼ਾਸ਼ਣ ਵਲੋਂ ਸੁਵਿਧਾ ਮੁਲਾਜ਼ਮਾਂ ਤੇ ਲਾਠੀਚਾਰਜ ਕਰਕੇ 307 ਅਧੀਨ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਡਕਿਆ ਗਿਆ ਸੀ ਉਸੇ ਜਗ੍ਹਾ ਤੇ ਹੀ ਰੋਸ ਵਜੋਂ ਅੱਜ ਦੁਬਾਰਾ ਲੰਬੀ ਹਲਕੇ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਸਰਕਾਰ ਨੂੰ ਇਹ ਸਪੱਸ਼ਟ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਮੁਹਿੰਮ ਨੂੰ ਕਿਸੇ ਵੀ ਤਸ਼ੱਦਦ ਨਾਲ ਰੋਕਿਆ ਨਹੀਂ ਜਾ ਸਕਦਾ।
ਕਾਰਜਕਾਰੀ ਵਾਈਸ ਪ੍ਰਧਾਨ ਰੈਨੂੰ ਜਿੰਦਲ ਨੇ ਕਿਹਾ ਕਿ ਕੱਲ ਮਿਤੀ 23/10/2016 ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਥੇਬਦੀ ਵਲੋਂ ਵੱਡੇ ਪੱਧਰ ਤੇ ਲੰਬੀ ਹਲਕੇ ਵਿਖੇ ਕੱਚੇ ਮੁਲਾਜ਼ਮਾਂ ਦੇ ਹੱਕਾਂ ਲਈ ਇੱਕ ਰੋਸ ਰੈਲੀ ਕੱਢੀ ਜਾ ਰਹੀ ਹੈ। ਸੁਵਿਧਾ ਯੂਨੀਅਨ ਵੀ ਇਸ ਜਥੇਬੰਦੀ ਨਾਲ ਮੋਹਰੀ ਹੋਕੇ ਆਪਣੇ ਹੱਕਾਂ ਲਈ ਇਸ ਰੈਲੀ ਵਿੱਚ ਹਿੱਸਾ ਲਵੇਗੀ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਮੁਲਾਜ਼ਮ ਮਾਰੂ ਨੀਤਿਆਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਰੈਲੀ ਵਿੱਚ ਸੁਵਿਧਾ ਮੁਲਾਜ਼ਮਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹੋਣਗੇ। ਕਾਰਜਕਾਰੀ ਵਾਈਸ ਪ੍ਰਧਾਨ ਰੈਨੂੰ ਜਿੰਦਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਵਲੋਂ ਸੁਵਿਧਾ ਮੁਲਾਜ਼ਮਾਂ ਤੇ ਕੀਤੇ ਝੂਠੇ ਪਰਚੇ ਜਲਦ ਰੱਦ ਨਹੀਂ ਕੀਤੇ ਜਾਂਦੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੱਭੀਰ ਸਿੱਟੇ ਨਿਕਲ ਸਕਦੇ ਹਨ। ਸੁਵਿਧਾ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਇਸ ਪ੍ਰਤੀ ਬਹੁਤ ਰੋਸ ਵੱਧ ਰਿਹਾ ਹੈ। ਜੇਕਰ ਇਸ ਸੰਬੰਧੀ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਵਿੱਚ ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਹੋਵੇਗੀ।