ਚੰਡੀਗੜ, 21 ਅਕਤੂਬਰ, 2016 : ਸੁਖਬੀਰ ਬਾਦਲ ਦੇ ਚੰਡੀਗੜ ਨੂੰ ਵਾਪਿਸ ਲੈ ਕੇ ਸਿਰਫ ਪੰਜਾਬ ਦੀ ਰਾਜਧਾਨੀ ਬਣਾਉਣ ਅਤੇ ਅਕਾਲੀ ਦਲ ਦੀ ਇਸ ਪ੍ਰਤੀ ਵਚਨਬੱਧਤਾ ਦੇ ਬਿਆਨ ਉਤੇ ਟਿਪਣੀ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲਾ, ਖੋਖਲਾ ਅਤੇ ਗੁਮਰਾਹ ਕਰਨ ਵਾਲਾ ਬਿਆਨ ਦੱਸਿਆ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੁਖਬੀਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਅਕਾਲੀ ਦਲ ਨੇ ਹੁਣ ਤੱਕ ਚੰਡੀਗੜ ਨੂੰ ਵਾਪਿਸ ਲੈਣ ਲਈ ਪਿਛਲੇ 10 ਸਾਲਾਂ ਵਿਚ ਕਿਹੜੇ ਕਦਮ ਉਠਾਏ ਹਨ। ਸੁਖਬੀਰ ਉੇਤੇ ਸਵਾਲਾਂ ਦੀ ਬੌਛਾਰ ਕਰਦਿਆਂ ਵੜੈਚ ਨੇ ਪੁੱਛਿਆ ਕਿ ਕੀ ਅਕਾਲੀ ਦਲ ਨੇ ਕਦੇ ਇਹ ਮੁੱਦਾ ਸਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜਾਂ ਡਾ. ਮਨਮੋਹਨ ਸਿੰਘ ਸਾਹਮਣੇ ਚੁੱਕਿਆ? ਕੀ ਉਨਾਂ ਦੀ ਪਾਰਟੀ ਨੇ ਕਦੇ ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਈ ਗੱਲ ਕੀਤੀ? ਕੀ ਅਕਾਲੀ ਦਲ ਦੇ ਕਿਸੇ ਐਮ.ਪੀ ਨੇ ਇਹ ਮੁੱਦਾ ਕਦੇ ਲੋਕ ਸਭਾ ਵਿਚ ਚੁੱਕਿਆ?
ਵੜੈਚ ਨੇ ਕਿਹਾ, ‘‘ਸੁਖਬੀਰ ਧੋਖੇਬਾਜ ਅਤੇ ਝੂਠੇ ਸਾਬਤ ਹੋਇਆ ਹੈ ਅਤੇ ਪੰਜਾਬ ਹੁਣ ਉਸਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਇਥੋਂ ਤੱਕ ਕਿ ਉਸਦੀਆਂ ਬਚਕਾਨਾ ਗੱਲਾਂ ਕਰਕੇ ਲੋਕ ਉਸਨੂੰ ‘ਗੱਪੀ ਸੁਖਬੀਰ’ ਦੇ ਨਾਮ ਨਾਲ ਜਾਣਨ ਲੱਗ ਪਏ ਹਨ।’’ ਜਿਕ੍ਰਯੋਗ ਹੈ ਕਿ ਕੱਲ ਲੁਧਿਆਣਾ ਵਿਚ ਸੁਖਬੀਰ ਨੇ ਆਪਣੀ ਆਦਤ ਅਨੁਸਾਰ ਹਵਾਈ ਗੱਲ ਕਰਦਿਆਂ ਕਿਹਾ ਸੀ ਕਿ ਅਕਾਲੀ ਦਲ ਚੰਡੀਗੜ ਨੂੰ ਵਾਪਸ ਲੈ ਕੇ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਦਿ੍ਰੜ ਹੈ। ਸੁਖਬੀਰ ਨੇ ਕਿਹਾ ਸੀ ਕਿ ਚੰਡੀਗੜ ਨੂੰ ਵਾਪਿਸ ਲੈਣ ਦਾ ਸੰਘਰਸ਼ ਅਜੇ ਜਾਰੀ ਹੈ ਅਤੇ ਅਸੀ ਇਸਨੂੰ ਵਾਪਿਸ ਲਵਾਂਗੇ।
ਇਸਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਐਸਵਾਈਐਲ ਨਹਿਰ ਦਾ ਮੁੱਦਾ ਵੀ ਐਨਡੀਏ ਸਰਕਾਰ ਕੋਲ ਚੁੱਕਣ ਵਿਚ ਨਾ ਕਾਮਯਾਬ ਰਿਹਾ ਹੈ ਜਦੋਂ ਕਿ ਅਕਾਲੀ ਦਲ ਖੁਦ ਕੇਂਦਰ ਸਰਕਾਰ ਵਿਚ ਭਾਈਵਾਲ ਦੀ ਭੂਮਿਕਾ ਨਿਭਾ ਰਿਹਾ ਹੈ। ਵੜੈਚ ਨੇ ਕਿਹਾ ਕਿ ਅਕਾਲੀ ਦਲ ਤਾਂ ਆਪਣੇ ਸਹਿਯੋਗੀ ਦਲ ਬੀਜੇਪੀ ਨੂੰ ਵੀ ਐਸਵਾਈਐਲ ਮੁੱਦੇ ‘ਤੇ ਸੁਪਰੀਮ ਕੋਰਟ ਵਿਚ ਪੰਜਾਬ ਦੇ ਖਿਲਾਫ ਸਟੈਂਡ ਲੈਣ ਤੋਂ ਰੋਕ ਨਹੀਂ ਸਕਿਆ ਸੀ।